
ਹੈਦਰਾਬਾਦ ਵਿਚ ਆਯੋਜਿਤ ਪਸ਼ੂ ਮੇਲੇ ‘ਚ ਦੇਸ਼ ਭਰ ਤੋਂ ਵੱਖ-ਵੱਖ ਨਸਲ ਦੇ ਪਸ਼ੂ...
ਹੈਦਰਾਬਾਦ: ਹੈਦਰਾਬਾਦ ਵਿਚ ਆਯੋਜਿਤ ਪਸ਼ੂ ਮੇਲੇ ‘ਚ ਦੇਸ਼ ਭਰ ਤੋਂ ਵੱਖ-ਵੱਖ ਨਸਲ ਦੇ ਪਸ਼ੂ ਆ ਰਹੇ ਹਨ। ਇਨ੍ਹਾਂ ਸਾਰਿਆਂ ਵਿਚ ਹਰਿਆਣਾ ਤੋਂ ਆਇਆ ਝੋਟਾ ਸਰਤਾਜ ਮੇਲੇ ਵਿਚ ਖਿੱਚ ਦਾ ਕੇਂਦਰ ਬਣ ਗਿਆ ਹੈ। ਸਰਤਾਜ ਦਾ ਕੱਦ 7 ਫੁੱਟ ਹੈ ਜਦਕਿ ਸਿਰ ਤੋਂ ਪੂੰਛ ਤੱਕ ਇਸਦੀ ਲੰਬਾਈ ਲਗਪਗ 15 ਫੁੱਟ ਹੈ। ਹੈਦਰਾਬਾਦ ਦੇ ਨਾਰਾਇਣਗੁਡਾ ਵਿਚ ਆਯੋਜਿਤ ਇਸ ਮੇਲੇ ਵਿਚ ਸਰਤਾਜ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆ ਰਹੇ ਹਨ। ਹੈਦਰਾਬਾਦ ਦੇ ਪੁਲਿਸ ਕਮਿਸ਼ਨਰ ਅੰਜਨੀ ਕੁਮਾਰ ਵੀ ਇਸ ਝੋਟੇ ਦੀ ਕੱਦ-ਕਾਠੀ ਦੇਖ ਕੇ ਹੈਰਾਨ ਰਹਿ ਗਏ ਸੀ।
Sartaj Buffalo
ਉਨ੍ਹਾਂ ਨੇ ਸਰਤਾਜ ਦੇ ਨਾਲ ਤਸਵੀਰਾਂ ਖਿਚਵਾਈਆਂ। ਦੱਸਿਆ ਜਾਂਦਾ ਹੈ ਕਿ ਸਰਤਾਜ ਨੂੰ ਪਿਛਲੇ ਸਾਲ ਵੀ ਇਸ ਮੇਲੇ ਵਿਚ 1.25 ਲੱਖ ਰੁਪਏ ਦਾ ਇਨਾਮ ਮਿਲਿਆ ਸੀ। ਮੇਲੇ ਦੇ ਪ੍ਰਬੰਧਕ ਅਭਿਨੰਦਨ ਯਾਦਵ ਨੇ ਦੱਸਿਆ ਕਿ ਝੋਟਾ ਸਰਤਾਜ ਮੁਰਾਹ ਨਸਲ ਦਾ ਹੈ।
Sartaj Buffalo
ਹਰਿਆਣਾ ਵਿਚ ਇਹ ਹੁਣ ਤੱਕ 25 ਤੋਂ ਜ਼ਿਆਦਾ ਇਨਾਮ ਜਿੱਤ ਚੁੱਕਿਆ ਹੈ। ਹਰ ਸਾਲ ਅਸੀਂ ਮੇਲੇ ਵਿਚ ਸਰਤਾਜ ਵਰਗੇ ਝੋਟੇ ਲਿਆਉਂਦੇ ਹਾਂ। ਪਿਛਲੇ ਸਾਲ ਅਸੀਂ ਯੁਵਰਾਜ, ਦਾਰਾ ਅਤੇ ਸ਼ਹਿਸ਼ਾਂਹ ਝੋਟੇ ਨੂੰ ਮੇਲੇ ਵਿਚ ਲਿਆਏ ਸੀ। ਸਰਤਾਜ ਦੀ ਦੇਖਭਾਲ ਕਰਨ ਵਾਲੇ ਸ਼ੰਕਰ ਯਾਦਵ ਨੇ ਅੱਗੇ ਦੱਸਿਆ ਕਿ ਸਰਤਾਜ ਝੋਟੇ ਦਾ ਵਜਨ 1.6 ਟਨ ਯਾਨੀ 1600 ਕਿਲੋ ਹੈ।
ਇਸ ਨੂੰ ਹਰ ਰੋਜ ਸੱਤ ਤਰ੍ਹਾਂ ਦੀਆਂ ਦਾਲਾਂ, ਇਕ ਕਿਲੋ ਡ੍ਰਾਈ ਫਰੂਟ, 10 ਲੀਟਰ ਦੁੱਧ, 24 ਕੇਲੇ ਦਿੰਦੇ ਹਨ। ਇਸ ਤੋਂ ਇਲਾਵਾ ਹਰ ਦਿਨ ਸਰਤਾਜ ਨੂੰ ਪੰਜ ਕਿਲੋਮੀਟਰ ਦੀ ਸੈਰ ਕਰਵਾਈ ਜਾਂਦੀ ਹੈ। ਸ਼ੰਕਰ ਯਾਦਵ ਨੇ ਇਹ ਵੀ ਦੱਸਿਆ ਕਿ ਸਰਤਾਜ ਦੀ ਦੋ ਵਾਰ ਤੇਲ ਨਾਲ ਮਸਾਜ ਹੁੰਦੀ ਹੈ। ਇਸਨੂੰ ਖਰੀਦਣ ਲਈ ਕਈ ਲੋਕ ਆ ਚੁੱਕੇ ਹਨ, ਪਰ ਅਸੀਂ ਇਸਨੂੰ ਨਹੀਂ ਵੇਚਣਾ ਚਾਹੁੰਦੇ।