
ਬੱਬਲ ਰਾਏ ਅਤੇ ਜਸਵਿੰਦਰ ਭੱਲਾ ਆਪਣੀ ਆਉਣ ਵਾਲੀ ਵੈੱਬ-ਸੀਰੀਜ਼ "ਕੀ ਬਣੂ ਪੂਨੀਆ ਦਾ" ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਅਤੇ ਜਸਵਿੰਦਰ ਭੱਲਾ ਆਪਣੀ ਆਉਣ ਵਾਲੀ ਵੈੱਬ-ਸੀਰੀਜ਼ "ਕੀ ਬਣੂ ਪੂਨੀਆ ਦਾ" ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸਮੀਪ ਕੰਗ ਦੁਆਰਾ ਨਿਰਦੇਸ਼ਤ ਇਹ ਵੈੱਬ ਸੀਰੀਜ਼ ਸਿਰਫ਼ ਯੂਟਿਊਬ 'ਤੇ ਸਟ੍ਰੀਮ ਕੀਤੀ ਜਾਵੇਗੀ। ਇਹ ਹਿੱਟ ਡਿਜੀਟਲ ਜੋੜੀ ਨਵਨੀਤ ਸ਼ਰਮਾ ਅਤੇ ਜਸਕਰਨ (ਕੈਨੇਡਾ ਜਾਣਾ ਹੀ ਜਾਣਾ ਮਸ਼ਹੂਰ) ਦੁਆਰਾ ਇਕ ਵਿਸ਼ੇਸ਼ ਯਤਨ ਹੈ।
“ਕੀ ਬਣੂ ਪੂਨੀਆ ਦਾ” ਇਕ ਕਾਮੇਡੀ ਅਧਾਰਤ ਵੈੱਬ-ਸੀਰੀਜ਼ ਹੈ ਜਿਸ ਵਿਚ ਜਸਵਿੰਦਰ ਭੱਲਾ ਅਤੇ ਬੱਬਲ ਰਾਏ ਮੁੱਖ ਭੂਮਿਕਾਵਾਂ ਵਿਚ ਹਨ। ਵੈੱਬ ਸੀਰੀਜ਼ 'ਚ ਜਸਵਿੰਦਰ ਭੱਲਾ ਬਲਵੰਤ ਸਿੰਘ ਪੂਨੀਆ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਬੱਬਲ ਰਾਏ ਉਰਫ ਰਾਜਵੀਰ ਪੂਨੀਆ ਬਲਵੰਤ ਸਿੰਘ ਦੇ ਬੇਟੇ ਦੇ ਰੂਪ 'ਚ ਨਜ਼ਰ ਆਉਣਗੇ। ਮੁੱਖ ਭੂਮਿਕਾ ਸਾਇਰਾ ਵਲੋਂ ਨਿਭਾਈ ਜਾ ਰਹੀ ਹੈ। ਕ੍ਰੇਜ਼ੀ ਕਾਮੇਡੀ ਸੀਰੀਜ਼ ਦਾ ਨਿਰਦੇਸ਼ਨ ਨਿਰਦੇਸ਼ਕ ਸਮੀਪ ਕੰਗ ਕਰਨਗੇ।
ਸਮੀਪ ਕੰਗ ਦਾ ਕਹਿਣਾ ਹੈ ਕਿ ਕੋਵਿਡ ਨੇ ਸਾਡੇ ਸਾਰਿਆਂ ਲਈ ਮਨੋਰੰਜਨ ਦਾ ਤਰੀਕਾ ਬਦਲ ਦਿੱਤਾ ਹੈ, ਅੱਜ ਦੇ ਨੌਜਵਾਨ ਸਿਰਫ OTT 'ਤੇ ਫਿਲਮਾਂ ਦੇਖਣ ਨੂੰ ਤਰਜੀਹ ਦੇ ਰਹੇ ਹਨ। ਇਸ ਡਿਜੀਟਲ ਯੁੱਗ ਦੇ ਚਲਦਿਆਂ ਅਸੀਂ ‘ਕੀ ਬਣੂ ਪੂਨੀਆ ਦਾ’ ਨੂੰ ਸਿਰਫ਼ ਅਤੇ ਸਿਰਫ਼ ਯੂ-ਟਿਊਬ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।