
ਕਣਕ ਦੀ ਨਿਰਵਿਘਨ ਖ਼ਰੀਦ ਦੇ ਪ੍ਰਬੰਧਾਂ ਵਿਚ ਰੁਕਾਵਟ ਪਾਉਣ ਦੀ ਧਮਕੀ ਦੇਣ ਵਾਲੇ ਲੋਕਾਂ ਪ੍ਰਤੀ ਸਖ਼ਤ ਰੁਖ ਅਪਣਾਉਂਦਿਆਂ ਪੰਜਾਬ ਮੰਡੀ ਬੋਰਡ ਨੇ ਬੁਧਵਾਰ ਨੂੰ
ਚੰਡੀਗੜ੍ਹ, 15 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਕਣਕ ਦੀ ਨਿਰਵਿਘਨ ਖ਼ਰੀਦ ਦੇ ਪ੍ਰਬੰਧਾਂ ਵਿਚ ਰੁਕਾਵਟ ਪਾਉਣ ਦੀ ਧਮਕੀ ਦੇਣ ਵਾਲੇ ਲੋਕਾਂ ਪ੍ਰਤੀ ਸਖ਼ਤ ਰੁਖ ਅਪਣਾਉਂਦਿਆਂ ਪੰਜਾਬ ਮੰਡੀ ਬੋਰਡ ਨੇ ਬੁਧਵਾਰ ਨੂੰ ਸੂਬਾ ਭਰ ਦੀਆਂ ਮਾਰਕੀਟ ਕਮੇਟੀਆਂ ਦੇ ਸਮੂਹ ਸੱਕਤਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵਿਅਕਤੀ ਖਰੀਦ ਕਾਰਜਾਂ ਵਿਚ ਅੜਿੱਕਾ ਪਾਉਂਦਾ ਹੈ
File photo
ਤਾਂ ਉਸ ਵਿਰੁਧ ਤੁਰਤ ਸਖ਼ਤ ਕਾਰਵਾਈ ਕੀਤੀ ਜਾਵੇ। ਮੰਡੀ ਬੋਰਡ ਦੇ ਸਕੱਤਰ ਸ੍ਰੀ ਰਵੀ ਭਗਤ ਅਨੁਸਾਰ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਆੜ੍ਹਤੀਆਂ ਦੇ ਇਕ ਸਮੂਹ ਨੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ 2020-21 ਦੌਰਾਨ ਖ਼ਰੀਦ ਕਾਰਜਾਂ ਦਾ ਬਾਈਕਾਟ ਕਰਨ ਦੀ ਧਮਕੀ ਦਿਤੀ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦਸਿਆ ਕਿ ਮੰਡੀ ਬੋਰਡ ਨੇ ਪਹਿਲਾਂ ਹੀ ਅਜਿਹੇ ਆੜ੍ਹਤੀਆਂ ਦੇ ਲਾਇਸੈਂਸ ਰੱਦ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿਤੀਆਂ ਹਨ
ਅਤੇ ਉਨ੍ਹਾਂ ਨੂੰ ਆਫਤਨ ਪ੍ਰਬੰਧਨ ਐਕਟ, 2005 ਦੀਆਂ ਸਖ਼ਤ ਧਾਰਾਵਾਂ ਤਹਿਤ ਅਗਲੇਰੀ ਕਾਰਵਾਈ ਦੀ ਵੀ ਚੇਤਾਵਨੀ ਦਿਤੀ। ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਉਣ ਨੂੰ ਯਕੀਨੀ ਬਣਾਉਣ ਲਈ ਸ੍ਰੀ ਭਗਤ ਨੇ ਹੜਤਾਲ 'ਤੇ ਜਾਣ ਦੀ ਧਮਕੀ ਦੇਣ ਵਾਲੇ ਆੜ੍ਹਤੀਆਂ ਕੋਲ ਫ਼ਸਲ ਲੈ ਕੇ ਜਾਣ ਵਾਲੇ ਸਾਰੇ ਕਿਸਾਨਾਂ ਦੇ ਪਾਸ ਤੁਰਤ ਰੱਦ ਕਰਨ ਅਤੇ ਉਸੇ ਮੰਡੀ ਵਿਚ ਕੰਮ ਕਰ ਰਹੇ ਹੋਰ ਆੜ੍ਹਤੀਆਂ ਕੋਲ ਫ਼ਸਲ ਲਿਜਾਣ ਲਈ ਇਨ੍ਹਾਂ ਕਿਸਾਨਾਂ ਨੂੰ ਪਾਸ ਮੁੜ ਜਾਰੀ ਕਰਨ ਦੇ ਨਿਰਦੇਸ਼ ਦਿਤੇ। ਸ੍ਰੀ ਭਗਤ ਨੇ ਅੱਗੇ ਸਪੱਸ਼ਟ ਕੀਤਾ ਕਿ ਅਜੇ ਤਕ ਸੂਬੇ ਭਰ ਵਿਚ ਕਿਸੇ ਵੀ ਮੰਡੀ ਵਿਚ ਕੰਮ 'ਚ ਕੋਈ ਰੁਕਾਵਟ ਨਹੀਂ ਪੈ ਰਹੀ। ਹਾਲਾਂਕਿ, ਸੂਬੇ ਭਰ ਦੀਆਂ ਕਈ ਮੰਡੀਆਂ ਵਿਚ ਆਮਦ ਹੌਲੀ ਅਤੇ ਨਾਂਹ ਦੇ ਬਰਾਬਰ ਹੈ।