
ਪੰਜਾਬੀ ਪਹਿਰਾਵਾ ਮੂਲ ਰੂਪ ਵਿਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਸਰੀਰ ਨੂੰ ਢੱਕਣ ਅਤੇ ਕੁਦਰਤੀ ਆਫਤਾਂ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ। ...
ਪੰਜਾਬੀ ਪਹਿਰਾਵਾ ਮੂਲ ਰੂਪ ਵਿਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਸਰੀਰ ਨੂੰ ਢੱਕਣ ਅਤੇ ਕੁਦਰਤੀ ਆਫਤਾਂ ਤੋਂ ਬਚਾਉਣ ਵਿਚ ਸਹਾਈ ਹੁੰਦਾ ਹੈ। ਪੰਜਾਬ ਅਨੇਕਾ ਭੂਗੋਲਿਕ ਟੁਕੜਿਆਂ ਦਾ ਖੇਤਰ ਹੈ, ਲੋਕਾਂ ਦਾ ਧੰਦਾ ਵੀ ਵੰਨ-ਸਵੰਨਾ ਹੈ। ਪੰਜਾਬ ਵਿਚ ਅਨੇਕਾਂ ਨਸਲਾਂ ਦੇ ਲੋਕ ਰਹਿੰਦੇ ਹਨ, ਜਿਸ ਕਾਰਨ ਇਹਨਾਂ ਦੇ ਪਹਿਰਾਵੇ ਵਿਚ ਵੰਨ ਸੁਵੰਨਤਾ ਹੋਣਾ ਸੁਭਾਵਿਕ ਹੈ। ਇਸ ਵੱਖਰਤਾ ਦੇ ਬਾਵਜੂਦ ਵੀ ਪਹਿਰਾਵੇ ਦੇ ਕੁਝ ਅਜਿਹੇ ਅੰਸ਼ ਸਾਂਝੇ ਹਨ, ਜਿਨ੍ਹਾਂ ਦੀ ਵਰਤੋਂ ਸਾਰੇ ਪੰਜਾਬੀ ਕਰਦੇ ਹਨ। ਪੰਜਾਬੀ ਪਹਿਰਾਵਾ ਵੈਦਿਕ ਕਾਲ ਤੋਂ ਆਰੰਭ ਹੋ ਕੇ ਕਈ ਪੜਾਆਂ ਵਿਚੋਂ ਲੰਘ ਕੇ ਇਸ ਰੂਪ ਵਿਚ ਆਇਆ ਹੈ।
punjabi dress
ਪਹਿਰਾਵੇ ਦਾ ਇਤਿਹਾਸ ਕਾਫੀ ਪ੍ਰਾਚੀਨ ਅਤੇ ਦਿਲਚਸਪ ਹੈ। ਵੈਦਿਕ ਸਮੇਂ ਵਿਚ ਪਹਿਰਾਵਾ ਕੇਲੇ, ਫਰਵਾਂਹ ਕੁਸ਼ਾ ਜਾਂ ਘਾਹ ਦੀ ਹੁੰਦੀ ਸੀ। ਇਸ ਤੋਂ ਬਾਅਦ ਚਮੜਾ, ਰੇਸ਼ਮ ਅਤੇ ਉੱਨ ਦੇ ਸਧਾਰਨ ਕਿਸਮ ਦੇ ਕੱਪੜੇ ਵਰਤੇ ਜਾਣ ਲੱਗ ਪਏ। ਚਮੜੇ ਤੋਂ ਬਣੇ ਕੱਪੜੇ ਮੌਸਮ ਬਦਲਣ 'ਤੇ ਇਹ ਸਰੀਰ ਲਈ ਸਹੀ ਨਹੀਂ ਰਹਿੰਦੇ ਸਨ। ਕਪਾਹ ਦੀ ਪੈਦਾਵਾਰ ਸ਼ੁਰੂ ਹੋਣ ਤੇ ਸਾਧਾਰਨ ਕਿਸਮ ਦਾ ਸੂਤੀ ਕੱਪੜਾ ਬਣਨ ਲੱਗ ਪਿਆ। ਸੂਤੀ ਕੱਪੜੇ ਪੰਜਾਬੀ ਲੋਕਾਂ ਦਾ ਮਨਭਾਉਂਦਾ ਕੱਪੜਾ ਬਣ ਗਿਆ। ਪੁਰਾਣੇ ਪੰਜਾਬ ਦੇ ਪਿੰਡਾ ਦੇ ਲੋਕ ਘਰ ਦੇ ਕੱਤੇ ਸੂਤ ਦੇ ਕੱਪੜੇ ਪਹਿਨਦੇ ਸਨ।
dress
ਪਿੰਡ ਦਾ ਦਰਜ਼ੀ ਜਾਂ ਘਰ ਦੀ ਸੁਆਣੀ ਖ਼ੁਦ ਹੀ ਸੂਈ ਧਾਗੇ ਨਾਲ ਤੋਪੇ ਭਰ ਕੇ ਘਰ ਵਿਚ ਹੀ ਕੱਪੜਾ ਤਿਆਰ ਕਰ ਲੈਂਦੀ ਸੀ। ਖੱਦਰ ਦਾ ਪਰਨਾ ਬੰਨ੍ਹ ਲਿਆ ਜਾਂਦਾ ਸੀ। ਹੌਲੀ-ਹੌਲੀ ਕਮੀਜ਼ਾ ਬਣਨ ਲੱਗੀਆਂ। ਤਿੱਖੇ ਕਾਲਰ, ਗੋਲ ਕਾਲਰ, ਲੰਮੇ ਕਾਲਰ, ਛੋਟੇ ਕਾਲਰ ਆਦਿ। ਇਹੋ ਕਮੀਜ਼ ਅੰਗਰੇਜ਼ੀ ਪ੍ਰਭਾਵ ਅਧੀਨ ਸ਼ਰਟ, ਟੀ ਸ਼ਰਟ, ਓਪਨ ਸ਼ਰਟ, ਬੂ-ਸ਼ਰਟ ਬਣ ਗਏ। ਮਨੁੱਖੀ ਜੀਵਨ ਦੇ ਵਿਕਾਸ ਦੇ ਨਾਲ ਨਾਲ ਕੱਪੜੇ ਦੀ ਬਣਤਰ ਅਤੇ ਬੁਣਤਰ ਦੋਵਾਂ ਵਿਚ ਹੀ ਪਰਿਵਰਤਨ ਹੁੰਦਾ ਰਿਹਾ ਹੈ। ਪੁਰਾਣੇ ਸਮੇਂ ਵਿਚ ਪੰਜਾਬੀ ਲੋਕ ਗੋਡਿਆਂ ਤੱਕ ਸੂਤੀ ਕਮੀਜ਼ਾਂ ਬੜੇ ਸ਼ੌਂਕ ਨਾਲ ਪਹਿਨਦੇ ਸਨ।
culture costume
ਸਿਰ ਉਪਰ ਪਟਕਾ ਰੱਖਦੇ ਸਨ, ਕਦੇ ਕਦਾਈਂ ਇਸ ਨੂੰ ਮੋਢੇ ਉਪਰ ਰੱਖਣ ਦਾ ਰਿਵਾਜ਼ ਵੀ ਰਿਹਾ ਹੈ। ਲੱਕ ਦੁਆਲੇ ਚਾਨਰ ਬੰਨ੍ਹਣ ਦੀ ਰਵਾਇਤ ਕਾਫ਼ੀ ਪੁਰਾਣੀ ਅਤੇ ਹਰਮਨ ਪਿਆਰੀ ਰਹੀ ਹੈ। ਪੰਜਾਬੀ ਲੋਕਾਂ ਦਾ ਪਹਿਰਾਵਾ ਵੀ ਉਨ੍ਹਾਂ ਦੇ ਸਰੀਰ ਵਾਂਗ ਹੀ ਖੁੱਲ੍ਹਾ ਡੁੱਲ੍ਹਾ ਹੁੰਦਾ ਸੀ। ਪੰਜਾਬੀ ਔਰਤਾਂ ਦਾ ਪਹਿਰਾਵਾ ਵੀ ਸਿੱਧਾ ਸਾਦਾ ਅਤੇ ਖੁੱਲ੍ਹਾ ਡੁੱਲ੍ਹਾ ਹੀ ਹੁੰਦਾ ਸੀ। ਔਰਤਾਂ ਫੁਲਕਾਰੀ ਲੈਂਦੀਆਂ ਸਨ। ਫੁਲਕਾਰੀ ਅਤੇ ਕੱਢੇ ਬਾਗ ਅੱਜ ਤਕ ਪੰਜਾਬੀ ਸਭਿਆਚਾਰ ਦਾ ਚਿੰਨ੍ਹ ਬਣੇ ਹੋਏ ਹਨ।
traditional costumes
ਸਮਾਂ ਬਦਲ ਜਾਣ ਉੱਤੇ ਪਹਿਰਾਵੇ ਦੀ ਨੁਹਾਰ ਵੀ ਬਦਲਦੀ ਰਹੀ। ਹਿੰਦੂ-ਸਿੱਖ ਬਰਾਦਰੀ ਵਿਚ ਘੁੰਡ ਅਤੇ ਮੁਸਲਮਾਨਾਂ ਵਿਚ ਬੁਰਕੇ ਦਾ ਰਿਵਾਜ ਰਿਹਾ। ਪੰਜਾਬ ਦੀ ਮੁਟਿਆਰ ਅਕਸਰ ਗੋਡਿਆਂ ਤਕ ਨੀਵੀਂ ਕਮੀਜ਼ ਤੇ ਖੁੱਲ੍ਹੇ ਪਹੁੰਚੇ ਦੀ ਸਲਵਾਰ ਪਹਿਨਦੀ ਸੀ। ਸਿਰ ਅਤੇ ਮੋਢਿਆਂ ਉਪਰ ਚੁੰਨੀ, ਦੁਪੱਟਾ ਜਾਂ ਦੂਹਰਾ ਦੁਪੱਟਾ (ਦੋਹਸੜੀਆ) ਲਿਆ ਜਾਂਦਾ ਸੀ। ਪੈਰਾਂ ਵਿਚ ਪਿੰਡ ਦੇ ਮੋਚੀ ਦੀ ਬਣਾਈ ਸਾਧਾਰਨ ਕਿਸਮ ਦੀ ਜੁੱਤੀ ਹੁੰਦੀ ਸੀ।