
ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਚਲਦਿਆਂ ਉਹਨਾਂ ਨੂੰ ਦੇਰ ਰਾਤ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਦੇ ਚਲਦਿਆਂ ਉਹਨਾਂ ਨੂੰ ਦੇਰ ਰਾਤ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਸੰਜੇ ਦੱਤ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਸੀ, ਹਾਲਾਂਕਿ ਉਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਫਿਲਹਾਲ ਸੰਜੇ ਦੱਤ ਨੂੰ ਹਸਪਤਾਲ ਵਿਚ ਹੀ ਰੱਖਿਆ ਗਿਆ ਹੈ, ਜਲਦੀ ਹੀ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
Sanjay Dutt
ਮੁੰਬਈ ਦੇ ਲੀਲਾਵਤੀ ਹਸਪਤਾਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ, ‘ਅਦਾਕਾਰ ਸੰਜੇ ਦੱਤ ਸਾਹ ਲੈਣ ਵਿਚ ਮੁਸ਼ਕਿਲ ਹੋਣ ਦੇ ਚਲਦਿਆਂ ਹਸਪਤਾਲ ਵਿਚ ਭਰਤੀ ਹੋਏ। ਉਹਨਾਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਹੈ ਪਰ ਡਾਕਟਰੀ ਨਿਗਰਾਨੀ ਲਈ ਉਹਨਾਂ ਨੂੰ ਕੁਝ ਸਮਾਂ ਇੱਥੇ ਹੀ ਰੱਖਿਆ ਜਾਵੇਗਾ। ਉਹ ਬਿਲਕੁਲ ਠੀਕ ਹਨ’।
Tweet
ਇਸ ਤੋਂ ਇਲਾਵਾ ਸੰਜੇ ਦੱਤ ਨੇ ਖੁਦ ਟਵੀਟ ਕਰਕੇ ਵੀ ਅਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਹ ਬਿਲਕੁਲ ਠੀਕ ਹਨ। ਉਹਨਾਂ ਨੇ ਟਵੀਟ ਕੀਤਾ, ‘ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਠੀਕ ਹਾਂ। ਮੈਂ ਡਾਕਟਰੀ ਨਿਗਰਾਨੀ 'ਚ ਹਾਂ। ਕੋਵਿਡ-19 ਰਿਪੋਰਟ ਪਾਜ਼ੇਟਿਵ ਨਹੀਂ ਆਈ ਹੈ। ਲੀਲਾਵਤੀ ਹਸਪਤਾਲ 'ਚ ਸ਼ਾਨਦਾਰ ਡਾਕਟਰਾਂ, ਨਰਸਾਂ, ਕਰਮਚਾਰੀਆਂ ਦੀ ਮਦਦ ਤੇ ਦੇਖਭਾਲ 'ਚ ਹਾਂ। (ਠੀਕ ਹੋ ਕੇ) ਇਕ ਜਾਂ ਦੋ ਦਿਨ ਤੱਕ ਘਰ ਵਾਪਸ ਚੱਲ ਜਾਵਾਂਗਾ। ਤੁਹਾਡੀਆਂ ਦੁਆਵਾਂ ਲਈ ਧੰਨਵਾਦ। ਕ੍ਰਿਪਾ ਕਰਕੇ ਤੁਸੀਂ ਸਾਰੇ ਸੁਰੱਖਿਅਤ ਰਹੋ’।
Tweet
ਦੱਸ ਦਈਏ ਕਿ ਸੰਜੇ ਦੱਤ ਇਹਨੀਂ ਦਿਨੀਂ ਮੁੰਬਈ ਵਿਚ ਇਕੱਲੇ ਰਹਿੰਦੇ ਹਨ, ਜਦਕਿ ਉਹਨਾਂ ਦੀ ਪਤਨੀ ਬੱਚਿਆਂ ਦੇ ਨਾਲ ਦੁਬਈ ਵਿਚ ਹੈ। ਉਹ ਕੋਰੋਨਾ ਵਾਇਰਸ ਲੌਕਡਾਊਨ ਕਾਰਨ ਭਾਰਤ ਨਹੀਂ ਆ ਸਕੇ।