
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਭਰ 'ਚ ਬੈਂਕਾਂ ਅੱਗੇ ਕਰਜ਼ਾ ਮੁਕਤੀ ਧਰਨੇ, ਜੇਲ੍ਹ ਜਾ ਚੁੱਕੇ ਕਿਸਾਨ ਨੂੰ ਛੱਡਣ ਅਤੇ ਦਸਤਖ਼ਤਾਂ ...
ਦੋਰਾਹਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪੰਜਾਬ ਭਰ 'ਚ ਬੈਂਕਾਂ ਅੱਗੇ ਕਰਜ਼ਾ ਮੁਕਤੀ ਧਰਨੇ, ਜੇਲ੍ਹ ਜਾ ਚੁੱਕੇ ਕਿਸਾਨ ਨੂੰ ਛੱਡਣ ਅਤੇ ਦਸਤਖ਼ਤਾਂ ਵਾਲੇ ਖ਼ਾਲੀ ਚੈੱਕ ਵਾਪਸ ਕਰਨ ਦੀ ਮੰਗ ਕੀਤੀ ਹੈ। ਚੰਡੀਗੜ੍ਹ 'ਚ 28 ਮਈ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਲਈ ਅੱਜ ਪੰਜਾਬ ਭਰ 'ਚ ਖੇਤੀ ਵਿਕਾਸ ਬੈਕਾਂ ਅੱਗੇ ਧਰਨੇ ਮਾਰੇ ਗਏ।
ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਸੰਗਰੂਰ, ਬਠਿੰਡਾ, ਬਰਨਾਲਾ, ਮੋਗਾ, ਫ਼ਰੀਦਕੋਟ, ਮੁਕਤਸਰ, ਜਲਾਲਬਾਦ (ਫ਼ਾਜ਼ਿਲਕਾ), ਜ਼ੀਰਾ (ਫ਼ਿਰੋਜ਼ਪੁਰ), ਅੰਮ੍ਰਿਤਸਰ, ਦੋਰਾਹਾ (ਲੁਧਿਆਣਾ), ਵਿਖੇ ਖੇਤੀ ਵਿਕਾਸ ਬੈਂਕਾਂ ਅੱਗੇ, ਮਾਨਸਾ ਵਿਖੇਂ ਸੈਂਟਰਲ ਕੋਆਪ੍ਰੇਟਿਵ ਬੈਂਕ ਅੱਗੇ 'ਤੇ ਕਾਲਾ ਅਫਗਾਨਾ (ਗੁਰਦਾਸਪੁਰ) 'ਚ ਪੰਜਾਬ ਸਿੰਧ ਬੈਂਕ ਅੱਗੇ ਥਾਂ-ਥਾਂ ਭਾਰੀ ਗਿਣਤੀ 'ਚ ਕਿਸਾਨ ਮਜ਼ਦੂਰ ਔਰਤਾਂ ਸਮੇਤ ਧਰਨਿਆਂ 'ਚ ਸ਼ਾਮਲ ਹੋਏ।
ਇਸ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜਠੂਕੇ, ਪ੍ਰੈਸ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸੰਗਠਨ ਸਕਤੱਰ ਸ਼ੰਗਾਰਾ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਕੈਪਟਨ ਸਰਕਾਰ ਉਤੇ ਕਿਸਾਨਾਂ ਦੀ ਮੁਕੰਮਲ ਕਰਜ਼ਾ-ਮੁਕਤੀ ਦੇ ਵਾਅਦੇ ਤੋਂ ਭੱਜ ਜਾਣ ਦਾ ਦੋਸ਼ ਲਾਉਦਿਆਂ ਜਬਰੀ ਕਰਜ਼ਾ ਵਸੁਲੀ ਗ੍ਰਿਫ਼ਤਾਰੀਆਂ, ਦਮਨ-ਚੱਕਰ ਤੇਜ਼ ਕਰਨ ਦੀ ਨਿਖੇਧੀ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਮੋਗਾ ਦੇ ਹੋਰ ਥਾਈਂ ਜੇਲ੍ਹ ਜਾ ਚੁੱਕੇ ਕਿਸਾਨ ਤੁਰੰਤ ਰਿਹਾਅ ਕੀਤੇ ਜਾਣ। ਨਿਲਾਮੀਆਂ ਬੰਦ ਕਰੀਆਂ ਜਾਣ, ਬੈਂਕਾਂ, ਸੂਦਖੋਰਾਂ ਵਲੋਂ ਦਸਤਖ਼ਤ ਕਰਵਾ ਕੇ ਰੱਖੇ ਖ਼ਾਲੀ ਚੈੱਕ, ਪ੍ਰਨੋਟ ਤੁਰੰਤ ਵਾਪਸ ਕੀਤੇ ਜਾਣ ਤੇ ਪੁਲਿਸ ਦਖ਼ਲ ਬੰਦ ਕੀਤੀ ਜਾਵੇ। ਕਰਜ਼ੇ ਮੋੜਨੋਂ ਅਸਮਰੱਥ ਛੋਟੇ, ਦਰਮਿਆਨੇ ਕਿਸਾਨਾਂ ਤੋਂ ਖੇਤ ਮਜ਼ਦੂਰ ਦੇ ਸਾਰੇ ਕਰਜ਼ਿਆ 'ਤੇ ਲਕੀਰ ਮਾਰੀ ਜਾਵੇ। ਸੂਦਖੋਰੀ ਬਾਬਤ ਸਹੀ ਅਰਥਾਂ 'ਚ ਕਿਸਾਨ ਮਜ਼ਦੂਰ ਪੱਖੀ ਕਾਨੂੰਨ ਬਣਾਇਆ ਜਾਵੇ। ਕਰਜ਼ਿਆਂ ਕਾਰਨ ਖ਼ੁਦਕੁਸ਼ੀਆਂ ਦਾ ਸ਼ਿਕਾਰ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦੀ ਫੌਰੀ ਰਾਹਤ ਅਤੇ ਹਰ ਇਕ ਜੀਅ ਨੂੰ ਪੱਕੀ ਨੌਕਰੀ ਦਿਤੀ ਜਾਵੇ।
ਝੋਨਾ ਸੀਜ਼ਨ ਲਈ ਰੋਜ਼ਾਨਾ 16 ਘੰਟੇ ਨਿਰਵਿਘਨ ਬਿਜਲੀ 10 ਜੂਨ ਤੋਂ ਦਿਤੀ ਜਾਵੇ। ਬੁਲਾਰਿਆਂ ਨੇ ਚੇਤਾਵਨੀ ਦਿਤੀ ਕਿ ਇਹ ਭਖਦੇ ਮਸਲੇ ਹੱਲ ਨਾ ਕਰਨ ਦੀ ਸੂਰਤ ਵਿਚ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ।ਲੈਂਡ ਮਾਰਟਗੇਜ਼ ਬੈਂਕ ਦੋਰਾਹਾ ਦੇ ਮੈਨੇਜਰ ਬਰਜਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਸਾਨੂੰ ਕਰਜ਼ਾ ਮੁਆਫ਼ੀ ਬਾਰੇ ਕੋਈ ਹਦਾਇਤ ਜਾਰੀ ਨਹੀਂ ਹੋਈ ਬਲਕਿ ਪੰਜਾਬ ਅੰਦਰ ਸਾਡੀਆਂ ਬ੍ਰਾਂਚਾਂ ਅੰਦਰ ਕਰਜ਼ਾ ਮੁਆਫ਼ੀ ਦਾ ਕੋਈ ਸਮਾਧਾਨ ਨਹੀਂ ਹੈ।
ਸਰਕਾਰ ਵਲੋਂ ਕਰਜ਼ਾ ਮੁਆਫ਼ੀ ਸਿਰਫ ਕੋ. ਅਪ ਬੈਂਕਾਂ ਵਿਚ ਛੋਟੇ ਕਿਸਾਨਾਂ ਦਾ ਫ਼ਸਲੀ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਬੈਂਕ ਦੇ ਛੋਟੇ ਡਿਫ਼ਾਲਟਰ ਕਿਸਾਨਾਂ ਨੂੰ ਅਸੀਂ ਤੰਗ ਪ੍ਰੇਸ਼ਾਨ ਨਹੀਂ ਕਰਦੇ, ਬੈਂਕ ਵਲੋਂ ਰਿਕਵਰੀ ਜਾਰੀ ਹੈ।