Advertisement

ਏਡਜ਼ ਤੋਂ ਕਿਵੇਂ ਬਚੀਏ

ਸਪੋਕਸਮੈਨ ਸਮਾਚਾਰ ਸੇਵਾ
Published Apr 14, 2019, 2:19 pm IST
Updated Apr 14, 2019, 2:19 pm IST
ਜਾਣੋ ਕਿਵੇਂ ਕੀਤਾ ਜਾ ਸਕਦਾ ਹੈ ਬਚਾਅ
Health AIDS survival treatment
 Health AIDS survival treatment

ਏਡਜ਼ ਵਰਗੀ ਬਿਮਾਰੀ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਹੈ। 1980 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਐੱਚਆਈਵੀ ਏਡਜ਼ ਦੀ ਉਤਪੱਤੀ ਨੇ ਵਿਗਿਆਨੀਆਂ ਨੂੰ ਉਲਝਣ ਵਿਚ ਪਾਇਆ ਹੋਇਆ ਹੈ। ਏਡਜ਼ ਦੀ ਸ਼ੁਰੂਆਤ 39 ਮਾਮਲੇ ਸਭ ਤੋਂ ਪਹਿਲਾਂ 1980 ਵਿਚ ਉਦੋਂ ਸਾਹਮਣੇ ਆਏ, ਜਦੋਂ ਨਿਊਯਾਰਕ ਤੇ ਕੈਲੀਫੋਰਨੀਆਂ ਵਿਚ ਕੁਝ ਸਮਲਿੰਗੀਆਂ ਨੂੰ ਅਜਿਹੇ ਇਨਫੈਕਸ਼ਨ ਤੇ ਕੈਂਸਰ ਹੋਣ ਲੱਗਾ, ਜਿਹਨਾਂ ਤੇ ਕਿਸੇ ਵੀ ਦਵਾਈ ਦਾ ਕੋਈ ਅਸਰ ਨਹੀਂ ਹੁੰਦਾ।

PhotoPhoto

ਏਡਜ਼ ਐੱਚਆਈਵੀ ਵਾਇਰਸ ਕਾਰਨ ਹੋਣ ਵਾਲੀ ਇਨਫੈਕਸ਼ਨ, ਬਿਮਾਰੀ, ਕੈਂਸਰ ਅਤੇ ਉਹਨਾਂ ਦੇ ਲੱਛਣਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਅਜਿਹਾ ਵਾਇਰਸ ਹੈ ਜੋ ਮਨੁੱਖੀ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਤੰਤਰ ਦੇ ਮੁੱਖ ਸੈਲਾਂ ਨੂੰ ਨਸ਼ਟ ਕਰ ਦਿੰਦਾ ਹੈ ਜਾਂ ਉਹਨਾਂ ਦੇ ਕੰਮ ਕਰਨ ਦੀ ਤਾਕਤ ਘਟਾ ਦਿੰਦਾ ਹੈ। ਇਸ ਨਾਲ ਵਿਅਕਤੀ ਦੀ ਸਿਹਤ ਖਰਾਬ ਹੋਣ ਲੱਗਦੀ ਹੈ ਅਤੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਚੱਲਦਾ ਕਿ ਉਹਨਾਂ ਤੇ ਐਚਆਈਵੀ ਵਾਇਰਸ ਹਮਲਾ ਹੋ ਚੁੱਕਾ ਹੈ ਕਿਉਂਕਿ ਇਸ ਦਾ ਪਤਾ ਸੰਕ੍ਰਮਣ ਹੁੰਦਿਆਂ ਸਾਰ ਨਹੀਂ ਲਗਦਾ।

PhotoPhoto

ਕੁਝ ਲੋਕਾਂ ਵਿਚ ਪਹਿਲੇ ਤੋਂ ਛੇਵੇਂ ਹਫਤੇ ਦੌਰਾਨ ਬੁਖਾਰ ਚਮੜੀ ਰੋਗ ਤੇ ਜੋੜਾਂ ਦੇ ਦਰਦ ਵਰਗੇ ਲੱਛਣ ਵੇਖੇ ਜਾਂਦੇ ਹਨ। ਸਾਹ ਦੀਆਂ ਬਿਮਾਰੀਆਂ ਦਾ ਵਾਰ-ਵਾਰ ਹੋਣਾ, ਭਾਰ ਘਟਣਾ, ਬੁਖ਼ਾਰ, ਪੇਟ ਖ਼ਰਾਬ ਰਹਿਣਾ, ਟੀਬੀ ਹੋਣਾ, ਬੈਕਟੀਰੀਆ ਨਾਲ ਮੂੰਹ ਵਿਚ ਸੋਜ਼ ਤੇ ਐੱਚਆਈਵੀ ਨਾਲ ਸਬੰਧਤ 22 ਮੁੱਖ ਇਨਫੈਕਸ਼ਨਾਂ ਤੇ ਕੈਂਸਰ ਦਾ ਹੋਣਾ ਆਦਿ ਏਡਜ਼ ਦੀਆਂ ਵੱਖ-ਵੱਖ ਸਟੇਜ਼ਾਂ ਦੇ ਲੱਛਣ ਹਨ। ਏਡਜ਼ ਐੱਚਆਈਵੀ ਇਨਫੈਕਸ਼ਨ ਦੀ ਸਭ ਤੋਂ ਆਖ਼ਰੀ ਸਟੇਜ਼ ਹੈ।

ਇਨਸਾਨੀ ਸਰੀਰ ਵਿਚ ਐੱਚਆਈਵੀ ਵਾਇਰਸ ਖ਼ੂਨ, ਇਸਤਰੀ ਜਾਂ ਪੁਰਸ਼ਾਂ ਦੇ ਗੁਪਤ ਅੰਗਾਂ 'ਚੋਂ ਪੈਦਾ ਹੋਣ ਵਾਲੇ ਰਸ ਜਾਂ ਦ੍ਰਵ ਅਤੇ ਮਾਂ ਦੇ ਦੁੱਧ ਵਿਚ ਪਾਇਆ ਜਾਂਦਾ ਹੈ। ਸਿਰਫ਼ ਦੇਖਣ 'ਤੇ ਇਹ ਪਤਾ ਨਹੀਂ ਲਗਦਾ ਕਿ ਵਿਅਕਤੀ ਐੱਚਆਈਵੀ ਪਾਜ਼ੇਟਿਵ ਹੈ ਜਾਂ ਨਹੀਂ। ਐੱਚਆਈਵੀ ਪਾਜ਼ੇਟਿਵ ਵਿਅਕਤੀ ਪੂਰੀ ਤਰ੍ਹਾਂ ਸਿਹਤਮੰਦ ਲੱਗ ਸਕਦਾ ਹੈ ਪਰ ਫਿਰ ਵੀ ਉਨ੍ਹਾਂ ਤੋਂ ਐੱਚਆਈਵੀ ਵਾਇਰਸ ਤੁਹਾਡੇ ਤਕ ਪਹੁੰਚ ਸਕਦਾ ਹੈ। 


PhotoPhoto

ਐੱਚਆਈਵੀ ਇਨਫੈਕਸ਼ਨ ਦੇ ਹੋਣ ਦਾ ਪਤਾ ਕਰਨ ਦਾ ਇੱਕੋ ਇਕ ਤਰੀਕਾ ਟੈਸਟ ਹੈ। ਸਿਰਫ਼ ਖ਼ੂਨ ਟੈਸਟ ਕਰਨ ਨਾਲ ਹੀ ਇਹ ਪਤਾ ਲਗਦਾ ਹੈ ਕਿ ਵਿਅਕਤੀ ਐੱਚਆਈਵੀ ਪਾਜ਼ੇਟਿਵ ਹੈ ਜਾਂ ਨੈਗੇਟਿਵ। ਐੱਚਆਈਵੀ ਵਾਇਰਸ ਤੋਂ ਪੀੜਤ ਮਰੀਜ਼ ਨੂੰ ਰੋਜ਼ਾਨਾ ਮਿਲਣ, ਹੱਥ ਮਿਲਾਉਣ ਜਾਂ ਗਲੇ ਮਿਲਣ, ਇਕੱਠਿਆਂ ਰੋਟੀ ਖਾਣ, ਖੇਡਣ, ਛਿੱਕਾਂ ਜਾਂ ਖਾਂਸੀ ਨਾਲ ਇਹ ਇਨਫੈਕਸ਼ਨ ਨਹੀਂ ਫੈਲਦਾ। ਇਸ ਲਈ ਐੱਚਆਈਵੀ ਪਾਜ਼ੇਟਿਵ ਮਰੀਜ਼ ਨੂੰ ਮਿਲਣ ਤੋਂ ਨਹੀਂ ਘਬਰਾਉਣਾ ਚਾਹੀਦਾ।

ਥੁੱਕ ਰਾਹੀਂ ਇਸ ਵਾਇਰਸ ਦੇ ਫੈਲਣ ਦਾ ਅਜੇ ਤਕ ਕੋਈ ਸਬੂਤ ਨਹੀਂ ਮਿਲਿਆ। ਐੱਚਆਈਵੀ ਵਾਇਰਸ ਮੱਛਰ ਜਾਂ ਕਿਸੇ ਹੋਰ ਕੀੜੇ ਦੇ ਕੱਟਣ ਨਾਲ ਵੀ ਨਹੀਂ ਫੈਲਦਾ। ਜੇ ਐੱਚਆਈਵੀ ਵਾਇਰਸ ਕਿਸੇ ਮੱਛਰ ਜਾਂ ਹੋਰ ਕੀੜੇ ਦੇ ਸਰੀਰ ਵਿਚ ਪਹੁੰਚ ਵੀ ਜਾਵੇ ਤਾਂ ਇਹ ਉੱਥੇ ਪਨਪ ਨਹੀਂ ਸਖ਼ਦਾ ਕਿਉਂਕਿ ਕਿਸੇ ਮੱਛਰ ਜਾਂ ਕੀੜੇ ਨੂੰ ਐੱਚਆਈਵੀ ਇਨਫੈਕਸ਼ਨ ਨਹੀਂ ਹੋ ਸਕਦੀ। ਇਸ ਲਈ ਉਹ ਕਿਸੇ ਮਨੁੱਖ ਨੂੰ ਕੱਟਣ 'ਤੇ ਐੱਚਆਈਵੀ ਇਨਫੈਕਸ਼ਨ ਨਹੀਂ ਫੈਲਾ ਸਕਦਾ।

PhotoPhoto

ਸਰੀਰਕ ਸਬੰਧਾਂ ਰਾਹੀਂ ਐੱਚਆਈਵੀ ਇਨਫੈਕਸ਼ਨ ਹੋਣ ਤੋਂ ਸਿਰਫ ਪਰਹੇਜ਼ ਕਰ ਕੇ ਹੀ ਬਚਿਆ ਜਾ ਸਕਦਾ ਹੈ। ਛੋਟੀ ਉਮਰ ਵਿਚ ਜਿਨਸੀ ਸਬੰਧ ਨਾ ਬਣਾ ਕੇ ਅਤੇ ਇਨ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਜਾਂਚ ਤੇ ਇਲਾਜ ਕਰਵਾ ਕੇ ਵੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਰੀਜ਼ ਨੂੰ ਖ਼ੂਨ ਚੜ੍ਹਾਉਣ ਤੋਂ ਪਹਿਲਾਂ ਇਹ ਜਾਂਚ ਕੀਤੀ ਜਾਵੇ ਕਿ ਖ਼ੂਨ ਦੇਣ ਵਾਲਾ ਵਿਅਕਤੀ ਐੱਚਆਈਵੀ ਨੈਗੇਟਿਵ ਹੋਵੇ ਅਤੇ ਹਰ ਵਾਰ ਨਵੀਂ ਅਤੇ ਹਰ ਵਿਅਕਤੀ ਲਈ ਵੱਖਰੀ ਸਰਿੰਜ, ਸੂਈ ਤੇ ਬਲੇਡ ਵਰਤ ਕੇ ਵੀ ਏਡਜ਼ ਤੋਂ ਬਚਿਆ ਜਾ ਸਕਦਾ ਹੈ।

ਬਿਨਾਂ ਸਟਰਲਾਈਜ਼ ਕੀਤੇ ਰੇਜ਼ਰ, ਚਾਕੂ ਜਾਂ ਤੇਜ਼ਧਾਰ ਔਜਾਰ ਨਾਲ ਐੱਚਆਈਵੀ ਵਾਇਰਸ ਇਕ ਤੋਂ ਦੂਜੇ ਵਿਅਕਤੀ ਨੂੰ ਪਹੁੰਚ ਸਕਦਾ ਹੈ। ਇਸ ਲਈ ਰੇਜ਼ਰ, ਬਲੇਡ ਤੇ ਅਜਿਹੀਆਂ ਤੇਜ਼ਧਾਰ ਵਸਤਾਂ ਸਾਂਝੇ ਤੌਰ 'ਤੇ ਨਾ ਵਰਤਣੀਆਂ ਜਾਣ। ਗਰਭ-ਅਵਸਥਾ ਵਿਚ ਜਾਂ ਬੱਚਾ ਪੈਦਾ ਹੋਣ ਤੋਂ ਬਾਅਦ ਦੁੱਧ ਪਿਲਾਉਣ ਸਮੇਂ ਐੱਚਆਈਵੀ ਤੋਂ ਪ੍ਰਭਾਵਿਤ ਮਾਂ ਤੋਂ ਬੱਚੇ ਨੂੰ ਐੱਚਆਈਵੀ ਹੋਣ ਦਾ ਖ਼ਤਰਾ ਹੋ ਸਕਦਾ ਹੈ।

ਇਹ ਖ਼ਤਰਾ ਏਆਰਟੀ ਦਵਾਈਆਂ ਨਾਲ ਇਲਾਜ ਕਰ ਕੇ, ਸਿਜ਼ੇਰੀਅਨ ਤਰੀਕਿਆਂ ਤੇ ਮਾਂ ਦਾ ਦੁੱਧ ਪਿਲਾਉਣ ਤੋਂ ਪਰਹੇਜ਼ ਕਰ ਕੇ ਘਟਾਇਆ ਜਾ ਸਕਦਾ ਹੈ। ਜੇ ਕਿਸੇ ਨੂੰ ਐੱਚਆਈਵੀ ਇਨਫੈਕਸ਼ਨ ਹੋਣ ਦਾ ਸ਼ੱਕ ਹੋਵੇ ਤਾਂ ਛੇਤੀ ਡਾਕਟਰੂ ਸਲਾਹ ਲੈਣੀ ਚਾਹੀਦੀ ਹੈ ਅਤੇ ਐੱਚਆਈਵੀ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਪਤਾ ਲੱਗੇ ਕਿ ਵਿਅਕਤੀ ਐੱਚਆਈਵੀ ਪਾਜ਼ੇਟਿਵ ਹੈ ਤਾਂ ਉਸ ਨੂੰ ਡਾਕਟਰ ਦੇ ਦੱਸੇ ਅਨੁਸਾਰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤਾਂ ਕਿ ਐੱਚਆਈਵੀ ਵਾਇਰਸ ਉਸ ਤੋਂ ਕਿਸੇ ਹੋਰ ਵਿਅਕਤੀ ਤਕ ਨਾ ਪਹੁੰਚ ਸਕੇ।

Advertisement
Advertisement
Advertisement

 

Advertisement