
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਚੰਗੀ ਖ਼ਬਰ
ਵਾਸ਼ਿੰਗਟਨ : ਕਈ ਵਿਅਕਤੀਆਂ ਨੂੰ ਤੇਜ਼ ਨਮਕ ਖਾਣ ਦੀ ਆਦਤ ਹੁੰਦੀ ਹੈ ਪਰ ਜ਼ਿਆਦਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਅਜਿਹੇ ਵਿਅਕਤੀਆਂ ਲਈ ਇਕ ਚੰਗੀ ਖ਼ਬਰ ਹੈ। ਅਮਰੀਕਾ ਦੀ ਪੈਨ ਯੂਨੀਵਰਸਟੀ ਦੇ ਖੋਜਕਰਤਾਵਾਂ ਨੇ ਲਭਿਆ ਹੈ ਕਿ ਪਨੀਰ 'ਚ ਕੁੱਝ ਕੁਦਰਤੀ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕਿ ਬਹੁਤ ਜ਼ਿਆਦਾ ਨਮਕ ਖਾਣ ਕਰ ਕੇ ਖ਼ੂਨ ਦੀਆਂ ਨਾੜੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਕਰ ਸਕਦੇ ਹਨ।
ਮੁੱਖ ਖੋਜਕਰਤਾ ਬਿੱਲੀ ਅਲਬਾ ਨੇ ਇਕ ਬਿਆਨ 'ਚ ਕਿਹਾ, ''ਭੋਜਨ 'ਚ ਸੋਡੀਅਮ (ਨਮਕ) ਦੀ ਮਾਤਰਾ ਘਟਾਉਣ 'ਤੇ ਜ਼ੋਰ ਦਿਤਾ ਜਾ ਰਿਹਾ ਹੈ ਪਰ ਕਈ ਲੋਕਾਂ ਨੂੰ ਅਜਿਹਾ ਕਰਨਾ ਪਸੰਦ ਨਹੀਂ ਹੁੰਦਾ। ਪਰ ਪਨੀਰ ਵਰਗੇ ਡੇਅਰੀ ਉਤਪਾਦ ਜ਼ਿਆਦਾ ਤੋਂ ਜ਼ਿਆਦਾ ਖਾਣੇ 'ਚ ਪ੍ਰਯੋਗ ਕਰਨ ਨਾਲ ਜ਼ਿਆਦਾ ਨਮਕ ਖਾਣ ਕਰ ਕੇ ਹੋਏ ਨਾੜਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ।'' ਹਾਲਾਂਕਿ ਪਨੀਰ ਨੂੰ ਜ਼ਿਆਦਾ ਚਰਬੀ ਹੋਣ ਕਰ ਕੇ ਬਹੁਤਾ ਚੰਗਾ ਨਹੀਂ ਮੰਨਿਆ ਜਾਂਦਾ। ਪਨੀਰ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਹੋਣ ਕਰ ਕੇ ਇਸ ਨੂੰ ਦੰਦਾਂ ਅਤੇ ਹੱਡੀਆਂ ਲਈ ਚੰਗਾ ਭੋਜਨ ਮੰਨਿਆ ਜਾਂਦਾ ਹੈ।
ਅਪਣੀ ਖੋਜ ਲਈ ਪੈਨ ਸੂਬੇ ਦੇ ਅਧਿਐਨਕਰਤਾਵਾਂ ਨੇ 11 ਵਿਅਕਤੀਆਂ ਨੂੰ ਚੁਣਿਆ ਜਿਨ੍ਹਾਂ ਨੂੰ ਨਮਕ ਕਰ ਕੇ ਉੱਚ ਬਲੱਡ ਪ੍ਰੈਸ਼ਰ ਸੀ। ਇਨ੍ਹਾਂ 'ਚੋਂ ਜ਼ਿਆਦਾ ਨਮਕ ਵਾਲਾ ਭੋਜਨ ਖਾਣ ਵਾਲੇ ਵਿਅਕਤੀਆਂ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਵੇਖਿਆ ਗਿਆ। ਪਰ ਜਦੋਂ ਉਸੇ ਵਿਅਕਤੀਆਂ ਨੂੰ ਜ਼ਿਆਦਾ ਨਮਕ ਅਤੇ ਜ਼ਿਆਦਾ ਪਨੀਰ ਵਾਲਾ ਭੋਜਨ ਦਿਤਾ ਗਿਆ ਤਾਂ ਉਸ ਨੂੰ ਕੋਈ ਸਮੱਸਿਆ ਨਹੀਂ ਆਈ। ਅੱਜ ਜਦੋਂ ਦੁਨੀਆਂ 'ਚ ਬਹੁਤ ਸਾਰੇ ਲੋਕ ਉੱਚ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਤਾਂ ਇਸ ਖੋਜ ਦੇ ਦੂਰਗਾਮੀ ਨਤੀਜੇ ਹੋ ਸਕਦੇ ਹਨ।