
ਪੰਜਾਬ ਦੇ ਕਿਸਾਨਾਂ ਵੱਲੋਂ ਬਦਲਵਾਂ ਫ਼ਸਲੀ ਚੱਕਰ ਉਪਲਬਧ ਨਾ ਹੋਣ ਕਰਕੇ ਲਗਪਗ 30 ਵਰ੍ਹਿਆਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਅਪਣਾਇਆ ਗਿਆ
ਪੰਜਾਬ ਦੇ ਕਿਸਾਨਾਂ ਵੱਲੋਂ ਬਦਲਵਾਂ ਫ਼ਸਲੀ ਚੱਕਰ ਉਪਲਬਧ ਨਾ ਹੋਣ ਕਰਕੇ ਲਗਪਗ 30 ਵਰ੍ਹਿਆਂ ਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਅਪਣਾਇਆ ਗਿਆ। ਝੋਨੇ ਲਈ ਪਾਣੀ ਦੀ ਬੇਤਹਾਸ਼ਾ ਜ਼ਰੂਰਤ ਕਾਰਨ ਜ਼ਮੀਨਦੋਜ਼ ਪਾਣੀ ਬੋਰਾਂ ਰਾਹੀ ਵਧੇਰੇ ਕੱਢਿਆ ਗਿਆ। ਕਰੀਬ ਇਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਲੋੜੀਂਦੀ ਮਾਤਰਾ 'ਚ ਬਾਰਿਸ਼ਾਂ ਨਾ ਹੋਣ ਕਾਰਨ ਧਰਤੀ ਹੇਠਲਾਂ ਪਾਣੀ ਹੋਰ ਹੇਠਾਂ ਚਲਾ ਗਿਆ। ਸਮੇਂ ਦੀ ਲੋੜ ਹੈ ਕਿ ਕਣਕ-ਝੋਨੇ ਦੇ ਫ਼ਸਲੀ ਚੱਕਰ 'ਚੋਂ ਝੋਨੇ ਹੇਠ ਰਕਬਾ ਘਟਾਇਆ ਜਾਵੇ ਤੇ ਘੱਟ ਪਾਣੀ ਦੀ ਵਰਤੋਂ ਵਾਲੀਆਂ ਸਾਉਣੀ ਦੀਆਂ ਫ਼ਸਲਾਂ ਬੀਜੀਆਂ ਜਾਣ।
Sugarcane
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀਬਾੜੀ ਵਿਭਾਗ ਤੇ ਹੋਰ ਅਦਾਰਿਆਂ ਦੀ ਪ੍ਰੇਰਨਾ ਨਾਲ ਕਿਸਾਨਾਂ ਨੇ ਮੱਕੀ ਤੇ ਗੰਨੇ ਦੀ ਫ਼ਸਲ ਹੇਠ ਰਕਬੇ ਨੂੰ ਵਧਾਇਆ ਹੈ, ਸਿੱਟੇ ਵਜੋਂ ਆਮਦਨ ਤੇ ਪਾਣੀ ਦੀ ਬੱਚਤ ਪੱਖੋਂ ਚੰਗੇ ਨਤੀਜੇ ਮਿਲੇ ਹਨ। ਮੱਕੀ ਤੇ ਗੰਨਾ ਸਿਆੜਾਂ 'ਚ ਬੀਜ ਕੇ ਕਿਸਾਨਾਂ ਨੇ ਪਾਣੀ ਦੀ ਵਰਤੋ ਨੂੰ ਘੱਟ ਕਰਨ 'ਚ ਅਹਿਮ ਯੋਗਦਾਨ ਪਾਇਆ। ਜੇ ਗੰਨੇ ਦੀ ਬਿਜਾਈ ਸਿਆੜਾਂ ਦੇ ਰਿਵਾਇਤੀ ਢੰਗ ਨੂੰ ਦੀ ਥਾਂ ਖਾਲ਼ੀ ਜਾਂ ਟਰੈਂਚ ਵਿਧੀ ਨਾਲ ਕੀਤੀ ਜਾਵੇ ਤਾਂ ਪਾਣੀ ਦੀ ਖਪਤ ਸਿਰਫ਼ ਤੀਸਰਾ ਹਿੱਸਾ ਹੁੰਦੀ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਇਕ ਮੋਟਰ ਜੇ ਪਹਿਲਾਂ 5 ਏਕੜ ਗੰਨਾ ਪਾਲਦੀ ਸੀ ਤਾਂ ਉਹੀ ਮੋਟਰ ਟਰੈਂਚ ਵਿਧੀ ਵਿਚ ਲਗਾਇਆ 15 ਏਕੜ ਕਮਾਦ ਪਾਲਣ ਲਈ ਕਾਫ਼ੀ ਹੈ।
Sugarcane
ਟਰੈਂਚ ਦੇ ਫ਼ਾਇਦੇ- ਟਰੈਂਚ ਜਾਂ ਖਾਲ਼ੀ ਵਿਧੀ ਨਾਲ ਰਵਾਇਤੀ ਢੰਗ ਦੇ ਮੁਕਾਬਲੇ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ। ਕਮਾਦ ਡੂੰਘਾ ਲੱਗਾ ਹੋਣ ਕਰਕੇ ਘੱਟ ਡਿੱਗਦਾ ਹੈ। ਡੂੰਘੀਆਂ ਖਾਲ਼ੀਆਂ ਪੁੱਟਣ ਕਰਕੇ ਧਰਤੀ ਦਾ ਕੜ੍ਹ ਟੁੱਟ ਜਾਂਦਾ ਹੈ ਤੇ ਜ਼ਮੀਨ ਦੀ ਹੇਠਲੀ ਸਤਹ ਨੂੰ ਹਵਾ ਤੇ ਧੁੱਪ ਮਿਲਣ ਕਰਕੇ ਉਪਜਾਊ ਸ਼ਕਤੀ ਵਧਦੀ ਹੈ। ਧਰਤੀ ਦੀ ਉੱਪਰਲੀ ਸਤਹ ਨੂੰ ਵਹਲੇ ਰਹਿਣ ਕਰਕੇ ਸਾਹ ਮਿਲ ਜਾਂਦਾ ਹੈ। ਗੰਨੇ ਦੀਆਂ ਲਾਈਨਾ ਵਿਚ ਵਿੱਥ ਵੱਧ ਹੋਣ ਕਰਕੇ ਗੰਨੇ ਦੇ ਮੁੱਢਾਂ ਤਕ ਧੁੱਪ ਤੇ ਹਵਾ ਮਿਲਦੀ ਰਹਿੰਦੀ ਹੈ, ਜਿਸ ਕਰਕੇ ਗੰਨੇ ਮੋਟੇ, ਲੰਬੇ ਤੇ ਤੰਦਰੁਸਤ ਬਣਦੇ ਹਨ, ਲਿਹਾਜਜ਼ਾ ਝਾੜ ਦੋ ਗੁਣਾ ਤਕ ਵੱਧ ਸਕਦਾ ਹੈ।
Sugarcane
ਟਰੈਂਚ ਵਿਧੀ- ਇਸ ਵਿਧੀ ਲਈ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਦੋ ਫਾਲਿਆਂ ਵਾਲੇ ਟਰੈਂਚ ਡਿਗਰ ਨਾਲ ਇਕ ਫੁੱਟ ਡੂੰਘੀ ਤੇ ਇਕ ਤੋਂ ਸਵਾ ਫੁੱਟ ਚੌੜੀ ਖਾਲ਼ੀ ਤਿਆਰ ਕੀਤੀ ਜਾਂਦੀ ਹੈ। ਇਕ ਖਾਲ਼ੀ ਦੇ ਸੈਂਟਰ ਤੋ ਦੂਜੀ ਖਾਲ਼ੀ ਦੇ ਸੈਂਟਰ ਦੀ ਵਿੱਥ ਚਾਰ ਤੋਂ ਸਾਢੇ ਚਾਰ ਫੁੱਟ ਰੱਖੀ ਜਾਂਦੀ ਹੈ। ਟ੍ਰੈਕਟਰ ਦੇ ਟਾਇਰਾਂ ਦੀ ਚੌੜਾਈ ਨੂੰ ਮੁੱਖ ਰੱਖਦੇ ਹੋਏ ਇਹ ਵਿੱਥ ਦੋ-ਤਿੰਨ ਇੰਚ ਵਧਾਈ-ਘਟਾਈ ਜਾ ਸਕਦੀ ਹੈ। ਇਕ ਸਟੈਂਡਰਡ ਏਕੜ 'ਚ ਇਸ ਤਰੀਕੇ ਨਾਲ 50-54 ਖਾਲ਼ੀਆਂ ਬਣਦੀਆਂ ਹਨ, ਭਾਵ ਲੰਬਾਈ ਵਾਲੇ ਪਾਸੇ ਨੂੰ 54 ਤੇ ਚੌੜਾਈ ਵਾਲੇ ਪਾਸੇ ਨੂੰ 50 ਖਾਲ਼ੀਆਂ ਬਣਨਗੀਆਂ। ਜੇ ਟ੍ਰੈਕਟਰ ਡੂੰਘੀ ਖਿਚਾਈ ਇਕ ਵਾਰ ਨਾ ਕਰ ਸਕੇ ਤਾ ਦੋਹਰਾ ਹਲ਼ ਫੇਰ ਕੇ ਖਾਲ਼ੀਆਂ ਡੂੰਘੀਆਂ ਕੀਤੀਆਂ ਜਾ ਸਕਦੀਆਂ ਹਨ।
Sugarcane
ਬੀਜ ਦੀ ਮਾਤਰਾ- ਪ੍ਰਤੀ ਏਕੜ 25-30 ਕੁਇੰਟਲ ਬੀਜ ਦੇ ਦੋ-ਦੋ ਅੱਖਾਂ ਵਾਲੇ ਬਰੋਟੇ ਬਣਾਂ ਕੇ ਖਾਲ਼ੀ ਵਿਚ ਦੋ ਕਤਾਰੀ ਵਿਧੀ ਰਾਹੀਂ ਬੀਜੋ। ਦੋ ਕਤਾਰੀ ਵਿਧੀ 'ਚ ਕਤਾਰ ਤੋਂ ਕਤਾਰ ਦਾ ਫ਼ਾਸਲਾ 9-10 ਇੰਚ ਰੱਖੋ, ਜੋ ਟ੍ਰੈਚਰ ਨਾਲ ਆਪਣੇ ਆਪ ਬਣ ਜਾਣਗੀਆਂ। ਬਰੋਟੇ ਤੋਂ ਬਰੋਟੇ ਵਿਚਕਾਰ ਇਕ ਫੁੱਟ ਵਿੱਥ ਰੱਖੋ। ਨਰਸਰੀ ਰਾਹੀਂ ਤਿਆਰ ਕੀਤੇ 30-35 ਦਿਨਾਂ ਦੇ ਬੂਟੇ ਖਾਲ਼ੀਆਂ ਵਿਚ ਡੇਢ ਫੁੱਟ ਦੀ ਵਿੱਥ 'ਤੇ ਲਗਾਓ, ਇਸ ਤਰ੍ਹਾਂ ਇਕ ਏਕੜ ਲਈ 7 ਤੋਂ 8 ਹਜਾਰ ਬੂਟਿਆਂ ਦੀ ਲੋੜ ਪਵੇਗੀ।
ਖਾਦ, ਦਵਾਈਆਂ ਤੇ ਪਾਣੀ- ਖਾਲ਼ੀਆਂ ਵਿਚ ਗੰਨਾ ਬੀਜਣ ਵੇਲੇ ਦੋ ਬੋਰੇ ਡੀਏਪੀ ਖਾਦ ਦੀ ਵਰਤੋਂ ਕਰੋ। ਹਲਕੀਆਂ ਜ਼ਮੀਨਾਂ 'ਚ ਇਕ ਬੋਰੀ ਮਿਊਰੇਟ ਆਫ ਪੋਟਾਸ਼ ਖਾਦ ਦੀ ਵਰਤੋਂ ਕਰੋ।
Sugarcane
ਸਿਓਂਕ ਤੇ ਅਗੇਤੀ ਫੋਟ ਦੇ ਗੜੂੰਏ ਦੀ ਰੋਕਥਾਮ ਲਈ 7 ਕਿੱਲੋ ਸੈਵੀਡੋਲ ਜਾਂ 10 ਕਿੱਲੋ ਰਿਜੈਂਟ ਦੋ ਲੀਟਰ ਕਲੋਰੋਪਾਇਰੀਫਾਸ ਦਵਾਈ 300 ਲੀਟਰ ਪਾਣੀ 'ਚ ਵਰਤੋਂ ਖਾਲੀਆਂ ਵਿਚ ਕਰ ਕੇ ਬਰੋਟੇ ਨੂੰ ਹਲਕੀ ਮਿੱਟੀ ਨਾਲ ਢਕ ਕੇ ਹਲਕਾ ਪਾਣੀ ਲਗਾਓ। ਬੇਟ ਇਲਾਕੇ ਦੀਆਂ ਸਿੱਲ੍ਹੀਆਂ ਜ਼ਮੀਨਾਂ 'ਚ ਇਸ ਤਰੀਕੇ ਨਾਲ ਗੰਨਾ ਬੀਜਣ ਸਮੇ ਧਿਆਨ ਰੱਖੋ ਕਿ ਬੀਜ ਨੂੰ ਦੋ-ਤਿੰਨ ਇੰਚ ਮਿੱਟੀ ਦੀ ਤਹਿ ਨਾਲ ਢਕ ਦਿੱਤਾ ਜਾਵੇ ਤੇ ਬੀਜਣ ਉਪਰੰਤ ਪਾਣੀ ਨਾ ਲਗਾਇਆ ਜਾਵੇ, ਨਹੀਂ ਤਾਂ ਤਾਪਮਾਨ ਘੱਟ ਹੋ ਜਾਣ 'ਤੇ ਗੰਨੇ ਦੇ ਜਮਾਓ 'ਤੇ ਅਸਰ ਪਵੇਗਾ। ਮਾਰਚ ਤੋਂ ਮਈ ਦੇ ਦੌਰਾਨ ਫ਼ਸਲ ਦੀ ਉਮਰ ਤੇ ਜ਼ਮੀਨ ਦੀ ਕਿਸਮ ਨੂੰ ਮੁੱਖ ਰੱਖ ਕੇ ਤਿੰਨ ਬੋਰੇ ਯੂਰੀਆ ਖਾਦ ਦੀ ਪ੍ਰਤੀ ਏਕੜ ਵਰਤੋ ਤੇ ਨਾਲ ਦੀ ਨਾਲ ਮਿੱਟੀ ਪਾ ਕੇ ਖਾਲ਼ੀਆਂ ਦੀ ਭਰਾਈ ਕਰਦੇ ਰਹੋ।
Sugarcane
ਮਈ ਮਹੀਨੇ ਦੇ ਅਖ਼ੀਰ ਜਾਂ ਜੂਨ ਦੇ ਸ਼ੁਰੂ ਵਿਚ ਗੰਨਾ ਲਗਾਉਣ ਵਾਲੇ ਟਰੈਂਚ ਡਿੱਗਰ ਨਾਲ ਹੀ ਗੰਨੇ ਨੂੰ ਮਿੱਟੀ ਚੜ੍ਹਾ ਦੇਵੋ, ਜਿਸ ਨਾਲ ਗੰਨੇ ਦੇ ਬੂਟਿਆਂ ਵਾਲੀ ਥਾਂ ਉੱਚੀ ਹੋ ਜਾਵੇਗੀ ਅਤੇ ਪਾਣੀ ਨਵੀਂ ਬਣੀ ਖਾਲ਼ੀ ਰਾਹੀਂ ਦਿੱਤਾ ਜਾਵੇਗਾ। ਲੋੜ ਪੈਣ ਤੇ ਐਟਰਾਜੀਨ ਜਾਂ 2-4 ਡੀ ਆਦਿ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
Sugarcane
ਅਗਸਤ ਮਹੀਨੇ ਵਿਚ ਪਲਾਸਟਿਕ ਦੀ ਪਤਲੀ ਰਸੀ ਨਾਲ ਇਕਹਿਰੀ ਬੰਨ੍ਹਾਈ ਕੀਤੀ ਜਾਵੇ ਤੇ ਸਤੰਬਰ ਦੇ ਸ਼ੁਰੂ ਵਿਚ ਦੋ-ਦੋ ਲਾਈਨਾਂ ਨੂੰ ਇਕੱਠਿਆਂ ਬੰਨ੍ਹ ਦਿੱਤਾ ਜਾਵੇ। ਆਗ ਜਾਂ ਖੋਰੀ ਨਾਲ ਕੀਤੀ ਬੰਨ੍ਹਾਈ ਬਾਅਦ 'ਚ ਖੁੱਲ੍ਹ ਜਾਂਦੀ ਹੈ, ਕਿਉਂਕਿ ਜਿਵੇਂ-ਜਿਵੇਂ ਗੰਨਾ ਪੱਕਦਾ ਹੈ, ਆਗ ਤੇ ਖੋਰੀ ਦਾ ਜੋੜ ਤਣੇ ਨਾਲੋਂ ਟੁੱਟਦਾ ਜਾਂਦਾ ਹੈ। ਗੰਨਾ ਕਾਸ਼ਤਕਾਰ ਇਸ ਵਿਧੀ ਨੂੰ ਆਪਣਾ ਕੇ ਪ੍ਰਤੀ ਏਕੜ ਝਾੜ ਦੋ ਗੁਣਾਂ ਤਕ ਵਧਾ ਕੇ ਵਿੱਤੀ ਸੰਕਟ 'ਚੋਂ ਨਿਕਲ ਸਕਦੇ ਹਨ ਤੇ ਨਾਲ ਹੀ ਜ਼ਮੀਨਦੋਜ਼ ਪਾਣੀ ਦੀ ਬੱਚਤ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।