
ਕਣਕ ਪੰਜਾਬ ਵਿਚ ਹਾੜੀ ਦੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ 35.12 ਲੱਖ ਹੈਕਟਰ ਰਕਬੇ 'ਚ ਕੀਤੀ ਜਾਂਦੀ ਹੈ ....
ਕਣਕ ਪੰਜਾਬ ਵਿਚ ਹਾੜੀ ਦੀ ਮੁੱਖ ਫ਼ਸਲ ਹੈ। ਇਸ ਦੀ ਕਾਸ਼ਤ 35.12 ਲੱਖ ਹੈਕਟਰ ਰਕਬੇ 'ਚ ਕੀਤੀ ਜਾਂਦੀ ਹੈ ਤੇ ਪੈਦਾਵਾਰ 178.30 ਲੱਖ ਟਨ ਹੈ। ਕਣਕ ਦੀ ਫ਼ਸਲ ਦਾ ਨੁਕਸਾਨ ਦੋ ਤਰੀਕਿਆਂ ਨਾਲ ਹੁੰਦਾ, ਇਕ ਤਾਂ ਮੌਸਮ (ਤਾਪਮਾਨ, ਨਮੀ) ਵਿਚ ਤਬਦੀਲੀਆਂ ਕਾਰਨ ਤੇ ਦੂਜਾ ਕੀੜੇ-ਮਕੌੜੇ, ਚੂਹਿਆਂ, ਬਿਮਾਰੀਆਂ ਜਾਂ ਪੰਛੀਆਂ ਦੁਆਰਾ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੀੜੇ-ਮਕੌੜੇ ਤੇ ਬਿਮਾਰੀਆਂ ਮੁੱਖ ਹਨ ਜੋ ਕਣਕ ਦਾ ਝਾੜ ਤੇ ਮਿਕਦਾਰ ਘਟਾਉਂਦੇ ਹਨ। ਕਣਕ ਦੀ ਫ਼ਸਲ ਉੱਪਰ ਮੁੱਖ ਤੌਰ 'ਤੇ ਚੇਪਾ, ਗੁਲਾਬੀ, ਅਮਰੀਕਨ ਸੁੰਡੀ, ਸਿਉਂਕ ਆਦਿ ਕੀੜਿਆਂ ਦਾ ਹਮਲਾ ਹੁੰਦਾ ਹੈ।
Wheat Crop
ਚੇਪਾ- ਚੇਪਾ ਕਣਕ, ਜੌਂ, ਜਵੀ ਆਦਿ ਫ਼ਸਲਾਂ 'ਤੇ ਹਮਲਾ ਕਰਦਾ ਹੈ। ਇਹ ਰਸ ਚੂਸਣ ਵਾਲਾ ਕੀੜਾ ਹੈ। ਇਸ ਦੇ ਹਮਲੇ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਤੇ ਬਾਅਦ 'ਚ ਇਹ ਕੀੜੇ ਸਿੱਟਿਆ ਦਾ ਵੀ ਰਸ ਚੂਸਦੇ ਹਨ। ਜ਼ਿਆਦਾ ਹਮਲੇ ਨਾਲ ਫ਼ਸਲ ਦਾ ਝਾੜ ਘਟ ਜਾਂਦਾ ਹੈ। ਜੇਕਰ ਮੌਸਮ ਵਿਚ ਹਲਕੀ ਠੰਢ ਤੇ ਬੱਦਲਵਾਈ ਬਣੀ ਰਹੇ ਤਾਂ ਇਸ ਦਾ ਹਮਲਾ ਭਿਆਨਕ ਹੁੰਦਾ ਹੈ। ਫ਼ਸਲ ਵਿਚ ਜ਼ਿਆਦਾ ਖਾਦ ਪਾਉਣ ਤੇ ਪਾਣੀ ਲਗਾਉਣ ਨਾਲ ਬੂਟਾ ਨਰਮ ਰਹਿੰਦਾ ਹੈ, ਜੋ ਕਿ ਚੇਪੇ ਦਾ ਹਮਲਾ ਵਧਾਉਣ ਦਾ ਕਾਰਨ ਬਣਦੇ ਹਨ।
Wheat Crop
ਰੋਕਥਾਮ : ਚੇਪੇ ਦੀ ਰੋਕਥਾਮ ਸਿੱਟੇ ਪੈਣ ਵੇਲੇ ਕਰੋ। ਕੀਟਨਾਸ਼ਕ ਤਦ ਹੀ ਛਿੜਕੋ ਜੇਕਰ 5 ਚੇਪੇ ਪ੍ਰਤੀ ਸਿੱਟਾ ਹੋਣ (ਇਕ ਏਕੜ ਖੇਤ ਦੇ ਚਾਰ ਹਿੱਸਿਆਂ ਵਿੱਚੋਂ ਚੁਣੇ 10-10 ਸਿੱਟਿਆਂ ਦੇ ਆਧਾਰ 'ਤੇ)। ਚੇਪੇ ਦਾ ਹਮਲਾ ਪਹਿਲਾਂ ਖੇਤ ਦੇ ਬਾਹਰਲੇ ਹਿੱਸਿਆਂ 'ਤੇ ਹੁੰਦਾ ਹੈ। ਇਸ ਲਈ ਛਿੜਕਾਅ ਸਿਰਫ਼ ਅਜਿਹੇ ਹਮਲੇ ਵਾਲੇ ਹਿੱਸੇ 'ਤੇ ਹੀ ਕਰੋ ਤਾਂ ਕਿ ਚੇਪੇ ਦਾ ਹਮਲਾ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਕਣਕ ਦੇ ਚੇਪੇ ਨੂੰ ਮਿੱਤਰ ਕੀੜਾ (ਲੇਡੀ ਬਰਡ ਬੀਟਲ) ਬਹੁਤ ਖਾਂਦਾ ਹੈ, ਇਸ ਕਰਕੇ ਚੇਪੇ ਵਾਸਤੇ ਛਿੜਕਾਅ ਦੀ ਬਹੁਤੀ ਲੋੜ ਨਹੀਂ ਪੈਦੀ। ਜੇ ਲੋੜ ਪਵੇ ਤਾਂ 20 ਗ੍ਰਾਮ ਐਕਟਾਰਾ/ਤਾਇਓ 25 ਡਬਲਿਊਜੀ (ਥਾਇਆਮੈਥੋਕਸਮ) ਨੂੰ 80-100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਨੈਪਸੈਕ ਪੰਪ ਨਾਲ ਛਿੜਕਾਅ ਕਰੋ। ਮੋਟਰ ਵਾਲੇ ਪੰਪ ਦੀ ਵਰਤੋਂ ਲਈ ਪਾਣੀ ਦੀ ਮਾਤਰਾ 30 ਲੀਟਰ ਘਟਾਈ ਜਾ ਸਕਦੀ ਹੈ।
Wheat Crop
ਅਮਰੀਕਨ ਸੁੰਡੀ- ਇਹ ਬਹੁਫ਼ਸਲੀ ਕੀੜਾ ਹੈ ਜੋ ਕਣਕ, ਜੌਂ, ਛੋਲੇ, ਟਮਾਟਰ, ਸੂਰਜਮੁਖੀ, ਬਰਸੀਮ, ਮੂੰਗਫਲੀ, ਮਿਰਚਾਂ, ਮੂੰਗੀ, ਮਾਂਹ, ਕਪਾਹ ਆਦਿ ਫ਼ਸਲਾਂ 'ਤੇ ਹਮਲਾ ਕਰਦਾ ਹੈ। ਇਸ ਦੀਆਂ ਸੁੰਡੀਆ ਕਈ ਰੰਗਾਂ ਦੀਆਂ ਹੁੰਦੀਆਂ ਹਨ, ਸ਼ੁਰੂ ਵਿਚ ਇਸ ਦਾ ਰੰਗ ਭੂਰਾ ਹੁੰਦਾ ਹੈ ਜੋ ਬਾਅਦ 'ਚ ਹਰਾ ਹੋ ਜਾਂਦਾ ਹੈ। ਇਸ ਦੇ ਸਰੀਰ ਦੇ ਦੋਵੇਂ ਪਾਸੇ ਗੂੜ੍ਹੇ ਹਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਤੇ ਸਰੀਰ 'ਤੇ ਵਾਲ ਹੁੰਦੇ ਹਨ। ਪਲੀ ਹੋਈ ਸੁੰਡੀ ਦੀ ਲੰਬਾਈ 3.7 ਤੋਂ 5 ਸੈਂਟੀਮੀਟਰ ਹੁੰਦੀ ਹੈ। ਇਸ ਸੁੰਡੀ ਦਾ ਹਮਲਾ ਕਣਕ ਪੱਕਣ ਵੇਲੇ ਸਿੱਟਿਆਂ ਵਿਚ ਪਏ ਦਾਣਿਆਂ 'ਤੇ ਹੁੰਦਾ ਹੈ। ਇਹ ਸੁੰਡੀ ਕਪਾਹ ਤੋਂ ਬਾਅਦ ਬੀਜੀ ਗਈ ਕਣਕ ਦਾ ਜ਼ਿਆਦਾ ਨੁਕਸਾਨ ਕਰਦੀ ਹੈ।
ਰੋਕਥਾਮ : ਇਸ 'ਤੇ ਕਾਬੂ ਪਾਉਣ ਲਈ 800 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਨੂੰ 100 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
Wheat Crop
ਸੈਨਿਕ ਸੁੰਡੀ- ਇਹ ਸੁੰਡੀ ਮਾਰਚ-ਅਪ੍ਰੈਲ ਵਿਚ ਕਣਕ ਤੇ ਜੌਆਂ ਦੀ ਫ਼ਸਲ ਦੇ ਪੱਤੇ ਤੇ ਸਿੱਟੇ ਖਾਂਦੀ ਹੈ। ਜੇ ਸੁੰਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ ਤਾਂ ਇਹ ਫ਼ਸਲ ਦਾ 42 ਫ਼ੀਸਦੀ ਤਕ ਨੁਕਸਾਨ ਕਰ ਸਕਦੀ ਹੈ। ਸੁੰਡੀ ਦਿਨ ਵੇਲੇ ਇਹ ਸੁੰਡੀ ਜ਼ਮੀਨ ਵਿਚ ਰਹਿੰਦੀ ਹੈ ਤੇ ਰਾਤ ਵੇਲੇ ਫ਼ਸਲ ਨੂੰ ਖਾਂਦੀ ਹੈ। ਜੇ ਮੌਸਮ 'ਚ ਨਮੀ ਹੋਵੇ ਤਾਂ ਇਹ ਦਿਨ ਵੇਲੇ ਵੀ ਫ਼ਸਲ 'ਤੇ ਹਮਲਾ ਕਰਦੀ ਹੈ।
ਰੋਕਥਾਮ : ਇਸ ਦੀ ਰੋਕਥਾਮ ਲਈ 400 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਨੂੰ 80-100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਇਨ੍ਹਾਂ ਦਵਾਈਆਂ ਨਾਲ ਤੇਲੇ ਦੀ ਵੀ ਰੋਕਥਾਮ ਹੋ ਜਾਵੇਗੀ।
Wheat Crop
ਭੂਰੀ ਜੂ- ਇਸ ਦਾ ਅਕਾਰ ਬਹੁਤ ਛੋਟਾ, ਲਗਪਗ 0.5 ਮਿਲੀਮੀਟਰ ਲੰਬਾਈ ਤੇ ਚਮਕਦਾਰ ਭੂਰੇ ਤੋਂ ਕਾਲਾ ਰੰਗ ਤੇ ਪੀਲੇ ਰੰਗ ਦੀਆਂ 8 ਲੱਤਾਂ ਹੁੰਦੀਆਂ ਹਨ। ਇਸ ਦੀਆਂ ਅਗਲੀਆਂ ਲੱਤਾਂ ਬਾਕੀਆਂ ਨਾਲੋਂ ਲੰਬੀਆਂ ਹੁੰਦੀਆਂ ਹਨ। ਇਹ ਵੀ ਰਸ ਚੂਸਣ ਵਾਲਾ ਕੀੜਾ ਹੈ। ਇਸ ਦੇ ਹਮਲੇ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਤੇ ਬਾਅਦ ਵਿਚ ਸੁੱਕ ਜਾਂਦੇ ਹਨ।
ਰੋਕਥਾਮ : ਇਸ ਦੀ ਰੋਕਥਾਮ ਲਈ ਉਹੀ ਦਵਾਈਆਂ ਇਸਤੇਮਾਲ ਕਰੋ ਜੋ ਚੇਪੇ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।