
ਆਜ਼ਾਦੀ ਦੇ 76 ਸਾਲ ਬਾਅਦ ਵੀ ਨਹੀਂ ਬਦਲੇ ਤਾਰੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੇ ਹਾਲ
ਅੰਮ੍ਰਿਤਸਰ (ਕਮਲਜੀਤ ਕੌਰ/ਸਰਵਣ ਰੰਧਾਵਾ): 1947 ’ਚ ਹੋਈ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪੰਜਾਬੀਆਂ ਦਾ ਵੱਡੇ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ। ਵੰਡ ਤੋਂ ਬਾਅਦ ਹੌਂਦ ਵਿਚ ਆਈ ਸਰਹੱਦ ਨੇੜੇ ਵਸੇ ਲੋਕਾਂ ਨੂੰ ਕਈ ਦਹਾਕਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਦੇ ਸਰਹੱਦੀ ਪਿੰਡ ਕੱਕੜ ਰਾਣੀਆਂ ਖੁਰਦ ਦੇ ਕਿਸਾਨਾਂ ਨੇ ਦਸਿਆ ਕਿ ਕੰਡਿਆਲੀ ਤਾਰ ਤੋਂ ਪਾਰ ਉਨ੍ਹਾਂ ਦੀ ਜ਼ਮੀਨ ਬੰਜਰ ਹੋ ਗਈ ਹੈ ਕਿਉਂਕਿ ਇਥੇ ਪੁਲ ਦਾ ਕੋਈ ਪ੍ਰਬੰਧ ਨਹੀਂ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਇਸ ਜ਼ਮੀਨ ਉਤੇ ਉਗਾਈ ਫ਼ਸਲ ਨਾਲ ਪੂਰਾ ਪਿੰਡ ਰੋਟੀ ਖਾ ਸਕਦਾ ਹੈ ਪਰ ਆਉਣ-ਜਾਣ ਦੀ ਸਹੂਲਤ ਨਾ ਹੋਣ ਕਾਰਨ ਉਹ ਇਸ ਉਤੇ ਖੇਤੀ ਕਰਨ ਤੋਂ ਅਸਮਰੱਥ ਹਨ।
ਆਜ਼ਾਦੀ ਦਿਹਾੜੇ ਮੌਕੇ ਅਪਣਾ ਦਰਦ ਬਿਆਨ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਾਡੀ ਤਾਂ ਹਜ਼ਾਰਾਂ ਏਕੜ ਜ਼ਮੀਨ ਤਬਾਅ ਹੋ ਗਈ, ਅਸੀਂ ਕਿਹੜੀ ਆਜ਼ਾਦੀ ਦਾ ਜਸ਼ਨ ਮਨਾਈਏ? ਉਨ੍ਹਾਂ ਦਸਿਆ ਕਿ ਪਹਿਲਾਂ ਕਿਸਾਨ ਬੇੜੀਆਂ ਪਾਰ ਕਰ ਕੇ ਖੇਤੀ ਕਰਨ ਜਾਂਦੇ ਸਨ ਪਰ ਹੁਣ ਬੇੜੀਆਂ ਵੀ ਮੁਹਈਆ ਨਹੀਂ ਕਰਵਾਈਆਂ ਜਾ ਰਹੀਆਂ। ਕਿਸਾਨ ਰਾਜਵਿੰਦਰ ਸਿੰਘ ਨੇ ਦਸਿਆ ਕਿ 1500-2000 ਏਕੜ ਜ਼ਮੀਨ ਜੰਗਲ ਦਾ ਰੂਪ ਧਾਰਨ ਕਰ ਚੁਕੀ ਹੈ। ਕਿਸਾਨਾਂ ਨੇ ਦਸਿਆ ਕਿ ਸਰਹੱਦ ਉਤੇ ਤਾਰਾਂ ਬਾਰਡਰ ਤੋਂ 3 ਕਿਲੋਮੀਟਰ ਪਿਛੇ ਕਰ ਦਿਤੀਆਂ ਗਈਆਂ ਹਨ। ਇਹ ਤਾਰ ਜ਼ੀਰੋ ਲਾਈਨ ਦੇ ਨਾਲ ਹੋਣੀ ਚਾਹੀਦੀ ਹੈ।
ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹ ਪੁਲ ਬਣਾਇਆ ਜਾਵੇ ਤਾਂ ਜੋ ਕਿਸਾਨ ਖੇਤੀ ਕਰਕੇ ਦੇਸ਼ ਦਾ ਢਿੱਡ ਭਰ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੇਤੀ ਨਾਲ ਜਿਥੇ ਕਿਸਾਨ ਖੁਸ਼ਹਾਲ ਹੋਵੇਗਾ, ਉਥੇ ਦੀ ਦੇਸ਼ ਦੇ ਅੰਨ ਭੰਡਾਰ ਵਿਚ ਵੀ ਵਾਧਾ ਹੋਵੇਗਾ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਸਾਨਾਂ ਨੇ ਦਸਿਆ ਕਿ ਕਈ ਵਾਰ ਸਰਕਾਰਾਂ ਤਕ ਉਨ੍ਹਾਂ ਨੇ ਅਪਣੀ ਮੰਗ ਵੀ ਪਹੁੰਚਾਈ ਪਰ ਉਨ੍ਹਾਂ ਨੂੰ ਭਰੋਸੇ ਤੋਂ ਇਲਾਵਾ ਕੁੱਝ ਨਹੀਂ ਮਿਲਿਆ।
ਕੰਡਿਆਲੀ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਨੂੰ ਸਿਰਫ਼ 4-5 ਘੰਟੇ ਖੇਤੀ ਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ।
ਕਿਸਾਨ ਦਿਲਬਾਗ ਸਿੰਘ ਨੇ ਦਸਿਆ ਕਿ ਸਰਹੱਦ ਤੋਂ ਪਾਰ ਉਸ ਦੀ 15 ਏਕੜ ਜ਼ਮੀਨ ਹੈ। ਉਹ ਕਈ ਕਿਲੋਮੀਟਰ ਸਫ਼ਰ ਤੈਅ ਕਰ ਕੇ ਸਵੇਰੇ 9 ਵਜੇ ਖੇਤੀ ਕਰਨ ਲਈ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ 2 ਵਜੇ ਵਾਪਸ ਭੇਜ ਦਿਤਾ ਜਾਂਦਾ ਹੈ। ਸਰਦੀਆਂ ਵਿਚ ਵੀ ਧੁੰਦ ਕਾਰਨ ਖੇਤੀ ਲਈ ਘੱਟ ਸਮਾਂ ਮਿਲਦਾ ਹੈ। ਕਈ ਵਾਰ ਜਾਨਵਰ ਵੀ ਖੇਤੀ ਦਾ ਬਹੁਤ ਨੁਕਸਾਨ ਕਰ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੰਡਿਆਲੀ ਤਾਰ ਤੋਂ ਪਾਰ ਖੇਤੀ ਲਈ ਕੋਈ ਮੁਆਵਜ਼ਾ ਨਹੀਂ ਮਿਲ ਰਿਹਾ। ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਸਾਨਾਂ ਨੇ ਕਿਹਾ ਕਿ ਸਾਡੇ ਲਈ ਇਸ ਦਿਨ ਦੇ ਕੋਈ ਮਾਇਨੇ ਨਹੀਂ ਕਿਉਂਕਿ ਸਾਡੀ ਤਾਂ ਜ਼ਮੀਨ ਹੀ ਤਬਾਹ ਹੋ ਗਈ।