
ਇਨਕਮ ਟੈਕਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ : ਸੂਤਰ
ਚੰਡੀਗੜ੍ਹ: ਪੰਜਾਬੀ ਸਿੰਗਰ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਬੀਤੇ ਦਿਨੀਂ ਕਿਸਾਨੀ ਸੰਘਰਸ਼ ਲਈ ਇਕ ਕਰੋੜ ਰੁਪਏ ਦਾਨ ਕੀਤੇ ਸੀ। ਇਸ ਦੇ ਚਲਦਿਆਂ ਖ਼ਬਰ ਸਾਹਮਣੇ ਆਈ ਹੈ ਕਿ ਦਿਲਜੀਤ ਨੂੰ ਇਕ ਕਰੋੜ ਰੁਪਏ ਦਾਨ ਕਰਨੇ ਮਹਿੰਗੇ ਪੈ ਸਕਦੇ ਹਨ। ਦਰਅਸਲ ਲੀਗਲ ਰਾਈਟਸ ਅਬਜ਼ਰਵੇਟਰੀ ਨਾਂਅ ਦੀ ਜਥੇਬੰਦੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
Diljit Dosanjh
ਸੂਤਰਾਂ ਅਨੁਸਾਰ ਕੰਪਨੀ ਦਾ ਦੋਸ਼ ਹੈ ਕਿ ਦਿਲਜੀਤ ਵੱਲ਼ੋਂ ਦਾਨ ਕੀਤਾ ਗਿਆ ਪੈਸਾ ਕੈਨੇਡਾ, ਇੰਗਲੈਂਡ ਤੇ ਹੋਰ ਮੁਲਕਾਂ ਦੇ ਲੋਕਾਂ ਨੇ ਦਿੱਤਾ ਹੈ। ਦਿਲਜੀਤ ‘ਤੇ ਵਿਦੇਸ਼ਾਂ ਤੋਂ ਚੰਦਾ ਇਕੱਠਾ ਕਰਕੇ ਕਿਸਾਨੀ ਅੰਦੋਲਨ ਵਿਚ ਭੇਜਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੌਰਾਨ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Diljit Dosanjh
ਦੱਸ ਦਈਏ ਕਿ ਲੀਗਰ ਰਾਈਟਸ ਅਬਜ਼ਰਵੇਟਰੀ ਵੱਲੋਂ 27 ਦਸੰਬਰ ਨੂੰ ਇਕ ਸ਼ਿਕਾਇਤ ਕੀਤੀ ਗਈ ਸੀ। ਇਸ ਜ਼ਰੀਏ ਇਹ ਦੋਸ਼ ਲਾਇਆ ਗਿਆ ਸੀ ਕਿ ਸਪੀਡ ਰਿਕਾਰਡਜ਼ ਨਾਂ ਦੀ ਇਕ ਕੰਪਨੀ ਵੱਲੋਂ ਵੱਖ-ਵੱਖ ਨਾਵਾਂ ਦੇ ਤਹਿਤ ਕਈ ਕੰਪਨੀਆਂ ਚਲਾਈਆਂ ਜਾ ਰਹੀਆਂ ਹਨ ਤੇ ਇਹ ਕੰਪਨੀਆਂ ਕਿਸਾਨੀ ਅੰਦੋਲਨ ਦੇ ਨਾਂਅ ‘ਤੇ ਵਿਦੇਸ਼ਾਂ ਤੋਂ ਪੈਸੇ ਮੰਗਵਾ ਰਹੀਆਂ ਹਨ। ਇਸ ਸੂਚੀ ਵਿਚ ਦਿਲਜੀਤ ਦੋਸਾਂਝ ਦਾ ਨਾਂਅ ਵੀ ਸ਼ਾਮਲ ਹੈ।
Farmer Protest
ਦੱਸ ਦਈਏ ਕਿ ਲਗਾਤਾਰ ਕਿਸਾਨੀ ਸੰਘਰਸ਼ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਇਸ ਦੌਰਾਨ ਦਿਲਜੀਤ ਦੋਸਾਂਝ ਵਿਰੁੱਧ ਕਾਰਵਾਈ ਕਰਨਾ ਇਕ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ। ਦਿਲਜੀਤ ਦੋਸਾਂਝ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਦਾ ਸਮਰਥਨ ਕਰ ਰਹੇ ਹਨ। ਇਸ ਦੌਰਾਨ ਉਹ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹਨ।