
ਅਪਣਚਾਹੀਆਂ ਕਾਲਾਂ ਅਤੇ ਮੈਸੇਜ ਦੀ ਪ੍ਰੇਸ਼ਾਨੀ ਹੁਣ ਖ਼ਤਮ ਹੋ ਸਕਦੀ ਹੈ। ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ...........
ਨਵੀਂ ਦਿੱਲੀ : ਅਪਣਚਾਹੀਆਂ ਕਾਲਾਂ ਅਤੇ ਮੈਸੇਜ ਦੀ ਪ੍ਰੇਸ਼ਾਨੀ ਹੁਣ ਖ਼ਤਮ ਹੋ ਸਕਦੀ ਹੈ। ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਨੇ ਪ੍ਰੇਸ਼ਾਨ ਕਰਨ ਵਾਲੀਆਂ ਕਾਲਾਂ ਅਤੇ ਸਪੈਮ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਟੈਲੀਮਾਰਕੀਟਿੰਗ ਮੈਸੇਜ ਭੇਜਣ ਲਈ ਯੂਜ਼ਰ ਦੀ ਸਹਿਮਤੀ ਨੂੰ ਜ਼ਰੂਰੀ ਕਰ ਦਿਤਾ ਗਿਆ ਹੈ। ਰੈਗੁਲੇਟਰ ਨੇ ਟੈਲੀਕਾਮ ਆਪ੍ਰੇਟਰਜ਼ ਨੂੰ ਇਹ ਵੀ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਕਮਰਸ਼ਲ ਕਮਿਊਨੀਕੇਸ਼ਨ ਕੇਵਲ ਰਜਿਸਟਰਡ ਸੈਂਡਰਜ਼ ਵਲੋਂ ਹੀ ਹੋਵੇ। ਟਰਾਈ ਨੇ ਬਿਆਨ 'ਚ ਕਿਹਾ ਕਿ ਰੈਗੁਲੇਸ਼ਨ 'ਚ ਪੂਰੀ ਤਰ੍ਹਾਂ ਬਦਲਾਅ ਜ਼ਰੂਰੀ ਹੋ ਗਿਆ ਸੀ।
ਨਵੇਂ ਨਿਯਮ ਦਾ ਉਦੇਸ਼ ਯੂਜ਼ਰ ਨੂੰ ਸਪੈਮ ਤੋਂ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਪ੍ਰਭਾਵੀ ਤੌਰ 'ਤੇ ਰੋਕਣਾ ਹੈ। ਨਵੇਂ ਨਿਯਮਾਂ ਤਹਿਤ ਮੈਸੇਜ ਸੈਂਡਰਜ਼, ਹੇਡਰਜ਼ (ਵੱਖ-ਵੱਖ ਤਰੀਕੇ ਨਾਲ ਮੈਸੇਜ ਨੂੰ ਅਲੱਗ ਕਰਨ ਵਾਲੇ) ਦੇ ਰਜਿਸਟ੍ਰੇਸ਼ਨ ਅਤੇ ਸੱਭ ਤੋਂ ਵਧ ਕੇ ਸਬਸਕ੍ਰਾਈਬਰ ਦੀ ਸਹਿਮਤੀ ਨੂੰ ਜ਼ਰੂਰੀ ਕੀਤਾ ਗਿਆ ਹੈ। ਟਰਾਈ ਨੇ ਕਿਹਾ ਕਿ ਕੁਝ ਟੈਲੀ ਮਾਰਕੀਟ ਕੰਪਨੀਆਂ ਇਸ ਅਧਾਰ 'ਤੇ ਗਾਹਕਾਂ ਦੀ ਮਨਜ਼ੂਰੀ ਦਾ ਦਾਅਵਾ ਕਰਦੀਆਂ ਹਨ, ਜੋ ਉਨ੍ਹਾਂ ਨੇ ਚੋਰੀ-ਛੁਪੇ ਤਰੀਕੇ ਨਾਲ ਹਾਸਲ ਕੀਤੀਆਂ ਹੁੰਦੀਆਂ ਹਨ। ਨਵੇਂ ਨਿਯਮਾਂ ਤਹਿਤ ਇਹ ਵਿਵਸਥਾ ਹੋਵੇਗੀ ਕਿ ਉਪਭੋਗਤਾਵਾਂ ਦਾ ਅਪਣੀ ਮਨਜ਼ੂਰੀ 'ਤੇ ਪੂਰਾ ਕੰਟਰੋਲ ਹੋਵੇ। (ਏਜੰਸੀ)