
ਮਨੁੱਖੀ ਜ਼ਿੰਦਗੀ ਜੀਵਨ ਦੇ ਤਿੰਨ ਪੜਾਵਾਂ ਵਿਚੋਂ ਲੰਘਦੀ ਹੈ। ਜੀਵਨ ਦੇ ਹਰ ਪੜਾਅ ਦਾ ਵਖੋ ਵਖਰਾ ਅਦਬ ਤੇ ਮਹੱਤਵ ਹੈ।
ਮਨੁੱਖੀ ਜ਼ਿੰਦਗੀ ਜੀਵਨ ਦੇ ਤਿੰਨ ਪੜਾਵਾਂ ਵਿਚੋਂ ਲੰਘਦੀ ਹੈ। ਜੀਵਨ ਦੇ ਹਰ ਪੜਾਅ ਦਾ ਵਖੋ ਵਖਰਾ ਅਦਬ ਤੇ ਮਹੱਤਵ ਹੈ। ਹਰ ਮਨੁੱਖ ਸਦਾ ਇਹੀ ਕੋਸ਼ਿਸ਼ ਕਰਦਾ ਹੈ ਕਿ ਉਹ ਸਾਰੀ ਜ਼ਿੰਦਗੀ ਅਪਣੇ ਜੱਦੀ ਤੇ ਵਿਰਾਸਤੀ ਘਰ ਵਿਚ ਹੀ ਗੁਜ਼ਾਰੇ ਪਰ ਸਮੇਂ ਦੇ ਹਾਲਾਤ ਅਨੁਸਾਰ ਕਈ ਵਾਰ ਰੋਟੀ ਰੋਜ਼ੀ ਦੀ ਖ਼ਾਤਰ ਅਪਣੇ ਜੱਦੀ ਪਿੰਡ ਜਾਂ ਪਿੰਡ ਦੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨਾਲ ਨਿੱਕੀ ਉਮਰੇ ਮੌਜ ਮਸਤੀਆਂ ਕੀਤੀਆਂ, ਛੱਡਣਾ ਪੈਂਦਾ ਹੈ। ਬਾਲ ਅਵਸਥਾ ਕੁਦਰਤ ਦੀ ਇਕ ਅਜਿਹੀ ਸੌਗਾਤ ਹੈ ਜਿਸ ਵਿਚ ਜ਼ਿੰਦਗੀ ਦੇ ਬੇਸ਼ੁਮਾਰ ਕੀਮਤੀ ਬਹੁਮੁੱਲੇ ਰੰਗ ਘੁੱਲੇ ਹੁੰਦੇ ਹਨ। ਇਸ ਉਮਰ ਵਿਚ ਨਾ ਕੋਈ ਦੇਣ-ਲੈਣ ਦਾ ਤੇ ਨਾ ਹੀ ਕੋਈ ਕਮਾ ਕੇ ਲਿਆਉਣ ਦਾ ਫ਼ਿਕਰ ਹੁੰਦਾ ਹੈ। ਬਸ ਅਪਣੇ ਮਾਪਿਆਂ ਵਲੋਂ ਮਿਲੇ ਕੁੱਝ ਕੁ ਸਿਕਿਆਂ ਨੂੰ ਖ਼ਰਚ ਕੇ ਏਨਾ ਸਕੂਨ ਮਿਲਦਾ ਸੀ ਜਿਸ ਅੱਗੇ ਵੱਡੀ ਉਮਰੇ ਕਮਾਈ ਕਰ ਕੇ ਕੀਤੇ ਜਾਂਦੇ ਬੇਹਿਸਾਬ ਖ਼ਰਚੇ ਵੀ ਨਿਗੂਣੇ ਜਾਪਦੇ ਹਨ।
Childhood days
ਮੈਨੂੰ ਯਾਦ ਹੈ ਜਦੋਂ ਮੈਂ ਤੀਹ ਕੁ ਸਾਲ ਪਹਿਲਾਂ ਅਪਣੇ ਪਿੰਡ ਰਹਿੰਦਾ ਹੁੰਦਾ ਸੀ। ਮੈਂ ਪਿੰਡ ਦੀ ਹਰ ਗਲੀ ਵਿਚ ਅਪਣੇ ਹਾਣੀਆਂ ਨਾਲ ਮੌਜ ਮਸਤੀਆਂ ਕਰਦਾ ਹੁੰਦਾ ਸੀ। ਅਸੀ ਸਾਰੇ ਉਸ ਵੇਲੇ ਜ਼ਿੰਦਗੀ ਦੇ ਅਣਮੁੱਲੇ ਰੰਗ ਮਾਣਦੇ ਹੁੰਦੇ ਸੀ। ਹਾਣੀਆਂ ਨਾਲ ਨਿੱਕੀ-ਨਿੱਕੀ ਗੱਲ ਤੇ ਲੜਨਾ-ਝਗੜਨਾ ਤੇ ਫਿਰ ਅੰਗੂਠੇ ਤੇ ਚੀਚੀ ਨੂੰ ਆਪਸ ਵਿਚ ਮਿਲਾ ਕੇ ਫਿਰ ਤੋਂ ਦੋਸਤੀ ਦਾ ਐਲਾਨ ਕਰਨਾ ਤੇ ਗਲਵਕੜੀ ਪਾ ਕੇ ਮਿਲਣਾ ਮਨ ਨੂੰ ਬਹੁਤ ਸਕੂਨ ਦਿੰਦਾ ਹੁੰਦਾ ਸੀ। ਦਰੱਖ਼ਤਾਂ ਦੀਆਂ ਟਾਹਣੀਆਂ ਤੋੜ ਕੇ ਉਨ੍ਹਾਂ ਦੀਆਂ ਬਣਾਈਆਂ ਟੇਢੀਆਂ-ਮੇਢੀਆਂ ਖੂੰਡੀਆਂ ਨਾਲ ਲੀਰਾਂ ਦੀ ਬਣਾਈ ਹੋਈ ਖਿੱਦੋ ਨਾਲ ਖੇਡਣਾ ਤੇ ਉਸ ਖਿੱਦੋ ਨੂੰ ਮੁੜ ਲੀਰੋ ਲੀਰ ਕਰ ਦੇਣਾ। ਕਦੇ ਕੱਚ ਦੀਆਂ ਗੋਲੀਆਂ, ਪੀਚੋ, ਗੁੱਲੀ ਡੰਡਾ ਤੇ ਮਿੱਟੀ ਦੇ ਢੇਰ ਉਤੇ ਘਰ ਬਣਾਉਣੇ, ਇਸ ਉਮਰ ਦੀ ਇਕ ਅਦੁਤੀ ਪੇਸ਼ਕਾਰੀ ਹੁੰਦੀ ਸੀ।
Childhood days
ਸਾਈਕਲ ਦੇ ਪੁਰਾਣੇ ਟਾਇਰ ਤੇ ਚਕਿਆਂ ਨੂੰ ਡੰਡੇ ਨਾਲ ਇਕ ਦੂਜੇ ਤੋਂ ਵੱਧ ਭਜਾਉਣ ਦਾ ਨਜ਼ਾਰਾ ਅੱਜ ਦੀਆਂ ਕਾਰਾਂ ਨਾਲੋਂ ਕਿਤੇ ਵੱਧ ਆਉਂਦਾ ਸੀ। ਸਕੂਲ ਵਿਚ ਜਾ ਕੇ ਅਪਣੇ ਸੱਭ ਤੋਂ ਪਿਆਰੇ ਸਾਥੀ ਲਈ ਥਾਂ ਬਣਾਉਣੀ, ਬਹੁਤ ਵਧੀਆ ਲਗਦਾ ਹੁੰਦਾ ਸੀ। ਲਗਭਗ ਸਾਰੇ ਹੀ ਪਿੰਡ ਦੇ ਬੱਚਿਆਂ ਦਾ ਇਕੋ ਹੀ ਸਕੂਲ ਵਿਚ ਪੜ੍ਹਨ ਆਉਣਾ ਤੇ ਗੁਆਂਢ ਦੇ ਬੱਚਿਆਂ ਦਾ ਇਕ-ਦੂਜੇ ਦੇ ਘਰ ਤੋਂ ਕਿਤਾਬਾਂ-ਕਾਪੀਆਂ ਮੰਗ ਕੇ ਲਿਆਉਣੀਆਂ ਤੇ ਉੱਥੇ ਹੀ ਇਕੱਠਿਆਂ ਚਾਹ-ਰੋਟੀ ਖਾ ਪੀ ਲੈਣੀ ਕਿੰਨਾਂ ਪਿਆਰ ਤੇ ਸਤਿਕਾਰ ਭਰਿਆ ਲਹਿਜਾ ਸੀ। ਕਈ ਵਾਰ ਮਸਤਪਣੇ ਵਿਚ ਚਰਖਾ ਕਤਦੀਆਂ ਚਾਚੀਆਂ, ਤਾਈਆਂ ਤੇ ਹੋਰ ਪਿੰਡ ਦੀਆਂ ਔਰਤਾਂ ਦੇ ਤਕਲੇ ਵਿੰਗੇ ਕਰਨੇ, ਚਰਮਖਾਂ ਤੋੜਨੀਆਂ, ਮਾਲ੍ਹ ਢਿੱਲੀ ਕਰ ਦੇਣੀ, ਗਲੋਟੇ ਉਧੇੜ ਕੇ ਭੱਜ ਜਾਣਾ, ਫਿਰ ਉਨ੍ਹਾਂ ਤੋਂ ਮਿੱਠੀਆਂ-ਮਿਠੀਆਂ ਝਿੜਕਾਂ ਖਾਣੀਆਂ, ਜੋ ਮਰੁੰਡਿਆਂ ਦੀ ਮਿਠਾਸ ਤੋਂ ਘੱਟ ਨਹੀਂ ਸਨ ਲਗਦੀਆਂ। ਤਾਣਾ-ਤਣਦੀਆਂ ਹੋਈਆਂ ਤੋਂ ਕੁਚ ਫੜ ਕੇ ਫੇਰਨ ਤੇ ਤਾਣੀ ਦੇ ਹੇਠ ਦੀ ਵਿੰਗ ਵਲ ਖਾ ਕੇ ਲੰਘਣ ਦਾ ਵਖਰਾ ਹੀ ਸੌਂਕ ਹੁੰਦਾ ਸੀ।
Childhood days
ਅਸੀ ਗੁਆਂਢੀ ਪਿੰਡਾਂ ਵਿਚ ਲਗਦੇ ਮੇਲਿਆਂ ਵਿਚ ਦੁਲੱਤੇ ਮਾਰਦੇ ਜਾਣਾ ਤੇ ਉਥੇ ਜਾ ਕੇ ਦੁਕਾਨ ਤੋਂ ਦੋ ਰੁਪਏ ਦੇ ਕੇ ਖਾਣ ਲਈ ਚੀਜੀ ਲੈਣਾ। ਉਹ ਚੀਜੀ ਅੱਜ ਦੇ ਮਹਿੰਗੇ ਖਾਣਿਆਂ ਤੋਂ ਕਿਤੇ ਜ਼ਿਆਦਾ ਚੰਗੀ ਤੇ ਆਨੰਦਮਈ ਹੁੰਦੀ ਸੀ। ਹੋਲੀ, ਦੀਵਾਲੀ ਤੇ ਲੋਹੜੀ ਵਰਗੇ ਪਵਿੱਤਰ ਤਿਉਹਾਰਾਂ ਨੂੰ ਰਲ ਮਿਲ ਕੇ ਹਾਸੇ ਠੱਠੇ ਨਾਲ ਮਨਾਉਣ ਦਾ ਬੜਾ ਹੀ ਚਾਅ ਹੁੰਦਾ। ਲੋਹੜੀ ਵਾਲੇ ਦਿਨ ਸਵੇਰ ਤੋਂ ਹੀ ਘਰਾਂ ਵਿਚੋਂ ਪਾਥੀਆਂ ਮੰਗ ਕੇ ਇਕੱਠੀਆਂ ਕਰਦੇ ਤੇ ਕਾਫ਼ੀ ਵੱਡੀ ਤੇ ਉੱਚੀ ਲੋਹੜੀ ਬਣਾ ਲੈਣੀ ਕਿਉਂਕਿ ਉਨ੍ਹਾਂ ਸਮਿਆਂ ਵਿਚ ਪਿੰਡ ਵਿਚ ਇਕੋ ਹੀ ਲੋਹੜੀ ਬਾਲੀ ਜਾਂਦੀ ਸੀ। ਲੋਹੜੀ ਬਾਲਣ ਦਾ ਖ਼ੂਬ ਨਜ਼ਾਰਾ ਹੁੰਦਾ ਸੀ। ਉਸ ਦਿਨ ਪਿੰਡ ਦੇ ਜਿਨ੍ਹਾਂ ਘਰਾਂ ਵਿਚ ਮੁੰਡਾ ਜਨਮਿਆ ਹੁੰਦਾ ਸੀ, ਉਹ ਖ਼ੁਸ਼ੀ ਵਿਚ ਪਰਾਤਾਂ ਭਰ ਕੇ ਗੁੜ ਤੇ ਰਿਉੜੀਆਂ ਵੰਡਦੇ ਹੁੰਦੇ ਸੀ ਤੇ ਅਸੀ ਵਾਰ-ਵਾਰ ਲੈ ਕੇ ਖਾਂਦੇ ਹੁੰਦੇ ਸਾਂ।
Childhood
ਬੇਸ਼ਕ ਕੁਦਰਤ ਦੇ ਨਿਯਮਾਂ ਮੁਤਾਬਕ ਹਰ ਮਨੁੱਖ ਨੇ ਬਚਪਨ ਤੋਂ ਬਾਅਦ ਜਵਾਨੀ ਤੇ ਫਿਰ ਬਿਰਧ ਅਵਸਥਾ ਵਿਚ ਵੀ ਪ੍ਰਵੇਸ਼ ਕਰ ਕੇ ਵੱਖ-ਵੱਖ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਤੇ ਉਨ੍ਹਾਂ ਨੂੰ ਪੂਰਾ ਕਰਨਾ ਹੁੰਦਾ ਹੈ। ਪਰ ਜੋ ਨਜ਼ਾਰੇ ਬਚਪਨ ਵਾਲੀ ਉਮਰ ਵਿਚ ਮਿਲਦੇ ਸਨ, ਉਹ ਨਜ਼ਾਰੇ ਮੁੜ ਕੇ ਨਹੀਂ ਥਿਆਉਂਦੇ। ਬਚਪਨ ਦੇ ਇਨ੍ਹਾਂ ਨਜ਼ਾਰਿਆਂ ਨੂੰ ਕੋਈ ਮਰਦੇ ਦਮ ਤਕ ਨਹੀਂ ਭੁਲਾ ਸਕਦਾ। ਜ਼ਿੰਦਗੀ ਵਿਚ ਜਿੰਨਾ ਸਕੂਨ ਇਸ ਉਮਰ ਦੌਰਾਨ ਬਿਤਾਏ ਪਲਾਂ ਵਿਚੋਂ ਮਿਲਦਾ ਹੈ, ਉਸ ਦੇ ਸਾਹਮਣੇ ਕੋਠੀਆਂ, ਕਾਰਾਂ, ਮਹਿਲ, ਮੁਨਾਰਿਆਂ ਦਾ ਕੱਦ ਵੀ ਬਹੁਤ ਛੋਟਾ ਜਾਪਦਾ ਹੈ। ਪਰ ਅਜੋਕੇ ਸਮੇਂ ਵਿਚ ਬਦਲਦੇ ਹਾਲਾਤ ਤੇ ਪ੍ਰਵਾਰਾਂ ਦੇ ਛੋਟੇ ਅਕਾਰ ਸਦਕਾ ਬੱਚਿਆਂ ਦੀ ਸਾਂਭ ਸੰਭਾਲ ਦੀ ਸਮੱਸਿਆ ਕਾਰਨ ਹੁਣ ਜ਼ਿਆਦਾਤਰ ਬੱਚਿਆਂ ਦਾ ਬਚਪਨ ਹੋਸਟਲਾਂ ਤੇ ਹੋਰ ਕਰੱਚਾਂ ਵਿਚ ਹੀ ਬੀਤ ਜਾਂਦਾ ਹੈ।
Childhood days
ਅੱਜ ਬਹੁਤ ਹੀ ਘੱਟ ਬੱਚਿਆਂ ਨੂੰ ਇਹ ਮੌਜ ਮਸਤੀਆਂ ਵਾਲਾ ਬਚਪਨ ਦਾ ਆਨੰਦ ਭਰਪੂਰ ਸਮਾਂ ਬਿਤਾਉਣਾ ਨਸੀਬ ਹੁੰਦਾ ਹੈ ਕਿਉਂਕਿ ਜ਼ਿਆਦਾਤਰ ਬੱਚਿਆਂ ਨੂੰ ਟੀ ਵੀ, ਮੋਬਾਈਲ ਜਾਂ ਫਿਰ ਘਰ ਦੀ ਚਾਰ ਦੀਵਾਰੀ ਅੰਦਰ ਹੀ ਰਹਿਣ ਲਈ ਕਹਿ ਕੇ ਅਸੀ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਤੇ ਸ੍ਰੀਰਕ ਕਸਰਤ ਖੋਹ ਲੈਂਦੇ ਹਾਂ। ਇਸ ਕਾਰਨ ਹੀ ਅਜੋਕੇ ਬੱਚਿਆਂ ਵਿਚ ਸੁਭਾਅ ਦੇ ਚਿੜਚੜੇ ਹੋਣ ਦੇ ਨਾਲ ਨਾਲ ਸਹਿਣਸੀਲਤਾ ਦੀ ਵੀ ਘਾਟ ਹੋ ਰਹੀ ਹੈ। ਬੱਚਿਆਂ ਦੇ ਚਿਹਰਿਆਂ ਉਤੇ ਵੀ ਕੋਈ ਕੁਦਰਤੀ ਮੁਸਕਾਨ ਨਜ਼ਰ ਨਹੀਂ ਆਉਂਦੀ।
ਜਗਦੀਸ਼ ਸਿੰਘ ਪੱਖੋਂ (ਸੰਪਰਕ : 98151-07001)