ਇਸਰੋ ਨੂੰ ਅਜੇ ਤਕ ਕੋਈ ਸਿਗਨਲ ਨਹੀਂ ਮਿਲਿਆ
ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁਕਰਵਾਰ ਨੂੰ ਕਿਹਾ ਕਿ ਉਸ ਨੇ ਅਪਣੇ ਚੰਨ ਮਿਸ਼ਨ ਚੰਦਰਯਾਨ-3 ਦੇ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਨ੍ਹਾਂ ਦੀ ਸਰਗਰਮ ਸਥਿਤੀ ਦਾ ਪਤਾ ਲਗਾਇਆ ਜਾ ਸਕੇ ਪਰ ਅਜੇ ਤਕ ਕੋਈ ਸੰਕੇਤ ਨਹੀਂ ਮਿਲਿਆ ਹੈ। ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਨੂੰ ਇਸ ਮਹੀਨੇ ਦੇ ਸ਼ੁਰੂ ’ਚ ‘ਸਲੀਪ ਮੋਡ’ ’ਚ ਰਖਿਆ ਗਿਆ ਸੀ।
ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ’ਤੇ ਕਿਹਾ ਕਿ ਲੈਂਡਰ ਅਤੇ ਰੋਵਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਰਹੇਗੀ।
ਜਿਵੇਂ ਹੀ ਚੰਦਰਮਾ ’ਤੇ ਸੂਰਜ ਦੀ ਧੁੱਪ ਹੋਈ ਇਸਰੋ ਨੇ ਲੈਂਡਰ ਅਤੇ ਰੋਵਰ ਨੂੰ ਉਨ੍ਹਾਂ ਨਾਲ ਸੰਚਾਰ ਮੁੜ ਸਥਾਪਤ ਕਰ ਕੇ ਮੁੜ ਸਰਗਰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਵਿਗਿਆਨਕ ਪ੍ਰਯੋਗਾਂ ਨੂੰ ਜਾਰੀ ਰੱਖ ਸਕਣ।
ਲੈਂਡਰ ਅਤੇ ਰੋਵਰ ਦੋਹਾਂ ਨੂੰ ਇਸ ਮਹੀਨੇ ਦੇ ਸ਼ੁਰੂ ’ਚ ਲੜੀਵਾਰ 4 ਅਤੇ 2 ਸਤੰਬਰ ਨੂੰ, ਧਰਤੀ ਦੇ ਇਕੋ-ਇਕ ਕੁਦਰਤੀ ਉਪਗ੍ਰਹਿ, ਚੰਦਰਮਾ ’ਤੇ ਰਾਤ ਪੈਣ ਤੋਂ ਪਹਿਲਾਂ, ਸਲੀਪ ਮੋਡ ’ਚ ਰਖਿਆ ਗਿਆ ਸੀ। ਹਾਲਾਂਕਿ ਉਨ੍ਹਾਂ ਦੇ ਰਿਸੀਵਰ ਚਾਲੂ ਰੱਖੇ ਗਏ ਸਨ।
ਇਸਰੋ ਦੇ ਸਪੇਸ ਐਪਲੀਕੇਸ਼ਨ ਸੈਂਟਰ ਦੇ ਡਾਇਰੈਕਟਰ ਨੀਲੇਸ਼ ਦੇਸਾਈ ਨੇ ਦਸਿਆ, ‘‘ਅਸੀਂ ਲੈਂਡਰ ਅਤੇ ਰੋਵਰ ਦੋਵਾਂ ਨੂੰ ‘ਸਲੀਪ ਮੋਡ’ ’ਤੇ ਰਖਿਆ ਸੀ ਕਿਉਂਕਿ ਤਾਪਮਾਨ ਸਿਫ਼ਰ ਤੋਂ 120-200 ਡਿਗਰੀ ਸੈਲਸੀਅਸ ਤਕ ਹੇਠਾਂ ਚਲਾ ਜਾਂਦਾ ਹੈ। 20 ਸਤੰਬਰ ਤੋਂ ਚੰਨ ’ਤੇ ਸੂਰਜ ਚੜ੍ਹੇਗਾ ਅਤੇ ਸਾਨੂੰ ਉਮੀਦ ਹੈ ਕਿ 22 ਸਤੰਬਰ ਤਕ ਸੋਲਰ ਪੈਨਲ ਅਤੇ ਹੋਰ ਉਪਕਰਣ ਪੂਰੀ ਤਰ੍ਹਾਂ ਚਾਰਜ ਹੋ ਜਾਣਗੇ, ਇਸ ਲਈ ਅਸੀਂ ਲੈਂਡਰ ਅਤੇ ਰੋਵਰ ਦੋਵਾਂ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਕਰਾਂਗੇ।’’
ਲੈਂਡਰ ਅਤੇ ਰੋਵਰ ਦੋਵੇਂ ਚੰਨ ਦੇ ਦਖਣੀ ਧਰੁਵੀ ਖੇਤਰ ’ਚ ਹਨ ਅਤੇ ਸੂਰਜ ਚੜ੍ਹਨ ਨਾਲ ਉੱਥੇ ਮੌਜੂਦ ਹਨ, ਇਹ ਮੰਨਦੇ ਹੋਏ ਕਿ ਉਨ੍ਹਾਂ ਦੇ ਸੋਲਰ ਪੈਨਲ ਵਧੀਆ ਢੰਗ ਨਾਲ ਚਾਰਜ ਹੋ ਗਏ ਹੋਣਗੇ, ਇਸਰੋ ਨੇ ਉਨ੍ਹਾਂ ਦੀ ਸਥਿਤੀ ਅਤੇ ਕੰਮਕਾਜ ਨੂੰ ਮੁੜ ਸ਼ੁਰੂ ਕਰਨ ਦੀ ਸਮਰੱਥਾ ਦੀ ਜਾਂਚ ਕਰਨ ਲਈ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।