ਪੱਤਝੜੀ ਫਲਦਾਰ ਬੂਟੇ ਤਿਆਰ ਕਰਨ ਦੇ ਨੁਕਤੇ
Published : Aug 12, 2020, 3:02 pm IST
Updated : Aug 12, 2020, 3:02 pm IST
SHARE ARTICLE
File Photo
File Photo

ਬਾਗ਼ ਦੀ ਸਫਲਤਾ ਤੇ ਲੰਬੀ ਉਮਰ ਉਸ ਵਿਚ ਲਗਾਏ ਬੂਟਿਆਂ ਦੇ ਮਿਆਰ 'ਤੇ ਨਿਰਭਰ ਕਰਦੀ ਹੈ

ਬਾਗ਼ ਦੀ ਸਫਲਤਾ ਤੇ ਲੰਬੀ ਉਮਰ ਉਸ ਵਿਚ ਲਗਾਏ ਬੂਟਿਆਂ ਦੇ ਮਿਆਰ 'ਤੇ ਨਿਰਭਰ ਕਰਦੀ ਹੈ। ਫਲਦਾਰ ਬੂਟਿਆਂ 'ਚ ਨਰਸਰੀ ਪੱਧਰ ਦੀਆਂ ਖ਼ਾਮੀਆਂ ਬਾਗ਼ਬਾਨਾਂ ਦੀ ਆਮਦਨ ਨੂੰ ਘਟਾ ਸਕਦੀਆਂ ਹਨ। ਅਜੋਕੇ ਸਮੇਂ ਦੀ ਬਾਗ਼ਬਾਨੀ ਵਿਚ ਨਾਸ਼ਪਾਤੀ, ਆੜੂ, ਅਲੂਚਾ, ਅੰਗੂਰ, ਅਨਾਰ ਆਦਿ ਪੱਤਝੜੀ ਫਲਦਾਰ ਬੂਟਿਆਂ ਦੀ ਬਹੁਤ ਮੰਗ ਹੈ। ਪੰਜਾਬ ਵਿਚ ਹਰ ਸਾਲ ਸਰਕਾਰੀ ਤੇ ਨਿੱਜੀ ਨਰਸਰੀਆਂ ਵੱਡੀ ਗਿਣਤੀ 'ਚ ਫਲਦਾਰ ਬੂਟੇ ਤਿਆਰ ਕਰਦੀਆਂ ਹਨ। ਸਰਦ ਰੁੱਤ ਪੱਤਝੜੀ ਫਲਦਾਰ ਬੂਟੇ ਤਿਆਰ ਕਰਨ ਢੁੱਕਵੀ ਹੈ। ਫਲਦਾਰ ਬੂਟੇ ਬੀਜ, ਕਲਮਾਂ ਤੇ ਪਿਉਂਦ ਜ਼ਰੀਏ ਤਿਆਰ ਕੀਤੇ ਜਾਂਦੇ ਹਨ। ਪਿਉਂਦ ਜਾਂ ਕਲਮ ਤੋਂ ਤਿਆਰ ਬੂਟੇ ਆਪਣੇ ਮਾਪਿਆਂ ਵਰਗੇ ਹੀ ਹੁੰਦੇ ਹਨ। ਇਨ੍ਹਾਂ ਬੂਟਿਆਂ 'ਚ ਤਦ ਤਕ ਕੋਈ ਪਰਿਵਰਤਨ ਨਹੀਂ ਆਉਂਦਾ ਜਦ ਤਕ ਉਨ੍ਹਾਂ ਵਿਚ ਅਨੁਵਸ਼ਿੰਕ ਪੱਧਰ 'ਤੇ ਤਬਦੀਲੀ ਨਾ ਕੀਤੀ ਜਾਵੇ। ਬੂਟਿਆਂ ਦੇ ਨਸਲੀ ਵਾਧੇ ਲਈ ਵਰਤੀ ਜਾਂਦੀ ਵਿਧੀ ਹਰ ਤਰ੍ਹਾਂ ਦੇ ਫਲਾਂ ਤੇ ਪੌਣ ਪਾਣੀ ਅਨੁਸਾਰ ਅਲੱਗ-ਅਲੱਗ ਹੋ ਸਕਦੀ ਹੈ। ਨਰਸਰੀ ਵਿਚ ਵੱਖ-ਵੱਖ ਪੱਤਝੜੀ ਫਲਾਂ ਦੇ ਬੂਟੇ ਕਈ ਤਰੀਕਿਆਂ ਨਾਲ ਤਿਆਰ ਕੀਤੇ ਜਾਂਦੇ ਹਨ :

Peach Peach

ਆੜੂ- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਆੜੂ ਦੀ ਸ਼ਰਬਤੀ ਤੇ ਫਲੋਰਡਾਗਾਰਡ ਕਿਸਮ ਦੇ ਪੱਕੇ ਹੋਏ ਫਲਾਂ ਤੋਂ ਜੂਨ-ਜੁਲਾਈ ਵਿਚ ਬੀਜ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਧੋ ਕੇ 5-6 ਦਿਨ ਛਾਵੇਂ ਸੁਕਾ ਕੇ ਬੀਜ ਨੂੰ ਜੀਰਮ/ਕਪਤਾਨ /ਥੀਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਇਸ ਤੋਂ ਬਾਅਦ ਬੀਜ ਨੂੰ ਕੋਲਡ ਸਟੋਰ 'ਚ ਰੱਖਣਾ ਚਾਹੀਦਾ ਹੈ। ਨਵੰਬਰ ਦੇ ਮਹੀਨੇ ਬੀਜਾਂ ਨੂੰ ਸਿੱਲ੍ਹੀ ਤੇ ਠੰਢੀ ਰੇਤ ਵਿਚ 7.2 ਡਿਗਰੀ ਤੋਂ ਘੱਟ ਤਾਪਮਾਨ 'ਤੇ 100-120 ਦਿਨਾਂ ਲਈ ਰੱਖੋ। ਇਸ ਵਿਧੀ ਨੂੰ 'ਸਟਰੈਟੀਫਿਕੇਸ਼ਨ' ਆਖਦੇ ਹਨ, ਜਿਸ ਨਾਲ ਬੀਜਾਂ ਨੂੰ ਪੁੰਗਰਨ 'ਚ ਮਦਦ ਮਿਲਦੀ ਹੈ। ਪੁੰਗਰੇ ਹੋਏ ਬੀਜਾਂ ਨੂੰ ਜਨਵਰੀ ਦੇ ਅਖ਼ੀਰਲੇ ਹਫ਼ਤੇ ਤੋਂ ਅੱਧ ਫ਼ਰਵਰੀ ਤਕ ਨਰਸਰੀ ਵਿਚ 30 ਸੈਂਟੀਮੀਟਰ ਕਤਾਰ ਤੋਂ ਕਤਾਰ ਤੇ 15 ਸੈਂਟੀਮੀਟਰ ਬੀਜ ਤੋਂ ਬੀਜ ਦੇ ਫ਼ਾਸਲੇ 'ਤੇ ਬੀਜਣਾ ਚਾਹੀਦਾ ਹੈ। ਬੀਜ ਤੋਂ ਤਿਆਰ ਹੋਏ ਪੌਦਿਆਂ ਨੂੰ ਅਗਲੇ ਸਾਲ ਦਸੰਬਰ-ਜਨਵਰੀ ਵਿਚ ਜੀਭੀ ਪਿਉਂਦ ਕੀਤੀ ਜਾਂਦੀ ਹੈ। ਇਸ ਵਿਧੀ ਅਨੁਸਾਰ ਆੜੂ ਦੇ ਬੂਟੇ ਤਿਆਰ ਕਰਨ 'ਚ ਦੋ ਸਾਲ ਦਾ ਸਮਾਂ ਲਗਦਾ ਹੈ। ਆੜੂ ਦੇ ਬੂਟੇ ਸਟੰਟਿੰਗ ਵਿਧੀ ਨਾਲ ਵੀ ਤਿਆਰ ਕੀਤੇ ਜਾ ਸਕਦੇ ਹਨ। ਇਸ ਵਿਧੀ ਵਿਚ ਜੜ੍ਹ-ਮੁੱਢ (ਸ਼ਰਬਤੀ) ਦੀ ਕਲਮ ਤਿਆਰ ਕਰ ਕੇ ਉਸ ਨੂੰ ਚੰਗੀ ਕਿਸਮ ਨਾਲ ਪਿਉਂਦ ਕੀਤੀ ਜਾਂਦੀ ਹੈ। ਇਸ ਉਪਰੰਤ ਜੜ੍ਹ-ਮੁੱਢ ਦੇ ਹੇਠਲੇ ਹਿੱਸੇ ਨੂੰ 2000 ਪੀਪੀਐੱਮ, ਇੰਡੋਲ ਬਿਊਟੇਰਿਕ ਏਸਿਡ (ਆਈਬੀਏ) ਦੇ ਘੋਲ 'ਚ ਦੋ ਮਿੰਟ ਲਈ ਡੁਬੋ ਦੇਣਾ ਜ਼ਰੂਰੀ ਹੈ। ਇਹ ਘੋਲ ਬਣਾਉਣ ਲਈ 2 ਗ੍ਰਾਮ ਆਈਬੀਏ ਨੂੰ ਇਕ ਲੀਟਰ ਪਾਣੀ 'ਚ ਘੋਲੋ। ਇਸ ਵਿਧੀ ਨਾਲ ਇਕ ਸਾਲ 'ਚ ਆੜੂ ਦੇ ਬੂਟੇ ਤਿਆਰ ਹੋ ਜਾਂਦੇ ਹਨ। ਆੜੂ ਦੀ ਨਰਸਰੀ 'ਚ ਵਾਧੂ ਪਾਣੀ ਨਾ ਖੜ੍ਹਾ ਹੋਣ ਦੇਵੋ। ਅਪ੍ਰੈਲ ਤੋਂ ਜੂਨ ਮਹੀਨੇ ਦੌਰਾਨ ਬੂਟੇ ਦੇ ਪੱਤਿਆ ਦੀਆਂ ਨਾੜਾਂ ਵਿਚਲਾ ਹਿੱਸਾ ਪੀਲਾ ਹੋਵੇ ਤਾਂ ਫੈਰਸ ਸਲਫੇਟ 3 ਗ੍ਰਾਮ ਪ੍ਰਤੀ ਲੀਟਰ ਪਾਣੀ 'ਚ ਘੋਲ ਕੇ ਸ਼ਾਮ ਸਮੇਂ ਸਪਰੇਅ ਕਰੋ।

PlumPlum

ਅਲੂਚਾ- ਸਤਲੁਜ ਪਰਪਲ ਅਲੂਚੇ ਦੇ ਬੂਟਿਆਂ ਨੂੰ ਸਟੰਟਿੰਗ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਵਿਚ ਆਮ ਤੌਰ 'ਤੇ ਕਾਬੁਲ ਗਰੀਨ ਗੇਜ਼ ਤੇ ਕਾਲਾ ਅੰਮ੍ਰਿਤਸਰੀ ਅਲੂਚੇ ਨੂੰ ਜੜ੍ਹ ਮੁਢ ਦੇ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਬੂਟਿਆਂ ਤੋਂ ਕਲਮਾਂ ਤਿਆਰ ਕਰਨ ਤੇ ਉਨ੍ਹਾਂ 'ਤੇ ਪਿਉਂਦ ਕਰਨ ਲਈ ਦਸੰਬਰ ਅਖ਼ੀਰ ਤੋਂ ਜਨਵਰੀ ਦੇ ਅਖੀਰ ਤਕ ਦਾ ਸਮਾਂ ਢੁੱਕਵਾਂ ਹੈ।

ਜੜ੍ਹ-ਮੁੱਢ ਕਾਬੁਲ ਗਰੀਨ ਗੇਜ਼ ਦੀਆਂ 20-25 ਸੈਂਟੀਮੀਟਰ ਲੰਬੀਆਂ ਕਲਮਾਂ ਜਨਵਰੀ ਮਹੀਨੇ ਵਿਚ ਸਟੰਟਿੰਗ ਲਈ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਜੜ੍ਹ-ਮੁੱਢ ਉਪਰ ਸਤਲੁਜ ਪਰਪਲ ਅਲੂਚੇ ਨੂੰ ਪਿਉਂਦ ਕਰਨ ਉਪਰੰਤ ਪਿਉਂਦ ਦੇ ਹੇਠਲੇ ਹਿੱਸੇ ਨੂੰ 24 ਘੰਟੇ ਲਈ 100 ਪੀਪੀਐੱਮ, ਆਈਬੀਓ ਦੇ ਘੋਲ 'ਚ ਡੋਬਾ ਦੇਵੋ ਤਾਂ ਜੋ ਚੰਗੀਆਂ ਜੜ੍ਹਾਂ ਨਿਕਲ ਸਕਣ। ਪਿਉਂਦੀ ਕਲਮਾਂ ਨੂੰ ਨਰਸਰੀ ਵਿਚ ਬੂਟੇ ਤੋਂ ਬੂਟੇ 15 ਸੈਂਟੀਮੀਟਰ ਤੇ ਕਤਾਰ ਤੋਂ ਕਤਾਰ 30 ਸੈਂਟੀਮੀਟਰ ਫ਼ਾਸਲੇ 'ਤੇ ਲਗਾਓ।
ਇਸ ਵਿਧੀ ਨਾਲ ਬੂਟੇ ਇਕ ਸਾਲ 'ਚ ਤਿਆਰ ਹੋ ਜਾਂਦੇ ਹਨ। ਕਾਲਾ ਅੰਮ੍ਰਿਤਸਰੀ ਅਲੂਚੇ ਦੇ ਬੂਟਿਆਂ ਦੀਆਂ ਕਲਮਾਂ ਦਸੰਬਰ ਅਖ਼ੀਰ ਤੋਂ ਜਨਵਰੀ ਤਕ ਤਿਆਰ ਕੀਤੀਆਂ ਜਾ ਸਕਦੀਆਂ ਹਨ। ਕਲਮਾਂ ਦੀ ਮੋਟਾਈ 8-10 ਸੈਂਟੀਮੀਟਰ ਤੇ ਲੰਬਾਈ 15-20 ਸੈਂਟੀਮੀਟਰ ਰੱਖੋ, ਜਿਸ ਉੱਪਰ 4-5 ਅੱਖਾਂ ਹੋਣੀਆਂ ਚਾਹੀਦੀਆਂ ਹਨ। ਕਲਮ ਦੇ ਹੇਠਲੇ ਹਿੱਸੇ ਨੂੰ 100 ਪੀਪੀਐੱਮ, ਆਈਬੀਏ ਦੇ ਘੋਲ ਵਿਚ 24 ਘੰਟੇ ਲਈ ਡੋਬਾ ਜ਼ਰੂਰ ਲਗਵਾਓ। ਅਲੂਚੇ ਦੀਆਂ ਦੋਵੇਂ ਕਿਸਮਾਂ ਦਾ ਵਾਧਾ ਹੌਲੀ ਹੁੰਦੀ ਹੈ ਅਤੇ ਬਰਸਾਤਾਂ ਤੋਂ ਬਾਅਦ ਤੇਜ਼ੀ ਆਉਂਦੀ ਹੈ।

pomegranate TreePomegranate 

ਅਨਾਰ- ਅਨਾਰ ਦਾ ਨਸਲੀ ਵਾਧਾ ਪੱਕੀ ਲੱਕੜ ਦੀ ਕਲਮ ਰਾਹੀਂ ਦਸੰਬਰ-ਜਨਵਰੀ ਵਿਚ ਕੀਤਾ ਜਾਂਦਾ ਹੈ। ਅਨਾਰ ਦੇ ਬੂਟੇ ਵਪਾਰਕ ਪੱਧਰ 'ਤੇ ਪਿਛਲੇ ਸਾਲ ਦੀਆਂ ਸ਼ਾਖਾਵਾਂ ਤੋਂ 8-10 ਸੈਂਟੀਮੀਟਰ ਲੰਬੀਆਂ ਕਲਮਾਂ ਲੈ ਕੇ ਦਸੰਬਰ 'ਚ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਕਲਮਾਂ ਤੋਂ ਜੜ੍ਹ ਆਸਾਨੀ ਨਾਲ ਨਹੀਂ ਉੱਗਦੀ, ਇਸ ਲਈ ਇਸ ਦੇ ਹੇਠਲੇ ਹਿੱਸੇ ਨੂੰ ਆਈਬੀਏ, 100 ਪੀਪੀਐੱਮ ਦੇ ਘੋਲ 'ਚ 24 ਘੰਟੇ ਲਈ ਡੁਬੋ ਕੇ ਰੱਖੋ। ਫਿਰ ਇਨ੍ਹਾਂ ਦੇ ਦੋ-ਤਿਹਾਈ ਹਿੱਸੇ ਨੂੰ ਜ਼ਮੀਨ 'ਚ ਦੱਬ ਦੇਵੋ ਤਾਂ ਜੋ ਇਕ-ਤਿਹਾਈ ਹਿੱਸਾ ਬਾਹਰ ਰਹੇ। ਨਦੀ ਦੀ ਰੇਤ ਕਲਮਾਂ ਦੀਆਂ ਜੜ੍ਹਾਂ ਨੂੰ ਪੁੰਗਾਰਨ 'ਚ ਬਹੁਤ ਮਦਦ ਕਰਦੀ ਹੈ। ਦਸੰਬਰ-ਜਨਵਰੀ ਦਾ ਮਹੀਨਾ ਕਲਮਾਂ ਤਿਆਰ ਕਰਨ ਦਾ ਸਭ ਤੋਂ ਢੁੱਕਵਾਂ ਹੈ।

Common figCommon fig

ਅੰਜੀਰ- ਅੰਜੀਰ ਦੇ ਬੂਟੇ ਜਨਵਰੀ-ਫਰਵਰੀ ਮਹੀਨੇ ਪੱਕੀ ਲੱਕੜ ਦੀ ਕਲਮ ਤੋਂ ਤਿਆਰ ਕੀਤੇ ਜਾਂਦੇ ਹਨ। ਕਲਮ ਦੀ ਲੰਬਾਈ 30-45 ਸੈਂਟੀਮੀਟਰ ਅਤੇ ਕਲਮਾਂ ਵਿਚ 3-4 ਅੱਖਾਂ ਹੋਣੀਆਂ ਚਾਹੀਦੀਆਂ ਹਨ। ਵਧੇਰੇ ਸਫਲਤਾ ਲਈ ਕਲਮਾਂ ਦੇ ਹੇਠਲੇ ਹਿੱਸੇ ਨੂੰ 1250 ਪੀਪੀਐੱਮ, ਆਈਬੀਏ ਦੇ ਘੋਲ 'ਚ ਇਕ ਮਿੰਟ ਲਈ ਡੁਬੋ ਲਵੋ। ਇਕ ਸਾਲ ਬਾਅਦ ਜਨਵਰੀ ਮਹੀਨੇ ਬੂਟੇ ਬਾਗ਼ 'ਚ ਲਗਾਏ ਜਾਣ ਲਈ ਤਿਆਰ ਹੋ ਜਾਂਦੇ ਹਨ।

Grapes Grapes

ਅੰਗੂਰ- ਅੰਗੂਰਾਂ ਦੀ ਨਰਸਰੀ ਪੱਕੀ ਲੱਕੜ ਦੀਆਂ ਕਲਮਾਂ ਤੋਂ ਤਿਆਰ ਕੀਤੀ ਜਾਂਦੀ ਹੈ। ਕਲਮਾਂ ਇਕ ਸਾਲ ਪੁਰਾਣੀਆਂ ਤੇ ਤੰਦਰੁਸਤ ਟਾਹਣੀ ਦੇ ਵਿਚਕਾਰਲੇ ਹਿੱਸੇ ਤੋਂ ਜਨਵਰੀ-ਫਰਵਰੀ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ। ਕਲਮ 30-40 ਸੈਂਟੀਮੀਟਰ ਦੀ ਹੋਣੀ ਚਾਹੀਦੀ ਹੈ, ਜਿਸ ਦੀਆਂ 3-4 ਅੱਖਾਂ ਹੋਣ। ਨਰਸਰੀ 'ਚ ਲਗਾਉਣ ਤੋਂ ਪਹਿਲਾਂ ਕਲਮਾਂ ਨੂੰ 24 ਘੰਟੇ ਲਈ 100 ਪੀਪੀਐੱਮ, ਆਈਬੀਏ ਦੇ ਘੋਲ ਵਿਚ ਚੰਗੀ ਜੜ੍ਹ ਲਿਆਉਣ ਲਈ ਡੁਬੋ ਦੇਵੋ। ਅੰਗੂਰਾਂ ਦੀਆਂ ਕਲਮਾਂ ਨੂੰ ਸਿਉਂਕ ਬਹੁਤ ਲਗਦੀ ਹੈ, ਇਸ ਦੀ ਰੋਕਥਾਮ ਲਈ ਥੋੜ੍ਹੇ-ਥੋੜ੍ਹੇ ਵਕਫ਼ੇ ਬਾਅਦ 3.75 ਮਿਲੀਲਿਟਰ ਕਲੋਰਪਾਈਰੀਫਾਸ ਪ੍ਰਤੀ ਲੀਟਰ ਪਾਣੀ 'ਚ ਘੋਲ ਕੇ ਜ਼ਮੀਨ ਵਿਚ ਪਾਓ। ਟਾਹਣੀਆਂ ਦੇ ਸੋਕੜਾ ਰੋਗ ਤੋਂ ਬਚਾਅ ਲਈ ਵੇਲਾਂ ਨੂੰ ਬਾਵਿਸਟਨ 50 ਘੁਲਣਸ਼ੀਲ ਜਾਂ ਸਕੋਰ 25 ਈਸੀ (ਇਕ ਗ੍ਰਾਮ ਪ੍ਰਤੀ ਲੀਟਰ) ਪਾਣੀ 'ਚ ਘੋਲ ਕੇ ਮਾਰਚ ਤੋਂ ਸਤੰਬਰ ਮਹੀਨੇ ਤਕ ਬਦਲ-ਬਦਲ ਕੇ ਸਪਰੇਅ ਕਰੋ।

PearPear

ਨਾਸ਼ਪਾਤੀ- ਨਾਖ ਜਾਂ ਨਾਸ਼ਪਾਤੀ ਦੇ ਬੂਟੇ ਤਿਆਰ ਕਰਨ ਲਈ ਕੈਂਥ ਇੱਕ ਢੁਕਵਾਂ ਜੜ੍ਹ-ਮੁੱਢ ਹੈ। ਅਕਤੂਬਰ ਮਹੀਨੇ ਦੌਰਾਨ ਕੈਂਥ ਦੇ ਪੱਕੇ ਫਲਾਂ ਨੂੰ ਤੋੜ ਲਵੋ। ਸਖ਼ਤ ਹੋਣ ਕਰਕੇ ਫਲਾਂ ਨੂੰ ਗਾਲ ਕੇ ਬੀਜ ਕੱਢਣਾ ਪੈਂਦਾ ਹੈ। ਬੀਜ ਕੱਢਣ ਤੋਂ ਬਾਅਦ ਇਸ ਨੂੰ ਲੱਕੜ ਦੀਆਂ ਪੇਟੀਆਂ ਵਿਚ ਵੱਖ-ਵੱਖ ਤਹਿਆਂ 'ਚ ਬੀਜ ਦੇਵੋ। 10-12 ਦਿਨਾਂ 'ਚ ਬੀਜ ਪੁੰਗਰ ਆਉਂਦਾ ਹੈ। ਨਵੇਂ ਪੁੰਗਰੇ ਹੋਏ ਬੂਟੇ ਜਦੋਂ 2-4 ਪੱਤੇ ਕੱਢ ਲੈਣ ਤਾਂ ਜਨਵਰੀ ਵਿਚ 10 ਸੈਂਟੀਮੀਟਰ ਦੇ ਫ਼ਾਸਲੇ 'ਤੇ ਨਰਸਰੀ ਵਿਚ ਲਗ ਦੇਵੋ। ਹਰੇਕ ਚਾਰ ਕਤਾਰਾਂ ਤੋਂ ਬਾਅਦ 2 ਫੁੱਟ ਦਾ ਫ਼ਾਸਲਾ ਛੱਡਣਾ ਚਾਹੀਦਾ ਹੈ। ਬੂਟਿਆਂ ਨੂੰ ਸਿਉਂਕ ਤੋਂ ਬਚਾਉਣ ਲਈ ਕਲੋਰਪਾਈਰੀਫਾਸ (3.75 ਮਿਲੀਲਿਟਰ ਪ੍ਰਤੀ ਲੀਟਰ ਪਾਣੀ) 'ਚ ਘੋਲ ਕੇ ਜ਼ਮੀਨ 'ਚ ਪਾਓ। ਲਘੂ ਤੱਤਾਂ ਦੀ ਘਾਟ ਪੂਰੀ ਕਰਨ ਲਈ ਜ਼ਿੰਕ ਸਲਫੇਟ ਤੇ ਫੈਰਸ ਸਲਫੇਟ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦਾ ਛਿੜਕਾਅ ਕਰੋ। ਇਹ ਬੂਟੇ ਮਈ ਜੂਨ ਵਿਚ ਟੀ-ਪਿਉਂਦ ਤੇ ਦਸੰਬਰ-ਜਨਵਰੀ ਵਿਚ ਜੀਭੀ ਪਿਉਂਦ ਲਈ ਤਿਆਰ ਹੋ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement