
1978 ਦੀ ਵਿਸਾਖੀ ਸਮੇਂ ਨਿਰੰਕਾਰੀ-ਸਿੱਖ ਕਤਲ ਟਕਰਾਅ ਦਾ ਮੁੱਖ ਕਾਰਨ ਸੀ : ਰਮੇਸ਼ ਇੰਦਰ ਸਿੰਘ
Operation Blue Star: 1984 ਦੇ ਬਲੂ ਸਟਾਰ ਅਪ੍ਰੇਸ਼ਨ ਤੇ ਇਸ ਖ਼ੂਨੀ ਦੁਖਾਂਤ ਨਾਲ ਸਬੰਧਤ ਦਰਜਨ ਤੋਂ ਵੱਧ ਦਸਤਾਵੇਜ਼ੀ ਕਿਤਾਬਾਂ, ਲਿਖਾਰੀਆਂ ਅਤੇ ਇਤਿਹਾਸਕਾਰਾਂ ਵਲੋਂ ਲੇਖ, ਪਰਚੇ ਅਤੇ ਸੈਂਕੜੇ ਹੀ ਬਿਰਤਾਂਤ ਕਲਮਬੱਧ ਕੀਤੇ ਜਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਆਪੋ ਅਪਣੇ ਢੰਗਾਂ ਤੇ ਸ਼ੈਲੀਆਂ ਸਹਿਤ ਧਾਰਮਕ, ਸਮਾਜਕ ਅਤੇ ਨਿਰਣਾਇਕ ਅਤੇ ਮਨੋਵਿਗਿਆਨਕ ਤਰੀਕੇ ਨਾਲ ਇਸ ਦੁਖਾਂਤ ਦਾ ਵਰਣਨ, ਸਿਆਸੀ ਅਤੇ ਸਿਖਿਆ ਸ਼ਾਸਤਰੀਆਂ ਨੇ ਪਿਛਲੇ 40 ਕੁ ਸਾਲਾਂ ਤੋਂ ਕਰਨਾ ਜਾਰੀ ਰਖਿਆ ਹੈ। ਇਹੋ ਜਿਹੀ ਤਫ਼ਸੀਲ ਅਜੇ ਹੋਰ ਕਈ ਸਾਲ ਲਿਖਣੀ ਜਾਰੀ ਰਹੇਗੀ, ਇਹ ਬੁੱਧੀਜੀਵੀਆਂ ਅਤੇ ਸਿੱਖ ਚਿੰਤਕਾਂ ਨੇ ਜਾਰੀ ਅਜੇ ਰੱਖਣੀ ਹੈ ਤਾਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਸਬਕ ਤੇ ਪ੍ਰੇਰਣਾ ਲੈਂਦੀਆਂ ਰਹਿਣ।
ਰੋਜ਼ਾਨਾ ਸਪੋਕਸਮੈਨ ਵਲੋਂ ਬਲੂ ਸਟਾਰ ਅਪ੍ਰੇਸ਼ਨ ਬਾਰੇ ‘ਦੁਖਾਂਤ ਪੰਜਾਬ ਦਾ’ ਇਕ ਹੋਰ ਲਿਖੀ ਕਿਤਾਬ ਬਾਰੇ ਉਨ੍ਹਾਂ ਦੀ ਸੈਕਟਰ 10 ਦੀ ਰਿਹਾਇਸ਼ ’ਤੇ ਜਾ ਕੇ ਲੇਖਕ ਸ. ਰਮੇਸ਼ ਇੰਦਰ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਕਿਵੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਵਾਪਰਿਆ ਅਤੇ 3 ਜੂਨ 1984 ਤੋਂ ਕਰਫ਼ਿਊ, ਭਾਰਤੀ ਫ਼ੌਜ, ਸੰਤ ਭਿੰਡਰਾਂਵਾਲਿਆਂ ਦੇ ਮਰਜੀਵੜੇ ਸਾਥੀ, ਹੋਰ ਸ਼ਰਧਾਲੂ, ਫ਼ੌਜੀ, ਕਮਾਂਡੋ ਸ਼ਹੀਦ ਹੋਏ। ਰਮੇਸ਼ ਇੰਦਰ ਸਿੰਘ ਆਈ.ਏ.ਐਸ. 1974 ਬੈਂਚ, ਪਛਮੀ ਬੰਗਾਲ ਕੇਡਰ ਦੇ ਅਧਿਕਾਰੀ, ਜੂਨ 2009 ਵਿਚ ਬਤੌਰ ਪੰਜਾਬ ਦੇ ਮੁੱਖ ਸਕੱਤਰ, ਸੇਵਾ ਮੁਕਤ ਹੋ ਕੇ, 5 ਸਾਲ ਹੋਰ, ਮੁੱਖ ਸੂਚਨਾ ਕਮਿਸ਼ਨਰ ਰਹੇ। ਲੋਕ ਪ੍ਰਸ਼ਾਸਨ ਦੇ ਖੇਤਰ ਵਿਚ 40 ਸਾਲ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਇਸ ਨਰਮ ਸੁਭਾਅ ਵਾਲੇ ਸਰਦਾਰ ਨੂੰ ਭਾਰਤ ਸਰਕਾਰ ਦੇ ਪਦਮ ਸ਼੍ਰੀ ਸਿਵਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਕੁਲ 48 ਅਧਿਆਏ ਵਾਲੀ 650 ਸਫ਼ਿਆਂ ਵਾਲੀ ਇਸ ਪੰਜਾਬੀ ਵਿਚ ਕੀਤੀ ਅਨੁਵਾਦ ਦੀ ਕਿਤਾਬ ਵਿਚ ਰਮੇਸ਼ ਇੰਦਰ ਸਿੰਘ ਨੇ ਖੁਲ੍ਹ ਕੇ ਲਿਖਿਆ ਹੈ ਕਿ ਵਿਨਾਸ਼ਕਾਰੀ ਘਟਨਾਵਾਂ, ਲੋਕਾਂ ਵਿਚ ਵੰਡੀਆਂ ਪਾਉਂਦੀਆਂ ਹਨ, ਤੱਥਾਂ ਨੂੰ ਅਣਡਿੱਠ ਕਰਦੀਆਂ ਹਨ ਅਤੇ ਭਾਰਤ ਦਾ ਅਪਣਿਆਂ ਨਾਲ ਹੀ ਯੁਧ ਕਰਵਾ ਦਿਤਾ ਜਿਸ ਨੂੰ ਹੈਂਕੜਬਾਜ਼ੀ ਤੋਂ ਦੂਰ ਰੱਖ ਕੇ ਆਪਸੀ ਸੁਲਾਹ, ਨਿਆਂ ਤੇ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਸੀ।
ਕਿਤਾਬਾਂ ਦੇ 368 ਸਫ਼ੇ ਤੋਂ 377 ਤਕ ਲਿਖੇ ‘ਬਲੈਕ ਥੰਡਰ ਅਪ੍ਰੇਸ਼ਨ-ਇਕ’ ਦੇ ਅਧਿਆਏ ਵਿਚ ਸਾਬਕਾ ਮੁੱਖ ਸਕੱਤਰ ਨੇ ਬਿਆਨ ਕੀਤਾ ਹੈ ਕਿ ਕਿਵੇਂ ਅਕਾਲ ਤਖ਼ਤ ਦੇ ਉਸ ਸਮੇਂ ਮੁਤਵਾਜ਼ੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਉਸ ਦੇ ਖਾੜਕੂ ਸਾਥੀਆਂ ਅਤੇ ਹੋਰ ਸ਼ਰਧਾਲੂਆਂ ਨੂੰ ਬਿਨਾਂ ਗੋਲੀ ਚਲਾਏ, ਬਿਨਾਂ ਕਿਸੇ ਹਿੰਸਕ ਕਾਰਵਾਈ ਦੇ 30 ਅਪ੍ਰੈਲ 1986 ਦੀ ਰਾਤ ਅਤੇ ਅਗਲੇ ਤੜਕਸਾਰ ਕੇਵਲ ਮਾਈਕ ਰਾਹੀਂ ਪ੍ਰੇਰਿਤ ਕਰ ਕੇ ਦਰਬਾਰ ਸਾਹਿਬ ਦੇ ਪਾਵਨ ਸਥਾਨ ਤੋਂ ਬਾਹਰ ਲਿਆਂਦਾ ਤੇ ਸਮਰਪਣ ਕਰਵਾਇਆ। ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਰਮੇਸ਼ ਇੰਦਰ ਸਿੰਘ ਨੇ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ.ਗੁਰਦੇਵ ਸਿੰਘ ਬਰਾੜ ਵਲੋਂ ਛੁੱਟੀ ’ਤੇ ਜਾਣ ਦੀ ਅਸਲੀ ਕਹਾਣੀ ਬਿਆਨ ਕਰਦਿਆਂ ਕਿਹਾ ਕਿ ਛੁੱਟੀ ਤਾਂ ਪਹਿਲਾਂ ਹੀ ਮੰਜ਼ੂਰ ਹੋ ਚੁੱਕੀ ਸੀ। ਬਰਾੜ ਨੇ ਅਪਣੇ ਬੇਟੇ ਨੂੰ ਮਿਲਣ ਅਮਰੀਕਾ ਜਾਣਾ ਸੀ ਅਤੇ ਹਾਕੀ ਫ਼ੈਡਰੇਸ਼ਨ ਨਾਲ ਜੁੜੇ ਹੋਣ ਕਰ ਕੇ ਉਲੰਪਿਕ ਖੇਡਾਂ ਲਈ ਲਾਸ ਏਂਜਲਸ ਜਾਣਾ ਤੈਅ ਸੀ।
ਮਹੱਤਵਪੂਰਨ ਕਿਤਾਬ ਵਿਚ ਇਹ ਵੀ ਲਿਖਿਆ ਹੈ ਕਿ ਵਿਸਾਖੀ 1978 ਨੂੰ ਨਿਰੰਕਾਰੀ ਸਿੱਖ ਸਮਾਗਮ ਨੂੰ ਸੰਤ ਭਿੰਡਰਾਂਵਾਲਿਆਂ ਦਾ ਸਿੱਖ ਜਥਾ ਬੰਦ ਕਰਵਾਉਣ ਗਿਆ ਤਾਂ ਨਿਰੰਕਾਰੀਆਂ ਨੇ ਹਥਿਆਰਾਂ ਨਾਲ ਹਮਲਾ ਕੀਤਾ, ਖ਼ੂਨੀ ਘਟਨਾ ਵਿਚ 13 ਸਿੱਖ, 3 ਨਿਰੰਕਾਰੀ ਅਤੇ 2 ਹੋਰ ਵਿਅਕਤੀ ਮਾਰੇ ਗਏ। ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਵੱਡੇ ਦੁਖਾਂਤ ਦੀ ਸ਼ੁਰੂਆਤ ਇਥੋਂ ਹੋਈ। ਇਸ ਵੱਡੀ ਅਤੇ ਸਪਸ਼ਟਤਾ ਵਾਲੀ ਕਿਤਾਬ ਵਿਚ ਲੇਖਕ ਨੇ ਸੰਤ ਭਿੰਡਰਾਂਵਾਲੇ ਦੀ ਗ੍ਰਿਫ਼ਤਾਰੀ, ਪ੍ਰਸ਼ਾਸਨ ਵਿਚ ਗਿਰਾਵਟ, ਅਪ੍ਰੇਸ਼ਨ ਬਲੂ ਸਟਾਰ ਦੇ 3 ਭਾਗ, ਬਗ਼ਾਵਤੀ ਫ਼ੌਜ, ਗਿਆਨੀ ਜ਼ੈਲ ਸਿੰਘ ਦੀ ਭੂਮਿਕਾ, ਮੌਤਾਂ ਅਤੇ ਤਬਾਹੀ, ਕਾਰ ਸੇਵਾ ਵੀ ਸਿਆਸਤ, ਬਰਨਾਲਾ ਮੁੱਖ ਮੰਤਰੀ ਨੂੰ ਦੋਸ਼ੀ ਕਰਾਰ ਦੇਣਾ, ਖਾੜਕੂਆਂ ਨੂੰ ਮੁੱਖ ਧਾਰਾ ਵਿਚ ਲਿਆਉਣਾ, ਹਿੰਦੂਆਂ ਦਾ ਪੰਜਾਬ ਛੱਡਣ ਅਤੇ ਖਾੜਕੂਵਾਦ ਦਾ ਅੰਤ ਬਗ਼ੈਰਾ ਵਰਗੇ ਅਧਿਆਏ ਠੇਠ ਪੰਜਾਬੀ ਵਿਚ ਲਿਖੇ ਹਨ।
ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਘੰਟਿਆਂਬੱਧੀ ਮੁਲਾਕਾਤ ਵਿਚ ਰਮੇਸ਼ਇੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵਿਚ ਦਿਨੋਂ ਦਿਨ ਆ ਰਹੇ ਨਿਘਾਰ, ਸਿਆਸੀ ਪਾਰਟੀਆਂ ਅਤੇ ਧਾਰਮਕ ਜਥੇਬੰਦੀਆਂਵਿਚ ਆਪਸੀ ਖਹਿਬਾਜ਼ੀਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਇਸ ਮੰਦਭਾਗੀ ਤੇ ਵਿਨਾਸ਼ਕਾਰੀ ਘਟਨਾ ਨੇ ਹਜ਼ਾਰਾਂ ਜਾਨਾਂ ਲਈਆਂ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਾਬਕਾ ਫ਼ੌਜ ਮੁਖੀ ਅਤੇ ਬੇਗੁਨਾਹਾਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਖ਼ਤਮ ਕਰ ਦਿਤਾ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਡੂੰਘੇ ਬੁਨਿਆਦੀ, ਨਸਲੀ ਸਮਾਜਕ, ਧਾਰਮਕ ਵਖਰੇਵੇ ਤੋਂ ਪੰਜਾਬ ਵਿਚ ਗੜਬੜੀ ਦਾ ਕਾਰਨ ਬਣੇ ਸਨ ਅੱਜ ਵੀ ਬਰਕਰਾਰ ਹਨ। ਰਮੇਸ਼ ਇੰਦਰ ਸਿੰਘ ਨੇ ਕਿਹਾ ਕਿ ਭਾਵੇਂ ਇਤਿਹਾਸ ਅਪਣੇ ਆਪ ਨੂੰ ਦੁਹਰਾਉਂਦਾ ਆਇਆ ਹੈ ਪਰ ਸਾਨੂੰ ਚੌਕਸ ਰਹਿਣ ਦੀ ਅਤੇ ਪਿਛਲੀਆਂ ਘਟਨਾਵਾਂ ਤੋਂ ਸਬਕ ਲੈਣ ਦੀ ਜ਼ਰੂਰਤਹੈ। ਕਿਤਾਬ ਦੇ ਪਹਿਲੇ ਤੇ ਪਿਛਲੇ ਕਈ ਪੰਨਿਆਂ ’ਤੇ ਸ਼ਲਾਘਾਕਰਦਿਆਂ ਸਾਬਕਾ ਫ਼ੌਜੀ ਜਰਨੈਲ ਵੀ.ਪੀ. ਮਲਿਕ, ਬੀ.ਬੀ.ਸੀ. ਪੱਤਰਕਾਰ ਮਾਰਕ ਟਲੀ, ਟ੍ਰਿਬਿਊਨ ਅਖ਼ਬਾਰ ਦੇ ਐਡੀਟਰ ਰਹੇ ਐਚ.ਕੇ. ਦੂਆ, ਇਤਿਹਾਸਕਾਰ ਜੇ.ਐਸ.ਗਰੇਵਾਲ ਤੇ ਹੋਰ ਸ਼ਖ਼ਸੀਅਤਾਂ ਦੇ ਵਿਚਾਰ ਵੀ ਲਿਖੇ ਹਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।