
ਨਰਮੇ ਵਾਲੇ ਕਿਸਾਨਾਂ ਦਾ ਝੋਨੇ ਵੱਲ ਜਾਣਾ ਜ਼ਮੀਨੀ ਪਾਣੀ ਲਈ ਵੱਡਾ ਸੰਕਟ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਅੰਦਰ ਉੱਗਦੇ ਚਿੱਟੇ ਸੋਨੇ ਤੋਂ ਕਿਸਾਨਾਂ ਦਾ ਮੋਹ ਭੰਗ ਹੋ ਗਿਆ ਜਾਪਦਾ ਹੈ| ਸੂਬੇ ਵਿਚ ਪਹਿਲੀ ਵਾਰ ਨਰਮੇ ਦੀ ਕਾਸ਼ਤ ਦਾ ਰਕਬਾ ਘੱਟ ਕੇ ਅੰਦਾਜ਼ਨ 1.75 ਲੱਖ ਹੈਕਟੇਅਰ ਰਹਿ ਗਿਆ ਹੈ| ਨਰਮੇ ਦਾ ਰਕਬਾ ਘਟਣ ਦਾ ਸਿੱਧਾ ਅਸਰ ਜਿਥੇ ਖੇਤੀ ਵਿਭਿੰਨਤਾ ਦੀ ਲਹਿਰ ਨੂੰ ਪੈਂਦਾ ਹੈ, ਉਥੇ ਹੀ ਧਰਤੀ ਹੇਠਲੇ ਪਾਣੀ 'ਤੇ ਆਇਆ ਸੰਕਟ ਦੋਹਰਾ ਹੋ ਜਾਂਦਾ ਹੈ| ਖੇਤੀ ਮਾਹਰਾਂ ਦਾ ਮੰਨਣਾ ਹੈ ਕਿ ਨਹਿਰੀ ਪਾਣੀ ਦਾ ਸਮੇਂ ਸਿਰ ਨਾ ਮਿਲਣਾ, ਨਕਲੀ ਬੀਜ ਤੇ ਦਵਾਈਆਂ ਵੀ ਰਕਬੇ ਦੇ ਘਟਣ ਦਾ ਕਾਰਨ ਬਣੀਆਂ ਹਨ|
ਇਹ ਵੀ ਪੜ੍ਹੋ: ਸ਼ੇਅਰ ਬਾਜ਼ਾਰ ਨਵੀਂਆਂ ਉਚਾਈਆਂ ’ਤੇ ਪੁੱਜਿਆ
ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਨਰਮਾ ਹੁਣ ਭਰੋਸੇਯੋਗ ਫਸਲ ਨਹੀਂ ਰਹੀ| ਨਰਮੇ ਦੇ ਭਾਅ ਵਿਚ ਆ ਰਹੀ ਗਿਰਾਵਟ ਦੇ ਨਾਲ-ਨਾਲ ਨਕਲੀ ਬੀਜ ਤੇ ਦਵਾਈਆਂ ਵੀ ਕਿਸਾਨਾਂ ਨੂੰ ਨਿਰਾਸ਼ ਕਰ ਰਹੀਆਂ ਹਨ| ਕਿਸਾਨ ਆਗੂ ਨੇ ਸਰਕਾਰ ਦੀ ਨੀਅਤ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤੀ ਲਈ ਕੀਤੇ ਜਾ ਰਹੇ ਦਾਅਵੇ ਕੋਰਾ ਝੂਠ ਹਨ| ਕਿਸਾਨ ਨੂੰ ਨਰਮੇ ਦੀ ਫਸਲ ਵਿਚ ਕੋਈ ਗਰੰਟੀ ਨਹੀਂ ਹੈ, ਜਿਸ ਦਾ ਫਾਇਦਾ ਵਪਾਰੀ ਚੁੱਕਦੇ ਹਨ ਤੇ ਕਿਸਾਨ ਨੂੰ ਉਸ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ|
ਇਹ ਵੀ ਪੜ੍ਹੋ: ਲੁਧਿਆਣਾ ਲੁੱਟ ਮਾਮਲਾ: ਹੁਣ ਤਕ 7 ਕਰੋੜ 14 ਲੱਖ 700 ਰੁਪਏ ਬਰਾਮਦ, 18 ਦੀ ਹੋਈ ਗ੍ਰਿਫ਼ਤਾਰੀ
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਨਰਮੇ ਦੀ ਫਸਲ ਦਾ ਰਕਬਾ ਘਟਣ 'ਤੇ ਚਿੰਤਾ ਜ਼ਾਹਿਰ ਕੀਤੀ| ਰਾਜਿੰਦਰ ਸਿੰਘ ਮੁਤਾਬਕ ਨਹਿਰੀ ਬੰਦੀ ਨਰਮੇ ਦਾ ਰਕਬਾ ਘਟਣ ਦਾ ਵੱਡਾ ਕਾਰਨ ਬਣਿਆ ਹੈ | ਕਿਸਾਨ ਆਗੂ ਮੁਤਾਬਕ ਨਰਮਾ ਪੱਟੀ ਦੇ ਕਿਸਾਨਾਂ ਨੂੰ ਫਸਲ ਦੀ ਬਿਜਾਈ ਮੌਕੇ ਨਹਿਰੀ ਪਾਣੀ ਮੁਹਈਆ ਨਹੀਂ ਕਰਵਾਇਆ ਗਿਆ| ਇਸ ਦੇ ਨਾਲ ਹੀ ਨਰਮੇ ਦੀ ਖੇਤੀ ਨੂੰ ਕਾਰਪੋਰੇਟ ਘਰਾਣੇ ਦੀ ਖੇਤੀ ਬਣਾ ਕੇ ਦੇਸੀ ਕਪਾਹ ਤੋਂ ਕਿਸਾਨਾਂ ਨੂੰ ਦੂਰ ਕਰ ਦਿਤਾ|ਜਿਸ ਦੀ ਬਦੌਲਤ ਨਵੇਂ ਲਿਆਂਦੇ ਗਏ ਨਰਮੇ ਦੇ ਬੀਜਾਂ ਉਪਰ ਕੀਟਨਾਸ਼ਕਾਂ ਦਾ ਹਮਲਾ ਵਧਦਾ ਗਿਆ ਤੇ ਵਰਤਮਾਨ ਵਿਚ ਕਿਸਾਨ ਨਿਰਾਸ਼ ਹੋ ਕੇ ਨਰਮੇ ਦੀ ਖੇਤੀ ਨੂੰ ਛੱਡ ਰਿਹਾ ਹੈ|
ਇਹ ਵੀ ਪੜ੍ਹੋ: ਦਿਲ ਦਾ ਦੌਰਾ ਪੈਣ ਕਾਰਨ ASI ਦੀ ਮੌਤ
ਜ਼ਿਕਰਯੋਗ ਹੈ ਕਿ 2008 ਵਿਚ ਨਰਮੇ ਦੀ ਕਾਸ਼ਤ ਤਕਰੀਬਨ ਸਵਾ ਪੰਜ ਲੱਖ ਹੈਕਟੇਅਰ ਵਿਚ ਹੁੰਦੀ ਸੀ ਪਰ 2015 ਵਿਚ ਵਧੇ ਚਿੱਟੀ ਮੱਖੀ ਦੇ ਪ੍ਰਭਾਵ ਨੇ ਲਗਾਤਾਰ ਇਸ ਖੇਤੀ ਨੂੰ ਸੱਟ ਮਾਰੀ| 2018 ਤੋਂ ਲਗਾਤਾਰ ਨਰਮੇ ਦੇ ਰਕਬੇ ਵਿਚ ਘਾਟਾ ਪਾਇਆ ਜਾ ਰਿਹਾ ਤੇ ਵਰਤਮਾਨ ਵਿਚ 2023 -24 ਵਿਚ ਨਰਮੇ ਦਾ ਅੰਦਾਜ਼ਨ ਰਕਬਾ 1.75 ਲੱਖ ਹੈਕਟੇਅਰ ਰਹਿ ਗਿਆ ਹੈ| ਇਸ ਦੇ ਉਲਟ ਬੇਸ਼ਕ ਪੰਜਾਬ ਸਰਕਾਰ ਨਕਲੀ ਦਵਾਈਆਂ, ਬੀਜਾਂ ਵਾਲੇ ਮਸਲੇ ਨੂੰ ਗੰਭੀਰਤਾ ਨਾਲ ਨਜਿੱਠਣ ਦਾ ਦਾਅਵਾ ਕਰ ਰਹੀ ਹੈ|
ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਮੁੜ ਵਿਜੀਲੈਂਸ ਸਾਹਮਣੇ ਪੇਸ਼ ਹੋਏ ਕੁਲਦੀਪ ਸਿੰਘ ਵੈਦ
ਨਕਲੀ ਬੀਜ ਤੇ ਦਵਾਈਆਂ ਦੇ ਨਿਤਾਰੇ ਲਈ ਸਪੈਸ਼ਲ ਟੀਮਾਂ ਵੀ ਬਣਾਈਆਂ ਗਈਆਂ ਹਨ ਪਰ ਸਰਕਾਰੀ ਉੱਦਮ ਪੂਰੇ ਪੈਂਦੇ ਨਜ਼ਰ ਨਹੀਂ ਆ ਰਹੇ |ਕਿਸਾਨ ਨੂੰ ਨਰਮੇ ਦੀ ਬਜਾਏ ਝੋਨੇ ਤੋਂ ਮਿਲ ਰਹੀ MSP ਜ਼ਿਆਦਾ ਪ੍ਰਭਾਵਤ ਕਰਦੀ ਹੋਈ ਨਜ਼ਰ ਆ ਰਹੀ ਹੈ| ਨਰਮੇ ਦੀ ਫਸਲ ਝੋਨੇ ਦਾ ਵੱਡਾ ਬਦਲ ਹੈ ਤੇ ਜ਼ਮੀਨੀ ਪਾਣੀ ਬਚਾਉਣ ਵਿਚ ਵੀ ਇਸ ਫਸਲ ਦਾ ਅਹਿਮ ਯੋਗਦਾਨ ਵੀ ਹੈ , ਪਰ ਕਿਸਾਨ ਦੀ ਨਿਰਾਸ਼ਤਾ ਨਾ ਸਿਰਫ ਖੇਤੀ ਵਿਭਿੰਨਤਾ ਵਾਲੇ ਪ੍ਰਚਾਰ ਦੀ ਫੂਕ ਕੱਢ ਰਹੀ ਹੈ ਸਗੋਂ ਜ਼ਮੀਨੀ ਪਾਣੀ ਵਾਲੇ ਸੰਕਟ ਨੂੰ ਹੋਰ ਵੱਡਾ ਕਰ ਰਹੀ ਹੈ |