
ਇਕ ਪਾਸੇ ਲੋਕ ਪੰਛੀਆਂ ਤੇ ਜਾਨਵਰਾਂ ਨੂੰ ਪਿਆਰ ਕਰਦੇ ਹਨ, ਉਨ੍ਹਾਂ ਵਾਸਤੇ ਆਲ੍ਹਣੇ ਬਣਾਉਂਦੇ ਹਨ, ਉਨ੍ਹਾਂ ਦੇ ਪੀਣ ਲਈ ਪਾਣੀ ਰਖਦੇ ਹਨ ਪਰ
ਕੋਟਕਪੂਰਾ (ਗੁਰਿੰਦਰ ਸਿੰਘ) : ਰਵਾਇਤੀ ਪਾਰਟੀਆਂ ਦੀਆਂ ਸਮੇਂ ਸਮੇਂ ਬਣੀਆਂ ਸਰਕਾਰਾਂ ਦੇ ਕਣਕ ਦੀ ਰਹਿੰਦ-ਖੂੰਹਦ ਸਮੇਤ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੇ ਯਤਨ ਅਸਫ਼ਲ ਰਹੇ ਤੇ ਭਾਵੇਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵਾਤਾਵਰਣ ਦੇ ਮਾਮਲੇ ਵਿਚ ਲੋਕਾਂ ਨੂੰ ਵੱਡੀਆਂ ਵੱਡੀਆਂ ਆਸਾਂ ਸਨ ਪਰ ਇਸ ਵਾਰ ਵੀ ਬਹੁਤੇ ਕਿਸਾਨਾਂ ਵਲੋਂ ਖੇਤਾਂ ’ਚ ਕਣਕ ਦੇ ਨਾੜ ਨੂੰ ਅੱਗ ਲਾਈ ਗਈ ਹੈ, ਜੋ ਬੇਹੱਦ ਮਾੜੀ ਗੱਲ ਹੈ। ਜਿਥੇ ਅੱਗ ਲਾਉਣ ਨਾਲ ਵਾਤਾਵਰਣ ਖ਼ਰਾਬ ਹੁੰਦਾ ਹੈ ਤੇ ਮਨੁੱਖੀ ਸਿਹਤ ਲਈ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸਹੇੜਦਾ ਹੈ, ਉਥੇ ਹੀ ਅੱਗ ਲੱਗਣ ਨਾਲ ਧਰਤੀ ਦਾ ਸੀਨਾ ਸੜਦਾ ਹੈ।
ਇਕ ਪਾਸੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼-ਸੁਥਰਾ ਰਖਣ ਲਈ ਵੱਧ ਤੋਂ ਵੱਧ ਦਰੱਖ਼ਤ ਲਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਕਿਉਂਕਿ ਦਰੱਖਤ ਸਾਡੀ ਜ਼ਿੰਦਗੀ ’ਚ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਹਨ ਪਰ ਅੱਗ ਲੱਗਣ ਨਾਲ ਖੇਤਾਂ ’ਚ ਸੈਂਕੜੇ ਦਰੱਖ਼ਤ ਅੱਗ ਦੀ ਲਪੇਟ ’ਚ ਆ ਕੇ ਝੁਲਸੇ ਗਏ ਅਤੇ ਅਨੇਕਾਂ ਕੀੜੇ ਮਕੌੜੇ ਤੇ ਪੰਛੀ ਇਸ ਅੱਗ ਦੀ ਲਪੇਟ ’ਚ ਆ ਕੇ ਮੱਚ ਗਏ, ਕੌਣ ਹੈ ਕਸੂਰਵਾਰ? ਕੌਣ ਹੈ ਜ਼ਿੰਮੇਵਾਰ? ਕਿਸ ਵਿਰੁਧ ਹੋਈ ਕਾਰਵਾਈ? ਇਕ ਪਾਸੇ ਲੋਕ ਪੰਛੀਆਂ ਤੇ ਜਾਨਵਰਾਂ ਨੂੰ ਪਿਆਰ ਕਰਦੇ ਹਨ, ਉਨ੍ਹਾਂ ਵਾਸਤੇ ਆਲ੍ਹਣੇ ਬਣਾਉਂਦੇ ਹਨ, ਉਨ੍ਹਾਂ ਦੇ ਪੀਣ ਲਈ ਪਾਣੀ ਰਖਦੇ ਹਨ ਪਰ ਦੂਜੇ ਪਾਸੇ ਖੇਤਾਂ ’ਚ ਪੰਛੀਆਂ ਦੇ ਆਲ੍ਹਣੇ ਦਰੱਖਤਾਂ ’ਤੇ ਸੜ ਗਏ ਕਿਸੇ ਆਲ੍ਹਣੇ ’ਚ ਆਂਡੇ ਜਦਕਿ ਕਿਸੇ ’ਚ ਬੱਚੇ ਵੀ ਹੋਣਗੇ। ਧਰਤੀ ’ਤੇ ਫਿਰਦੇ ਕੀੜੇ-ਮਕੌੜਿਆਂ ਨੂੰ ਇਹ ਪਤਾ ਵੀ ਨਹੀਂ ਹੋਣਾ ਕਿ ਉਹ ਭਿਆਨਕ ਅੱਗ ਦੀ ਲਪੇਟ ’ਚ ਆ ਜਾਣਗੇ। ਵੇਖਿਆ ਜਾਵੇ ਤਾਂ ਇਹ ਬੜਾ ਵੱਡਾ ਅਪਰਾਧ ਹੀ ਨਹੀਂ ਬਲਕਿ ਪਾਪ ਵੀ ਹੈ।
ਵਾਤਾਵਰਣ ਪ੍ਰੇਮੀ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਹਨ ਪਰ ਫੇਰ ਵੀ ਉਹ ਅਜੇ ਤਕ ਦਰੱਖਤਾਂ ਅਤੇ ਪੰਛੀਆਂ ਨੂੰ ਬਚਾਉਣ ਲਈ ਅਜਿਹੀਆਂ ਅੱਗਾਂ ਨੂੰ ਠੱਲ ਨਹੀਂ ਪਾ ਸਕੇ। ਅੱਗ ਨਾਲ ਜਿਥੇ ਜਾਨੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉਥੇ ਛਾਂਦਾਰ ਰੁੱਖ ਵੀ ਅੱਗ ਦੀ ਭੇਂਟ ਚੜ੍ਹ ਰਹੇ ਹਨ। ਕਿਸਾਨਾਂ ਵਲੋਂ ਨਾੜ ਨੂੰ ਮਿੱਟੀ ’ਚ ਮਿਲਾਉਣ ਦੀ ਬਜਾਇ ਅੱਗ ਦੇ ਹਵਾਲੇ ਕਰਨ ਨੂੰ ਜ਼ਿਆਦਾ ਤਰਜੀਹ ਦੇਣ ਨਾਲ ਕਿਸਾਨਾਂ ਦੀਆਂ ਮੋਟਰਾਂ ਸਮੇਤ ਸੜਕਾਂ ਅਤੇ ਘਰਾਂ ਦੇ ਆਲੇ-ਦੁਆਲੇ ਲੱਗੇ ਰੁੱਖ ਸਮੇਤ ਫ਼ਲਦਾਰ ਬੂਟੇ ਅੱਗ ਦੀ ਭੇਂਟ ਚੜ੍ਹ ਰਹੇ ਹਨ, ਕਿਉਂਕਿ ਰੁੱਖਾਂ ਦੀ ਗਿਣਤੀ ਘਟਣ ਨਾਲ ਆਕਸੀਜਨ ਦੀ ਲਗਾਤਾਰ ਘਾਟ ਆ ਰਹੀ ਹੈ। ਭਾਵੇਂ ਕਿਸਾਨਾਂ ਦਾ ਅਪਣਾ ਤਰਕ ਹੈ ਕਿ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ ਪਰ ਫਿਰ ਵੀ ਇਸ ਮਸਲੇ ਦਾ ਹੱਲ ਰਲ-ਮਿਲ ਕੇ ਕੱਢਣਾ ਚਾਹੀਦਾ ਹੈ, ਸਰਕਾਰ ਅਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਨੂੰ ਵੀ ਇਸ ਪਾਸੇ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਅਜਿਹਾ ਕੁੱਝ ਨਾ ਵਾਪਰੇ।
ਵਿਆਪਕ ਸਮੱਸਿਆ : ਭਾਵੇਂ ਤਤਕਾਲੀਨ ਸਰਕਾਰਾਂ ਸਮੇਤ ਮੌਜੂਦਾ ਸਰਕਾਰ ਵਲੋਂ ਵੀ ਪਿਛਲੇ ਲੰਮੇ ਸਮੇਂ ਤੋਂ ਨਾੜ ਜਾ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾ ਦਾ ਸਨਮਾਨ ਕਰ ਕੇ ਹੋਰਨਾਂ ਕਿਸਾਨਾਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਬਾਕਾਇਦਾ ਸੈਮੀਨਾਰ ਕਰਵਾਏ ਜਾਂਦੇ ਹਨ ਅਤੇ ਅਜਿਹੇ ਸਮਾਗਮਾਂ ਵਿਚ ਕਿਸਾਨ ਖ਼ੁਦ ਬਿਆਨ ਕਰਦੇ ਹਨ ਕਿ ਉਨ੍ਹਾਂ ਦੇ ਕਣਕ ਜਾਂ ਝੋਨੇ ਦੇ ਝਾੜ ਵਿਚ ਕੋਈ ਫ਼ਰਕ ਨਹੀਂ ਪਿਆ ਪਰ ਫਿਰ ਵੀ ਕਿਸਾਨਾਂ ਵਲੋਂ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਤਰਤੀਬ ਦੇ ਨਾੜ ਜਾਂ ਪਰਾਲੀ ਨੂੰ ਅੱਗ ਲਾਉਣ ਦੀ ਸੋਚ ਸਮਝ ਤੋਂ ਬਾਹਰ ਹੈ। ਮਨੁੱਖ ਨੇ ਕਾਫ਼ੀ ਉਨਤ ਤਕਨੀਕੀ ਪੱਧਰਾਂ ਨੂੰ ਪ੍ਰਾਪਤ ਕੀਤਾ ਹੈ ਪਰ ਗੰਭੀਰ ਨਤੀਜੇ ਭੁਗਤਣੇ ਹਨ। ਵਾਤਾਵਰਣ ਪ੍ਰਦੂਸ਼ਣ ਸਾਡੇ ਗ੍ਰਹਿ ’ਚ ਇਕ ਵਿਆਪਕ ਸਮੱਸਿਆ ਹੈ, ਜੋ ਮੌਸਮ ’ਚ ਤਬਦੀਲੀ ਵਰਗੇ ਗੰਭੀਰ ਸਿੱਟੇ ਦਾ ਕਾਰਨ ਬਣਦੀ ਹੈ। ਇਹ ਇੱਕ ਗੰਭੀਰ ਮੁੱਦਾ ਹੈ, ਜਿਸ ਨਾਲ ਸਾਨੂੰ ਸਭ ਤੋਂ ਵੱਧ ਚਿੰਤਾ ਕਰਨੀ ਚਾਹੀਦੀ ਹੈ, ਵਾਤਾਵਰਣ ਦੀ ਸੰਭਾਲ ਕਰੋ, ਇਹ ਕਿਸੇ ਵੀ ਕਿਸਮ ਦੀ ਧਾਂਦਲੀ ਨਹੀਂ ਹੈ ਪਰ ਇਹ ਇਕ ਜਰੂਰਤ ਹੈ, ਕਿਉਂਕਿ ਗ੍ਰਹਿ ਧਰਤੀ ਸਾਡਾ ਘਰ ਹੈ ਅਤੇ ਮਨੁੱਖੀ ਜਿੰਦਗੀ ਨੂੰ ਸਥਿਰ ਰੱਖਣ ਦਾ ਇਹ ਇਕੋ-ਇਕ ਰਸਤਾ ਹੈ।
ਹਵਾ ਪ੍ਰਦੂਸ਼ਣ ਕਰ ਕੇ ਸਾਹ ਲੈਣਾ ਹੋਇਆ ਔਖਾ : ਜੇਕਰ ਮਨੁੱਖ ਨੇ ਖ਼ੁਦ ਨੂੰ ਬਚਾਉਣਾ ਹੈ ਤਾਂ ਘੱਟੋ-ਘੱਟ ਇਕ ਦਰੱਖਤ ਜ਼ਰੂਰ ਲਾਵੇ, ਕਿਉਂਕਿ ਹਵਾ, ਪ੍ਰਦੂਸ਼ਣ ਕਾਰਨ ਮਨੁੱਖ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਅਤੇ ਜਲਵਾਯੂ ਸੰਕਟ ਵਿਚਾਲੇ ਤਾਲਮੇਲ ਬਣਾਉਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਵਾਤਾਵਰਣ ਪ੍ਰਦੂਸ਼ਣ ਕਾਰਨ ਹਰੇਕ ਸਾਲ 70 ਲੱਖ ਲੋਕਾਂ ਦੀ ਜਾਨ ਜਾਂਦੀ ਹੈ ਅਤੇ ਇਸ ਨਾਲ ਬੱਚਿਆਂ ਦੇ ਵਿਕਾਸ ਨੂੰ ਵੀ ਨੁਕਸਾਨ ਪਹੁੰਚਦਾ ਹੈ। ਮਨੁੱਖੀ ਗਤੀਵਿਧੀਆਂ ਕਾਰਨ ਵਾਤਾਵਰਣ ਬਹੁਤ ਜ਼ਿਆਦਾ ਪ੍ਰਦੂਸ਼ਤ ਹੋਇਆ ਹੈ। ਜਿਸ ਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਧਰਤੀ ਦਾ ਵਧਦਾ ਤਾਪਮਾਨ ਅਤੇ ਹਵਾ ਪ੍ਰਦੂਸ਼ਣ ‘ਗਲੋਬਲ ਵਾਰਮਿੰਗ’ ਦਾ ਕਾਰਨ ਬਣਦੇ ਹਨ, ਜੋ ਕਿ ਇਕ ਵੱਡਾ ਖ਼ਤਰਾ ਹੈ, ਸਾਡੀ ਧਰਤੀ ’ਤੇ ਪਿਛਲੇ ਸਾਲਾਂ ’ਚ ਭੂਚਾਲ, ਹੜ੍ਹ, ਸੁਨਾਮੀ ਵਰਗੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਇਸ ਦੇ ਪਿੱਛੇ ਦਾ ਕਾਰਨ ਸਾਡੀ ਧਰਤੀ ਦੇ ਈਕੋ-ਸਿਸਟਮ ’ਚ ਆਏ ਬਦਲਾਅ ਅਤੇ ਤੇਜ਼ੀ ਨਾਲ ਵੱਧਦੀ ਗਲੋਬਲ ਵਾਰਮਿੰਗ ਦੇ ਕਾਰਨ ਹੀ ਇਹ ਸਭ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰੀਪੋਰਟ ਮੁਤਾਬਕ ਦੂਸ਼ਿਤ ਹਵਾ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਬੇਵਕਤੀ ਮੌਤਾਂ ਹੋ ਰਹੀਆਂ ਹਨ। ਦੁਨੀਆਂ ਦੇ ਸੱਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ 14 ਇਕੱਲੇ ਭਾਰਤ ਦੇ ਹਨ।
Stubble Burning Cases in Hayana declines by 90%
ਸਰਕਾਰ ਬੇਵੱਸ, ਏਜੰਸੀਆਂ ਅਸਫਲ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗਰੀਨ ਟਿ੍ਰਬਿਊਨਲ (ਐਨ.ਜੀ.ਟੀ.) ਵਲੋਂ ਵਾਤਾਵਰਣ ਦੀ ਸ਼ੁਧਤਾ ਅਤੇ ਕਿਸੇ ਵੀ ਹਾਦਸੇ ਨੂੰ ਰੋਕਣ ਲਈ ਨਾੜ ਜਾਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਦਿਤੇ ਗਏ ਸਖ਼ਤ ਨਿਰਦੇਸ਼ਾਂ ਦੇ ਬਾਵਜੂਦ ਸੂਬਾ ਸਰਕਾਰ ਬਿਲਕੁਲ ਫੇਲ ਸਾਬਤ ਹੋ ਰਹੀ ਹੈ, ਕਿਉਂਕਿ ਕਣਕ ਦੇ ਨਾਨ ਨੂੰ ਲਾਈ ਅੱਗ ਕਾਰਨ ਰਾਸ਼ਟਰੀ ਰਾਜ ਮਾਰਗਾਂ ਸਮੇਤ ਸੰਪਰਕ ਸੜਕਾਂ ’ਤੇ ਅਣਸੁਖਾਵੇਂ ਅਤੇ ਦੁਖਦਾਇਕ ਸੜਕੀ ਹਾਦਸੇ ਵਾਪਰਨ ਦੇ ਬਾਵਜੂਦ ਵੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੁੱਪੀ ਧਾਰੀ ਹੋਈ ਹੈ। ਬਟਾਲਾ ਨੇੜੇ ਸਕੂਲੀ ਬੱਸ ਦਾ ਅੱਗ ਦੀ ਲਪੇਟ ’ਚ ਆ ਜਾਣਾ, ਬੱਸ ਦੇ ਅੱਗ ਵਿੱਚ ਪਲਟਣ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਬੜੀ ਜੱਦੋ-ਜਹਿਦ ਨਾਲ ਡਰਾਈਵਰ ਸਮੇਤ ਸਕੂਲੀ ਬੱਚਿਆਂ ਨੂੰ ਮਸਾਂ ਬਾਹਰ ਕੱਢਣਾ, ਬੱਚਿਆਂ ਦਾ ਰੋਣਾ ਝੱਲਿਆ ਨਾ ਜਾਣਾ, ਕੁੱਝ ਬੱਚਿਆਂ ਦੇ ਝੁਲਸ ਜਾਣ ਦੀਆਂ ਖ਼ਬਰਾਂ ਦੇ ਬਾਵਜੂਦ ਵੀ ਨਾ ਤਾਂ ਸਰਕਾਰ ਜਾਗਣ ਲਈ ਤਿਆਰ ਹੈ, ਪ੍ਰਸ਼ਾਸ਼ਨ ਦੀ ਸਖ਼ਤੀ ਵਿਖਾਈ ਨਹੀਂ ਦੇ ਰਹੀ, ਐਨਜੀਟੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਤਾ ਨਹੀਂ ਕਿਉਂ ਬੇਵੱਸ ਜਾਂ ਅਸਫ਼ਲ ਸਿੱਧ ਹੋ ਰਹੇ ਹਨ। ਉਕਤ ਏਜੰਸੀਆਂ ਤੋਂ ਇਲਾਵਾ ਖੇਤੀਬਾੜੀ ਮਾਹਰਾਂ ਅਤੇ ਵਿਗਿਆਨੀਆਂ ਦੀਆਂ ਦਲੀਲਾਂ ਦਾ ਵੀ ਕੋਈ ਅਸਰ ਵਿਖਾਈ ਨਹੀਂ ਦੇ ਰਿਹਾ।
ਖੇਤ ਦੀ ਉਪਜਾਊ ਸ਼ਕਤੀ ਹੁੰਦੀ ਹੈ ਘੱਟ : ਖੇਤੀਬਾੜੀ ਮਾਹਰਾਂ ਤੇ ਵਿਗਿਆਨੀਆਂ ਅਨੁਸਾਰ ਕਣਕ ਜਾਂ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਤੇ ਮਿੱਤਰ ਕੀੜਿਆਂ ਦਾ ਨਾਸ਼ ਹੋ ਰਿਹਾ ਹੈ। ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਫ਼ਸਲ ਦੀ ਰਹਿੰਦ-ਖੂੰਹਦ ਅੱਗ ਦੇ ਹਵਾਲੇ ਨਾ ਕਰਨ ਬਾਰੇ ਜਾਗਰੂਕ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਅੱਗ ਲਾਉਣ ਨਾਲ ਤਾਪਮਾਨ ਦਾ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਨਾੜ ਨੂੰ ਅੱਗ ਲਾਏ ਜਾਣ ਕਾਰਨ ਜਮੀਨ ਦੀ ਸ਼ਕਤੀ ’ਚ ਘਾਟਾ ਹੋਣ ਕਾਰਨ ਫਸਲਾਂ ਦਾ ਝਾੜ ਲਗਾਤਾਰ ਘੱਟ ਰਿਹਾ ਹੈ। ਜਿਸ ਦਾ ਕਾਰਨ ਜਾਣਨ ਬਾਰੇ ਕੋਈ ਵੀ ਤਿਆਰ ਨਹੀ। ਵਾਤਾਵਰਣ ਨੂੰ ਖਰਾਬ ਕਰਨ ’ਚ ਮਨੁੱਖ ਵਲੋਂ ਕੋਈ ਕਸਰ ਨਹੀ ਛੱਡੀ ਜਾ ਰਹੀ। ਧਰਤੀ ’ਤੇ ਜੀਵ ਜੰਤੂਆਂ ਦੀ ਅੱਗ ਨਾਲ ਹੋ ਰਹੀ ਦੁਰਗਤੀ ਤੇ ਸੜਕੀ ਹਾਦਸਿਆਂ ਲਈ ਆਖਰ ਕੌਣ ਜਿੰਮੇਵਾਰ ਹੈ? ਕਣਕ ਦੇ ਨਾੜ ਨੂੰ ਅੱਗ ਲਵਾਉਣ ਦੇ ਮਾਮਲੇ ’ਚ ਸੂਬਾ ਸਰਕਾਰ ਤੇ ਪ੍ਰਸ਼ਾਸਨ ਚੁੱਪ ਬੈਠੇ ਅੱਗ ਦਾ ਤਮਾਸ਼ਾ ਵੇਖ ਰਹੇ ਹਨ।
ਸੈਟੇਲਾਈਟ ਰਾਹੀਂ ਵੀ ਨਹੀਂ ਕਾਰਵਾਈ : ਐਨ.ਜੀ.ਟੀ. ਵਲੋਂ ਅੱਗ ਨਾ ਲਾਉਣ ਦੇ ਦਿਤੇ ਨਿਰਦੇਸ਼ਾਂ ’ਤੇ ਸੂਬਾ ਸਰਕਾਰ ਵਲੋਂ ਖੇਤੀਬਾੜੀ ਵਿਭਾਗ ਦੀ ਸਹਾਇਤਾ ਨਾਲ ਸੈਟੇਲਾਈਟ ਰਾਂਹੀ ਅੱਗ ਲਾਉਣ ਦੀਆਂ ਘਟਨਾਵਾਂ ਮੌਕੇ ’ਤੇ ਫੜ ਕੇ ਜੁਰਮਾਨਾ ਕਰਨ ਦੇ ਪ੍ਰਯੋਗ ਵੀ ਫੇਲ ਸਾਬਤ ਹੋਏ ਹਨ। ਵੋਟਾਂ ਤੇ ਰਾਜਨੀਤੀ ਦੇ ਅੱਗੇ ਸਰਕਾਰਾਂ ਵੀ ਬੇਵੱਸ ਹਨ। ਖੇਤੀਬਾੜੀ ਵਿਭਾਗ ਜਦੋਂ ਵੀ ਅੱਗ ਲਾਉਣ ਦੀ ਘਟਨਾ ’ਤੇ ਕੋਈ ਕਾਰਵਾਈ ਕਰਨ ਲਗਦਾ ਹੈ ਤਾਂ ਤੁਰਤ ਪ੍ਰਸ਼ਾਸਨ ਨੂੰ ਮੰਤਰੀ, ਵਿਧਾਇਕਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਜ਼ਿਆਦਾ ਸਖ਼ਤੀ ਨਹੀ ਨਰਮੀ ਵਰਤੋਂ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਸਨ, ਕਿਉਂਕਿ ਇਸ ਪਾਰਟੀ ਦੇ ਬਹੁਤੇ ਆਗੂਆਂ ਦਾ ਦਾਅਵਾ ਸੀ ਕਿ ਉਹ ਵਾਤਾਵਰਣ ਦੀ ਸ਼ੁਧਤਾ ਲਈ ਪਹਿਲ ਦੇ ਆਧਾਰ ’ਤੇ ਕੰਮ ਕਰਨਗੇ, ਨਾੜ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾ ਲਈ ਮਦਦ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਸੱਭ ਕੱੁਝ ਹਵਾਈ ਅਤੇ ਕਾਗ਼ਜ਼ੀ ਹੀ ਸਾਬਤ ਹੁੰਦਾ ਪ੍ਰਤੀਤ ਹੋ ਰਿਹਾ ਹੈ।
ਤੂੜੀ ਮਹਿੰਗੀ ਹੋਣ ਕਾਰਨ ਲੋਕ ਪਸ਼ੂ ਵੇਚਣ ਲਈ ਮਜਬੂਰ : ਇਕ ਪਾਸੇ ਨਾੜ ਸਾੜਨ ਦਾ ਰੁਝਾਨ ਜਾਰੀ ਹੈ, ਨਾੜ ਕਾਰਨ ਕਈ ਥਾਂ ਕਣਕ ਵੀ ਸੜ ਰਹੀ ਹੈ, ਪਹਿਲਾਂ ਹੀ ਕਣਕ ਦਾ ਝਾੜ ਘਟਣ ਕਰ ਕੇ ਤੂੜੀ ਦਾ ਸੰਕਟ ਬਰਕਰਾਰ ਹੈ, ਨਾੜ ਨੂੰ ਪਸ਼ੂ ਚਾਰੇ ਦੇ ਤੌਰ ’ਤੇ ਵਰਤਣ ਦੀ ਬਜਾਇ ਅੱਗ ਦੇ ਹਵਾਲੇ ਕਰ ਦੇਣ ਦਾ ਸਿਲਸਿਲਾ ਖ਼ਤਰਨਾਕ ਹੈ, ਦੂਜੇ ਪਾਸੇ ਤੂੜੀ ਦੇ ਰੇਟਾਂ ’ਚ ਭਾਰੀ ਵਾਧਾ ਹੋਣ ਕਰ ਕੇ ਪਸ਼ੂ ਪਾਲਕਾਂ ਨੂੰ ਪ੍ਰੇਸ਼ਾਨੀ ਹੋਣੀ ਸੁਭਾਵਿਕ ਹੈ। ਇਸ ਸਮੇਂ ਬਾਜ਼ਾਰ ਵਿਚ ਤੂੜੀ 600-650 ਰੁਪਏ ਪ੍ਰਤੀ ਕੁਇੰਟਲ ਤਕ ਪਹੁੰਚ ਗਈ ਹੈ, ਜੋ ਪਸ਼ੂ ਪਾਲਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਹੈ, ਜਿਸ ਕਰ ਕੇ ਲੋਕ ਪਸ਼ੂ ਵੇਚਣ ਲਈ ਮਜਬੂਰ ਹੋ ਰਹੇ ਹਨ। ਪਸ਼ੂ ਪਾਲਕਾਂ ਮੁਤਾਬਕ ਇਕ ਮੱਝ ਰੋਜ਼ਾਨਾ ਵੀਹ ਕਿੱਲੋ ਦੇ ਲਗਭਗ ਤੂੜੀ ਖਾਂਦੀ ਹੈ, ਜਦਕਿ ਦੁੱਧ ਔਸਤਨ 7-8 ਕਿੱਲੋ ਹੀ ਨਿਕਲਦਾ ਹੈ ਅਤੇ ਲਗਭਗ 7 ਮਹੀਨੇ ਹੀ ਦੁੱਧ ਦਿੰਦੀ ਹੈ, ਜਿਸ ਦਾ ਰੇਟ ਘੱਟ ਹੋਣ ਕਰ ਕੇ ਪਸ਼ੂ ਪਾਲਕਾਂ ਦੇ ਕੁਝ ਪੱਲੇ ਨਹੀਂ ਪੈਂਦਾ, ਕਿਉਂਕਿ ਸ਼ਹਿਰ ਵਿਚ ਹਰ ਚੀਜ਼ ਮੁੱਲ ਦੀ ਹੈ। ਇਥੇ ਪਸ਼ੂ ਬਾਹਰ ਚਾਰ ਕੇ ਲਿਆਉਣ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਭਵਿੱਖ ਵਿਚ ਅਰਥਾਤ ਸਰਦੀ ਰੁੱਤ ਵਿਚ ਤੂੜੀ ਦਾ ਭਾਅ 1000 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਜ਼ਿਆਦਾ ਹੋ ਸਕਦਾ ਹੈ। ਭਾਵੇਂ ਪਿਛਲੇ ਸਮੇਂ ਵਿਚ ਕਿਸਾਨਾਂ ’ਚ ਕਣਕ ਨੂੰ ਕੰਬਾਈਨ ਨਾਲ ਕਟਾਉਣ ਕਰ ਕੇ ਤੂੜੀ ਦੀ ਘਾਟ ਰੜਕਦੀ ਰਹੀ, ਇਸ ਤੋਂ ਇਲਾਵਾ ਬਾਲਣ/ਲੱਕੜ ਮਹਿੰਗੀ ਹੋਣ ਕਰ ਕੇ ਕਾਰਖਾਨੇਦਾਰਾਂ/ਭੱਠੇ ਵਾਲਿਆਂ ਵਲੋਂ ਇਸ ਨੂੰ ਵਰਤਣ ਕਰ ਕੇ ਤੂੜੀ ਖ੍ਰੀਦਣ ਵਾਲੇ ਪਿੰਡਾਂ ’ਚ ਮਾਰ ਕਰਨ ਲੱਗੇ ਹਨ। ਜੇਕਰ ਅਸੀਂ ਨਾ ਸੰਭਲੇ ਤਾਂ ਅਵਾਰਾ ਪਸ਼ੂਆਂ ਦੀ ਗਿਣਤੀ ਵਿਚ ਵੀ ਦਿਨੋ-ਦਿਨ ਵਾਧਾ ਹੋਵੇਗਾ, ਕਿਉਂਕਿ ਤੂੜੀ ਨਾ ਮਿਲਣ ਕਰ ਕੇ ਲੋਕ ਪਸ਼ੂ ਅਵਾਰਾ ਛੱਡਣ ਲਈ ਮਜਬੂਰ ਹੋਣਗੇ ਤੇ ਵਾਹਨ ਚਾਲਕਾਂ, ਰਾਹਗੀਰਾਂ ਤੇ ਆਮ ਲੋਕਾਂ ਲਈ ਇਨ੍ਹਾਂ ਆਵਾਰਾ ਪਸ਼ੂਆਂ ਦਾ ਪ੍ਰੇਸ਼ਾਨੀ ਦਾ ਸਬੱਬ ਬਣਨਾ ਸੁਭਾਵਿਕ ਹੈ, ਕੁਲ ਮਿਲਾ ਕੇ ਕਣਕ ਦੀ ਰਹਿੰਦ ਖੂੰਹਦ ਸਮੇਤ ਨਾੜ ਸਾੜਨ ਦੀਆਂ ਘਟਨਾਵਾਂ ਆਉਣ ਵਾਲੀਆਂ ਪੀੜੀਆਂ ਲਈ ਵੀ ਮੁਸੀਬਤ ਪੈਦਾ ਕਰ ਰਹੀਆਂ ਹਨ।
ਕਿਵੇਂ ਵਾਪਰਦੀਆਂ ਹਨ ਘਟਨਾਵਾਂ : ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਕਣਕ ਦੀ ਵਾਢੀ ਸਮੇਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਬਿਜਲੀ ਦੇ ਟਰਾਂਸਫ਼ਾਰਮਰ ਤੋਂ ਨਿਕਲੇ ਚੰਗਿਆੜਿਆਂ ਕਾਰਨ, ਮਜਦੂਰਾਂ ਦੁਆਰਾ ਸੁੱਟੀ ਸੁਲਗਦੀ ਬੀੜੀ ਜਾਂ ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕ ਦੀ ਫ਼ਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ। ਇਸ ਨਾਲ ਫ਼ਸਲ ਦੇ ਨੁਕਸਾਨ ਹੋਣ ਦੇ ਨਾਲ ਨਾਲ ਖੇਤੀ ਮਸ਼ੀਨਰੀ, ਪਸ਼ੂਆਂ ਅਤੇ ਮਨੁੱਖਾਂ ਤਕ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਖੇਤਾਂ ’ਚ ਬਿਜਲੀ ਦੀਆਂ ਤਾਰਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਵਾਢੀ ਸਮੇਂ ਕੰਬਾਈਨ ਹਾਰਵੈਸਟਰ ਛਤਰੀ ਸਣੇ ਆਸਾਨੀ ਨਾਲ ਨਿਕਲ ਸਕੇ। ਕੰਬਾਈਨ ਹਾਰਵੈਸਟਰ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਸਤਰੀ ਤੋਂ ਚੈੱਕ ਕਰਵਾ ਲਈ ਜਾਵੇ ਤਾਂ ਜੋ ਕੰਬਾਈਨ ਹਾਰਵੈਸਟਰ ਦੇ ਪੁਰਜਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਕੰਬਾਈਨ ਹਾਰਵੈਸਟਰ ਨੂੰ ਖੰਭਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣ ਤੋਂ ਬਚਾਇਆ ਜਾਣਾ ਚਾਹੀਦਾ ਹੈ। ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫ਼ਾਰਮਰ/ਜੀਓ ਸਵਿਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਦੇਣ ਲਈ ਕੰਟਰੋਲ ਰੂਮ ਵਲੋਂ ਬਾਕਾਇਦਾ ਵਟਸਐਪ ਨੰਬਰ ਜਾਰੀ ਕੀਤੇ ਜਾਂਦੇ ਹਨ। ਜਿਸ ’ਤੇ ਕੋਈ ਵੀ ਕਿਸਾਨ ਬਿਜਲੀ ਦੀਆਂ ਢਿੱਲੀਆਂ ਤਾਰਾਂ, ਟਰਾਂਸਫ਼ਾਰਮਰ/ਜੀਓ ਸਵਿਚ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੰਭਾਵਨਾ ਵਾਲੇ ਸਥਾਨਾਂ ਦੀ ਫ਼ੋਟੋ, ਪੂੂਰਾ ਪਤਾ ਅਤੇ ਜੀਪੀਐਸ ਲੋਕੇਸ਼ਨ ਭੇਜ ਸਕਦਾ ਹੈ। ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅੱਗ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਸਾਵਧਾਨੀ ਨਾਲ ਹੋ ਸਕਦੈ ਬਚਾਅ : ਖੇਤਾਂ ’ਚ ਮੌਜੂਦ ਟਰਾਂਸਫ਼ਾਰਮਰਾਂ ਦੇ ਆਲੇ-ਦੁਆਲਿਉਂ ਤਕਰੀਬਨ ਇਕ ਮਰਲੇ ਦੇ ਰਕਬੇ ’ਚੋਂ ਕਣਕ ਦੀ ਵਾਢੀ ਕਰ ਕੇ ਵਖਰੀ ਰੱਖ ਲੈਣੀ ਚਾਹੀਦੀ ਹੈ। ਆਮ ਵੇਖਿਆ ਗਿਆ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਟਰਾਂਸਫ਼ਾਰਮਰ/ਜੀਓ ਸਵਿਚ ਦੀ ਸਪਾਰਕਿੰਗ ਕਾਰਨ ਨਿਕਲੇ ਚੰਗਿਆੜਿਆਂ ਨਾਲ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਂਦੀ ਹੈ। ਇਸ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਸ ਵਕਤ ਕਣਕ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਟਰਾਂਸਫ਼ਾਰਮਰ ਦੇ ਆਲੇ-ਦੁਆਲਿਉਂ ਤਕਰੀਬਨ ਇਕ ਮਰਲੇ ਰਕਬੇ ’ਚੋਂ ਕਣਕ ਦੀ ਕਟਾਈ ਹੱਥ ਨਾਲ ਕਰ ਕੇ ਵਖਰੀ ਸਾਂਭ ਲਈ ਜਾਵੇ। ਇਸ ਕੱਟੀ ਹੋਈ ਫ਼ਸਲ ਨੂੰ ਕੰਬਾਈਨ ਨਾਲ ਕਟਾਈ ਸਮੇਂ ਮਸ਼ੀਨ ਦੇ ਅੱਗੇ ਰਖਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਕਿਸੇ ਵੀ ਟਰਾਂਸਫ਼ਾਰਮਰ ਤੋਂ ਨਿਕਲੇ ਚੰਗਿਆੜਿਆਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਜੇ ਸੰਭਵ ਹੋਵੇ ਤਾਂ ਟਰਾਂਸਫ਼ਾਰਮਰ ਦਾ ਸਵਿਚ ਵੀ ਕੱਟਿਆ ਜਾ ਸਕਦਾ ਹੈ। ਟਰਾਂਸਫ਼ਾਰਮਰ ਦੇ ਆਲੇ-ਦੁਆਲਿਉਂ ਕਟਾਈ ਕੀਤੇ ਥਾਂ ਨੂੰ ਗਿੱਲਾ ਕਰ ਦੇਣਾ ਚਾਹੀਦਾ ਹੈ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਛੇੜਨਾ ਨਹੀਂ ਚਾਹੀਦਾ। ਕਣਕ ਦੀ ਫ਼ਸਲ ਨੇੜੇ ਕਿਸੇ ਵਿਅਕਤੀ ਨੂੰ ਸਿਗਰਟ ਜਾਂ ਬੀੜੀ ਨਾ ਪੀਣ ਦਿਤੀ ਜਾਵੇ। ਖੇਤਾਂ ’ਚ ਲੱਗੇ ਟਰਾਂਸਫ਼ਾਰਮਰਾਂ ਦੇ ਆਲੇ-ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਕਰ ਕੇ ਰਖਿਆ ਜਾਵੇ ਤਾਂ ਜੋ ਜੇ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਖੇਤਾਂ ’ਚ ਬਣੀਆਂ ਰਸੋਈਆਂ ਜਾਂ ਆਰਜ਼ੀ ਚੁੱਲ੍ਹਿਆਂ ’ਤੇ ਚਾਹ, ਰੋਟੀ ਆਦਿ ਬਣਾਉਣ ਤੋਂ ਬਾਅਦ ਅੱਗ ਨੂੰ ਪਾਣੀ ਪਾ ਕੇ ਤੁਰਤ ਬੁਝਾ ਦੇਣਾ ਚਾਹੀਦਾ ਹੈ।
ਕੀ ਕਹਿਣਾ ਹੈ ਜਾਗਰੂਕ ਲੋਕਾਂ ਦਾ : ਦਿਨੋ-ਦਿਨ ਖੇਤਾਂ ’ਚ ਫ਼ਸਲਾਂ ਦੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਵਧ ਰਹੀਆਂ ਘਟਨਾਵਾਂ ਬਾਰੇ ਜਦੋਂ ਸਮਾਜ ’ਚ ਵਿਚਰ ਰਹੇ ਕੁੱਝ ਜਾਗਰੂਕ ਤੇ ਜ਼ਿੰਮੇਵਾਰ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਸੱਭ ਨੇ ਹੀ ਇਸ ਗੱਲ ’ਤੇ ਚਿੰਤਾ ਜ਼ਾਹਰ ਕੀਤੀ। ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ, ਉੱਘੇ ਸਮਾਜ ਸੇਵੀ, ਪਿੰਡ ਔਲਖ ਦੇ ਸਰਪੰਚ ਅਤੇ ਵਾਤਾਵਰਣ ਪ੍ਰੇਮੀ ਊਧਮ ਸਿੰਘ ਔਲਖ, ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਸੀਰ ਸੰਸਥਾ ਦੇ ਸਰਪ੍ਰਸਤ ਸੰਦੀਪ ਅਰੋੜਾ, ਬੀੜ ਸੰਸਥਾ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਸਰਾਂ, ਜਗਪਾਲ ਸਿੰਘ ਬਰਾੜ, ਮਾ ਭਰਪੂਰ ਸਿੰਘ ਸਮੇਤ ਅਨੇਕਾਂ ਵਾਤਾਵਰਣ ਪੇ੍ਰਮੀਆਂ ਨੇ ਆਖਿਆ ਕਿ ਇਸ ਵੇਲੇ ਲੋਕ ਕੈਂਸਰ, ਕਾਲਾ ਪੀਲੀਆ, ਬਲੱਡ ਪਰੈਸ਼ਰ, ਅੱਖਾਂ ਅਤੇ ਫ਼ੇਫ਼ੜਿਆਂ ਦੀਆਂ ਬੀਮਾਰੀਆਂ ਸਮੇਤ ਕਈ ਹੋਰ ਤਰ੍ਹਾਂ ਦੀਆਂ ਭਿਆਨਕ ਤੇ ਖ਼ਤਰਨਾਕ ਬੀਮਾਰੀਆਂ ਨਾਲ ਜੂਝ ਰਹੇ ਹਨ। ਅਨੇਕਾਂ ਮੌਤਾਂ ਹੋ ਰਹੀਆਂ ਹਨ ਤੇ ਮਰੀਜ਼ਾਂ ਨਾਲ ਹਸਪਤਾਲ ਭਰੇ ਪਏ ਹਨ। ਅਜਿਹੇ ਮਾਹੌਲ ’ਚ ਬੀਮਾਰੀਆਂ ਤੋਂ ਬਚਣ ਲਈ ਸਾਫ਼-ਸੁਥਰੇ ਵਾਤਾਵਰਣ ਦੀ ਬਹੁਤ ਲੋੜ ਹੈ। ਜੇਕਰ ਇਸੇ ਤਰ੍ਹਾਂ ਹੀ ਅੱਗਾਂ ਲਗਦੀਆਂ ਰਹੀਆਂ ਤਾਂ ਬੀਮਾਰੀਆਂ ਹੋਰ ਵੀ ਵਧਣਗੀਆਂ ਤੇ ਸਾਡੀ ਆਉਣ ਵਾਲੀ ਨਵੀਂ ਪੀੜੀ ਨੂੰ ਵੀ ਖ਼ਤਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਲੋੜ ਦਰੱਖਤਾਂ ਅਤੇ ਜੀਵ ਜੰਤੂਆਂ ਨੂੰ ਬਚਾਉਣ ਦੀ ਹੈ ਤਾਕਿ ਕੁਦਰਤੀ ਮਾਹੌਲ ਬਣਿਆ ਰਹੇ। ਸਾਰੇ ਵਰਗਾਂ ਦੇ ਲੋਕਾਂ ਨੂੰ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਲੋੜ ਹੈ।
ਅੱਗ ਲਾਉਣਾ ਸਾਡਾ ਸ਼ੌਂਕ ਨਹੀ ਮਜਬੂਰੀ : ਨਾੜ/ਪਰਾਲੀ ਨੂੰ ਅੱਗ ਲਾਉਣ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਲਾਉਣਾ ਸ਼ੌਂਕ ਨਹੀ ਸਗੋਂ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਧਰਤੀ ’ਚ ਦਬਾਉਣ ਲਈ ਤਿੰਨ ਤੋਂ ਚਾਰ ਹਜਾਰ ਰੁਪਏ ਪ੍ਰਤੀ ਏਕੜ ਦਾ ਡੀਜ਼ਲ ਫੂਕਣਾ ਪੈਂਦਾ ਹੈ। ਦਿਨੋ-ਦਿਨ ਖੇਤੀ ਦੇ ਸੰਦਾਂ ਤੇ ਮਸ਼ੀਨਰੀ ਦੇ ਖਰਚਿਆਂ ਤੇ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਕਾਰਨ ਕਿਸਾਨ ਕਰਜ਼ੇ ਹੇਠ ਦਬ ਰਿਹਾ ਹੈ। ਇਸ ਤੋਂ ਇਲਾਵਾ ਝੋਨੇ ਦੀ ਫਸਲ ਲਾਉਣ ਸਮੇਂ ਕਣਕ ਦੇ ਨਾੜ ਦੇ ਮੁੱਢ ਗਲਦੇ ਨਹੀ, ਜਿਸ ਕਾਰਨ ਝੋਨੇ ਦੀ ਲਵਾਈ ਮੌਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸੂਬਾ ਸਰਕਾਰ ਸੱਚਮੁੱਚ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਸੁਹਿਰਦ ਹੈ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ 5 ਹਜਾਰ ਮੁਆਵਜ਼ਾ ਦਿਤਾ ਜਾਵੇ ਤਾਂ ਜੋ ਕਿਸਾਨ ਝੋਨੇ ਜਾਂ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਪ੍ਰਹੇਜ਼ ਕਰਨ।