
ਆਖ਼ਰ ਸਾਡਾ ਲਹਿੰਦੇ ਪੰਜਾਬ ਨਾਲ ਖ਼ੂਨ ਦਾ ਰਿਸ਼ਤਾ ਹੈ। ਕੀ ਹੋਇਆ ਜੇ ਵੈਰੀਆਂ ਨੇ ਦੋ ਟੋਟੇ ਕਰ ਦਿਤੇ ਪਰ ਰੂਹ ਦੀਆਂ ਸਾਂਝਾਂ ਤਾਂ ਅਟੁੱਟ ਹਨ।
ਡਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ,
ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ,
ਨਾਲੇ ਦੱਸ ਖਾਂ ਉਥੋਂ ਦੀਆਂ ਇੱਟਾਂ,
ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ,
ਡਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ,
ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ,
ਜ਼ਰਾ ਸੋਚ ਕੇ ਦੇਵੀਂ ਜਵਾਬ ਮੈਨੂੰ,
ਉਥੇ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ,
ਡਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ,
ਲੱਖਾਂ ਈ ਬੂਹੇ ਤੇ ਲੱਖਾਂ ਈ ਬਾਰੀਆਂ ਨੇ,
ਜਿਨ੍ਹਾਂ ਇੱਟਾਂ ਤੇ ਧਰ ਗਏ ਪੈਰ ਆਸ਼ਿਕ,
ਉਹੀਓ ਟੁੱਟੀਆਂ ਤੇ ਬਾਕੀ ਸਾਰੀਆਂ ਨੇ,
ਜਿਨ੍ਹਾਂ ਖੂਹੀਆਂ ਤੋਂ ਭਰ ਗਈਆਂ ਗਈਆਂ ਮਾਸ਼ੂਕ ਪਾਣੀ,
ਉਹੀਓ ਮਿੱਠੀਆਂ ਤੇ ਬਾਕੀ ਖਾਰੀਆਂ ਨੇ,
ਤੇ ਜਿਹੜੀਆਂ ਬਹਿੰਦੀਆਂ ਅਪਣੇ ਨਾਲ ਸੱਜਣਾਂ ਦੇ,
ਉਹੀਓ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ।
ਵੰਡ ਤੋਂ ਪਹਿਲਾਂ ਪੰਜਾਬ ਦੇ ਮਸ਼ਹੂਰ ਇਮਾਰਤਸਾਜ਼ ਰਹੇ ਭਾਈ ਰਾਮ ਸਿੰਘ।
ਮੇਰੀ ਪਸੰਦੀਦਾ ਗਾਇਕਾ ਹਕੀਦਾ ਕਿਆਨੀ ਦਾ ਇਹ ਗੀਤ ਲਾਹੌਰ ਦੀ ਬਾ-ਕਮਾਲ ਖ਼ੂਬਸੂਰਤੀ ਦੀ ਝਲਕ ਪੇਸ਼ ਕਰਦਾ ਹੈ। 'ਲਾਹੌਰ' ਬਾਰੇ ਲਿਖਣ ਬੈਠੀਏ ਤਾਂ ਸਾਡੇ ਵਰਗੇ ਆਮ ਜਿਹੇ ਲੇਖਕਾਂ ਦੀਆਂ ਕਲਮਾਂ ਲਾਹੌਰ ਵਰਗੇ ਖ਼ੂਬਸੂਰਤ ਅਤੇ ਪੁਰਾਣੇ ਸ਼ਹਿਰ ਬਾਰੇ ਲਿਖਣ ਲਗਿਆਂ ਉਸ ਦੀ ਖ਼ੂਬਸੂਰਤੀ ਦੀ ਥਾਹ ਪਾਉਣ ਤੋਂ ਅਸਮਰੱਥ ਜਾਪਦੀਆਂ ਹਨ। ਲਾਹੌਰ ਰਾਵੀ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ ਅਤੇ ਲਹਿੰਦੇ ਪੰਜਾਬ ਦੀ ਰਾਜਧਾਨੀ ਹੈ। ਅਬਾਦੀ ਪੱਖੋਂ ਇਹ ਕਰਾਚੀ ਤੋਂ ਬਾਅਦ ਪਾਕਿਸਤਾਨ ਦਾ ਸੱਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਹ ਅਜੋਕੇ ਪਾਕਿਸਤਾਨ ਦੀ ਸਿਆਸਤ ਅਤੇ ਪੜ੍ਹਾਈ ਦਾ ਗੜ੍ਹ ਹੈ। ਇਸ ਲਈ ਇਸ ਨੂੰ ਪਾਕਿਸਤਾਨ ਦਾ ਦਿਲ ਵੀ ਕਿਹਾ ਜਾਂਦਾ ਹੈ।
Lahore
ਅੱਜ ਦੇ ਇਸ ਲੇਖ ਵਿਚ ਮੈਂ ਲਾਹੌਰ ਸ਼ਹਿਰ ਦੀਆਂ ਇਮਾਰਤਾਂ, ਸਿੱਖ ਇਤਿਹਾਸ ਨਾਲ ਸਬੰਧਤ ਥਾਵਾਂ, ਅਤੇ ਲਹਿੰਦੇ ਪੰਜਾਬ ਦੇ ਹੋਰ ਕਈ ਪਹਿਲੂਆਂ ਬਾਰੇ ਲਿਖਣ ਲਗਿਆਂ ਹਾਂ। ਹੋ ਸਕਦਾ ਹੈ ਮੈਂ ਕਿਤੇ ਗ਼ਲਤ ਵੀ ਹੋਵਾਂ ਪਰ ਮੇਰਾ ਲੇਖ ਲਿਖਣ ਦਾ ਮਕਸਦ ਹੈ ਕਿ ਕਿਤੋਂ ਲਹਿੰਦੇ ਪੰਜਾਬ ਦੀ ਗੱਲ ਤਾਂ ਸ਼ੁਰੂ ਹੋਵੇ। ਆਖ਼ਰ ਸਾਡਾ ਲਹਿੰਦੇ ਪੰਜਾਬ ਨਾਲ ਖ਼ੂਨ ਦਾ ਰਿਸ਼ਤਾ ਹੈ। ਕੀ ਹੋਇਆ ਜੇ ਵੈਰੀਆਂ ਨੇ ਦੋ ਟੋਟੇ ਕਰ ਦਿਤੇ ਪਰ ਰੂਹ ਦੀਆਂ ਸਾਂਝਾਂ ਤਾਂ ਅਟੁੱਟ ਹਨ। ਜਿੰਨਾ ਕੁ ਲਾਹੌਰ ਤੇ ਲਹਿੰਦੇ ਪੰਜਾਬ ਬਾਰੇ ਲਿਖਿਆ ਜਾਣਾ ਚਾਹੀਦਾ ਸੀ, ਅਫ਼ਸੋਸ ਕਿ ਉਸ ਦਾ 1% ਵੀ ਲਿਖਿਆ ਨਹੀ ਜਾ ਸਕਿਆ।
Walking with Nanak
ਲਹਿੰਦੇ ਪੰਜਾਬ ਦੇ ਲੇਖਕ ਹੂਨ ਖ਼ਾਲਿਦ, ਜੋ ਕਿ ਮਾਨਵ ਵਿਗਿਆਨ ਦਾ ਵਿਦਿਆਰਥੀ ਹੈ, ਉਸ ਨੇ ਇਸ ਪਾਸੇ ਲੰਮੀ ਪੁਲਾਂਘ ਪੁੱਟੀ ਹੈ। ਉਸ ਨੇ ਅਪਣੇ ਵਿਰਸੇ ਦੀਆਂ ਅਣਮੋਲ ਵਿਰਾਸਤਾਂ ਅਤੇ ਸ਼ਖ਼ਸੀਅਤਾਂ ਨੂੰ ਸਿਜਦਾ ਕਰਨ ਅਤੇ ਉਨ੍ਹਾਂ ਬਾਰੇ ਭਰਪੂਰ ਜਾਣਕਾਰੀ ਦੇਣ ਲਈ ਦੋ ਪੁਸਤਕਾਂ ਲਿਖੀਆਂ ਹਨ। ਉਸ ਦੀ ਪਹਿਲੀ ਕਿਤਾਬ 'Walking with Nanak' ਆਈ ਸੀ ਅਤੇ ਅਪਣੀ ਦੂਜੀ ਕਿਤਾਬ 'Imaging Lahore' ਨਾਲ ਉਹ ਫਿਰ ਚਰਚਾ 'ਚ ਹੈ, ਜੋ ਲਾਹੌਰ ਦੀ ਵਿਰਾਸਤ ਅਤੇ ਇਤਿਹਾਸ ਤੇ ਕਾਫ਼ੀ ਚਾਨਣਾ ਪਾਉਂਦੀ ਹੈ। ਫ਼ੇਸਬੁੱਕ ਤੇ ਇਸ ਕਿਤਾਬ ਦੀ ਬਹੁਤ ਚਰਚਾ ਹੋਈ ਸੀ।
Imaging Lahore
ਸਾਡੀ ਬਦਕਿਸਮਤੀ ਕਿ ਇਕ ਆਮ ਜਿਹੀ ਕਿਤਾਬ ਦਾ ਅਨੁਵਾਦ ਕਰਨ ਲਗਿਆਂ ਸਾਡੇ ਅਖੌਤੀ ਵਿਦਵਾਨ ਅਤੇ ਪ੍ਰੋਫ਼ੈਸਰ ਮਹੀਨਾ ਨਹੀਂ ਪੈਣ ਦਿੰਦੇ ਪਰ ਇਨ੍ਹਾਂ ਦੋਹਾਂ ਕਿਤਾਬਾਂ ਦਾ ਪੰਜਾਬੀ ਤਰਜਮਾ ਹੋਇਆ ਮੈਨੂੰ ਨਹੀਂ ਮਿਲਿਆ। ਦੂਜਾ ਲੇਖਕ ਫ਼ੈਜ਼ਾਨ ਨਕਵੀ, ਜਿਸ ਨੇ ਲਾਹੌਰ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਯਾਦਗਾਰਾਂ ਦੀ ਇਕ ਕਿਤਾਬ ਲਿਖੀ ਹੈ ਅਤੇ ਉਸ ਦਾ ਪੰਜਾਬੀ ਤਰਜਮਾ ਸੱਤਦੀਪ ਗਿੱਲ ਨਾਂ ਦੇ ਨੌਜੁਆਨ ਨੇ ਕੀਤਾ ਹੈ। 'ਲਾਹੌਰ ਕਾ ਖੋਜੀ' ਨਾਂ ਦੀ ਇਸ ਪੁਸਤਕ ਵਿਚ ਫ਼ੈਜ਼ਾਨ ਨਕਵੀ ਨੇ ਜਿਨ੍ਹਾਂ ਸਥਾਨਾਂ ਬਾਰੇ ਦਸਿਆ ਹੈ ਉਹ ਹਨ।
(1) ਦੀਵਾਨ ਖਾਨਾ ਗੁਰੂ ਅਰਜਨ ਦੇਵ ਜੀ
(2) ਗੁਰੂਦੁਆਰਾ ਮਕਾਨ ਬਉਲੀ ਸਾਹਿਬ
(3) ਗੁਰੂਦੁਆਰਾ ਭਾਈ ਬੁੱਧੂ ਕਾ ਆਵਾ
(4) ਗੁਰੂਦੁਆਰਾ ਲਾਲ ਗੁਫਾ ਮੋਚੀ ਗੇਟ
(5) ਗੁਰੂਦੁਆਰਾ ਡੇਹਰਾ ਸਾਹਿਬ ਅਤੇ
(6) ਗੁਰੂ ਅਰਜੁਨ ਨਗਰ।
'Imaging Lahore' ਤੇ 'ਲਾਹੌਰ ਕਾ ਖੋਜੀ' ਨਾਂ ਦੀਆਂ ਦੋਵੇਂ ਕਿਤਾਬਾਂ ਲਾਹੌਰ ਅਤੇ ਸਾਡੀ ਅਮੀਰ ਵਿਰਾਸਤ ਦੀਆਂ ਗਵਾਹ ਹਨ। ਜਿਨ੍ਹਾਂ ਲੋਕਾਂ ਨੂੰ ਅਣਵੰਡੇ ਪੰਜਾਬ ਅਤੇ ਲਾਹੌਰ ਨਾਲ ਰੱਤੀ ਮਾਤਰ ਵੀ ਪਿਆਰ ਹੈ, ਉਹ ਲੋਕ ਜਾਣਦੇ ਹਨ ਕਿ ਲਾਹੌਰ ਸਾਡੇ ਵਾਸਤੇ ਕਿਸੇ ਸ਼ਹਿਰ ਦਾ ਨਾਂ ਨਹੀ ਸਗੋਂ ਸਾਡੇ ਕਿਸੇ ਵੱਡੇ ਵਡੇਰੇ ਦਾ ਹੀ ਨਾਂ ਹੈ। ਲਾਹੌਰ ਬਾਰੇ ਇਕ ਕਹਾਵਤ ਮਸ਼ਹੂਰ ਹੈ ਕਿ 'ਜਿਸ ਨੇ ਲਾਹੌਰ ਨਹੀਂ ਵੇਖਿਆ, ਉਹ ਹਾਲੇ ਜੰਮਿਆ ਹੀ ਨਹੀਂ'।
ਸੋ ਮੇਰੀ ਦੁਆ ਹੈ ਕਿ ਜਲਦੀ ਹੀ ਇਹ ਹੱਦਾਂ-ਸਰਹੱਦਾਂ ਮਿਟ ਜਾਵਣ ਅਤੇ ਅਸੀਂ ਲਾਹੌਰ ਅਤੇ ਹੋਰ ਵਿਛੜੇ ਗੁਰਧਾਮਾਂ ਅਤੇ ਸੁਨਹਿਰੀ ਦੌਰ ਦੀਆਂ ਇਮਾਰਤਾਂ ਵੇਖ ਕੇ ਜੰਮਦਿਆਂ 'ਚ ਅਪਣਾ ਨਾਂ ਲਿਖਵਾ ਸਕੀਏ। ਲਾਹੌਰ ਹਜ਼ਾਰਾਂ ਸਾਲ ਪੁਰਾਣਾ ਸ਼ਹਿਰ ਹੈ। ਸਮੇਂ ਸਮੇਂ ਤੇ ਅਲੱਗ ਅਲੱਗ ਰਾਜਿਆਂ ਦਾ ਝੰਡਾ ਲਾਹੌਰ 'ਤੇ ਝੂਲਦਾ ਰਿਹਾ। ਪਰ ਲਾਹੌਰ ਪ੍ਰਤੀ ਖਿੱਚ ਦਾ ਕਾਰਨ ਇਸ ਦਾ ਸਿੱਖ ਰਾਜ ਦੀ ਰਾਜਧਾਨੀ ਹੋਣਾ ਹੈ। ਅਤੇ ਲਾਹੌਰ ਦਰਬਾਰ ਦੁਨੀਆਂ ਦੇ ਕਿਸੇ ਵੀ ਹੋਰ ਸੁਤੰਤਰ ਰਾਜ ਦੇ ਮੁਕਾਬਲੇ ਵਧੇਰੇ ਉਦਾਰ ਅਤੇ ਖ਼ੁਸ਼ਹਾਲ ਸੀ। ਹਿੰਦੂ, ਸਿੱਖ ਅਤੇ ਮੁਸਲਮਾਨਾਂ ਦਾ ਸਾਂਝਾ ਪੰਜਾਬ।
Lahore Museum designed by Bhai Ram Singhਪੁਰਾਣੇ ਲਾਹੌਰ ਸ਼ਹਿਰ ਵਿਚ ਕੁਲ 13 ਦਰਵਾਜ਼ੇ ਸਨ ਜਿਨ੍ਹਾਂ 'ਚੋਂ ਸੁਣਿਆ ਹੈ ਕਿ 4-5 ਹੀ ਬਾਕੀ ਰਹਿ ਗਏ ਹਨ। ਇਹ ਦਰਵਾਜ਼ੇ ਸਨ -(1) ਦਿੱਲੀ ਦਰਵਾਜ਼ਾ, (2) ਯਾਕੀ ਦਰਵਾਜ਼ਾ, (3) ਅਕਬਰੀ ਦਰਵਾਜ਼ਾ, (4) ਮੋਚੀ ਦਰਵਾਜ਼ਾ, (5) ਸ਼ਾਲੀਮਾਰ ਦਰਵਾਜ਼ਾ, (6) ਲਾਹੌਰੀ ਦਰਵਾਜ਼ਾ, (7) ਮੋਰੀ ਦਰਵਾਜ਼ਾ, (8) ਭੱਟੀ ਦਰਵਾਜ਼ਾ, (9) ਟੈਕਸਲ ਦਰਵਾਜ਼ਾ, (10) ਰੌਸ਼ਨਈ ਦਰਵਾਜ਼ਾ, (11) ਮਸਤੀ ਦਰਵਾਜ਼ਾ, (12) ਕਸ਼ਮੀਰੀ ਦਰਵਾਜ਼ਾ ਅਤੇ (13) ਸ਼ੇਰਾਂਵਾਲਾ ਦਰਵਾਜ਼ਾ। ਇਹ 13 ਦਰਵਾਜ਼ੇ ਲਾਹੌਰ ਸ਼ਹਿਰ ਵਿਚ ਦਾਖ਼ਲ ਹੋਣ ਵਾਸਤੇ ਮੁੱਖ ਦਵਾਰ ਵੀ ਕਹਿ ਸਕਦੇ ਹਾਂ। ਅੱਜਕਲ੍ਹ ਲਾਹੌਰ ਸ਼ਹਿਰ ਨੂੰ ਮੁੱਖ 9 ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਹਿੱਸਿਆਂ ਨੂੰ ਟਾਊਨ ਕਿਹਾ ਜਾਂਦਾ ਹੈ। ਹਰ ਟਾਊਨ ਦੀ ਯੂਨੀਅਨ ਕੌਂਸਲ ਹੁੰਦੀ ਹੈ। ਇਹ 9 ਹਿੱਸੇ ਹਨ:
(1) ਰਾਵੀ ਟਾਊਨ (2) ਸ਼ਾਲੀਮਾਰ ਟਾਊਨ (3) ਵਾਹਗਾ ਟਾਊਨ (4) ਅਜ਼ੀਜ ਭੱਟੀ ਟਾਊਨ (5) ਗੁਲਬਰਗ ਟਾਊਨ (6) ਗੰਜ ਬਖ਼ਸ਼ ਟਾਊਨ (7) ਸੁਮਨ ਅਬਾਦ ਟਾਊਨ (8) ਅਲਾਮਾ ਇਕਬਾਲ ਟਾਊਨ (9) ਨਸ਼ਤਰ ਟਾਊਨ।
Bhai Ram Singh
ਪਰ ਸਾਨੂੰ ਇਹ ਖ਼ਿਆਲ ਰਖਣਾ ਪਵੇਗਾ ਕਿ ਭਾਵੇਂ ਲਾਹੌਰ ਹਜ਼ਾਰਾਂ ਸਾਲ ਪੁਰਾਣਾ ਹੋਣ ਕਾਰਨ ਦੂਰ-ਦੁਰਾਡੇ ਤਕ ਮਸ਼ਹੂਰ ਤਾਂ ਸੀ ਪਰ ਇਹ ਹਮੇਸ਼ਾ ਤੋਂ ਹੀ ਏਨਾ ਖ਼ੂਬਸੂਰਤ ਨਹੀਂ ਸੀ। ਇਸ ਦੀ ਖ਼ੂਬਸੂਰਤੀ ਦਾ ਮੁੱਖ ਆਕਰਸ਼ਣ ਇਸ ਦੀਆਂ ਇਤਿਹਾਸਕ ਇਮਾਰਤਾਂ ਦੀ ਖ਼ਾਸ ਡੀਜ਼ਾਈਨਿੰਗ ਹੈ ਅਤੇ ਬਹੁਤ ਘੱਟ ਪਾਠਕ ਜਾਣਦੇ ਹੋਣਗੇ ਕਿ ਇਹ ਇਮਾਰਤਾਂ ਸਰ ਗੰਗਾ ਰਾਮ ਅਤੇ ਭਾਈ ਰਾਮ ਸਿੰਘ ਨੇ ਬਣਾਈਆਂ ਸਨ। ਅਫ਼ਸੋਸ ਕਿ ਇਹ ਨਾਇਕ ਬੜੀ ਬੇਦਰਦੀ ਨਾਲ ਇਤਿਹਾਸ 'ਚੋਂ ਮਿਟਾ ਦਿਤੇ ਗਏ ਹਨ।
ਲਾਹੌਰ ਨੂੰ ਖ਼ੂਬਸੂਰਤ ਬਣਾਉਣ ਵਾਲੇ ਕੌਣ ਲੋਕ ਹਨ? ਇਸ ਸਵਾਲ ਤੋਂ ਜਾਂ ਤਾਂ ਅਸੀਂ ਅਨਜਾਣ ਹਾਂ ਜਾਂ ਚੁੱੱਪ ਵੱਟ ਲੈਂਦੇ ਹਾਂ। ਅਸਲ ਵਿਚ ਲਾਹੌਰ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਕੰਧਾਂ ਦਾ ਸ਼ਹਿਰ ਹੀ ਗਿਣਿਆ ਜਾਂਦਾ ਸੀ। ਇਸ ਨੂੰ ਏਨਾ ਸੋਹਣਾ ਬਣਾਉਣ ਦਾ ਤਾਜ ਬਝਦਾ ਹੈ ਭਾਈ ਰਾਮ ਸਿੰਘ ਅਤੇ ਸਰ ਗੰਗਾ ਰਾਮ ਦੇ ਸਿਰ ਤੇ।
ਪਹਿਲਾਂ ਗੱਲ ਕਰੀਏ ਭਾਈ ਰਾਮ ਸਿੰਘ ਦੀ। ਇਹ ਗੁਰਦਾਸਪੁਰ ਜ਼ਿਲ੍ਹੇ ਵਿਚ ਜਨਮੇ ਅਤੇ ਸੋਲਾਂ ਸਾਲ ਦੀ ਉਮਰ ਵਿਚ ਇਕ ਕਾਰਪੇਂਟਰ ਦੇ ਤੌਰ ਤੇ ਅਪਣੀ ਕਲਾ ਦਾ ਲੋਹਾ ਮਨਵਾਇਆ। ਜਦੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਘਰਵਾਲੀ ਦਾ ਖ਼ਰਾਬ ਪਿਆਨੋ ਕਿਸੇ ਤੋਂ ਵੀ ਠੀਕ ਨਾ ਹੋਇਆ ਤਾਂ ਕਿਸੇ ਨੇ ਰਸੂਲਪੁਰ ਪਿੰਡ ਦੇ ਇਸ ਮੁੰਡੇ ਦਾ ਨਾਂ ਲਿਆ ਅਤੇ ਕਿਹਾ ਕਿ ਇਸ ਦੇ ਹੱਥਾਂ ਵਿਚ ਜਾਦੂ ਹੈ ਅਤੇ ਇਹੀ ਠੀਕ ਕਰ ਸਕਦਾ ਹੈ।
Lahore Museum
ਇਸ ਕੰਮ ਤੋਂ ਖ਼ੁਸ਼ ਹੋ ਕੇ ਕਿਸੇ ਅੰਗਰੇਜ਼ ਨੇ ਉਨ੍ਹਾਂ ਨੂੰ ਮੇਉ ਸਕੂਲ ਆਫ਼ ਆਰਟਸ ਐਂਡ ਕਾਰਪੇਂਟਰ ਲਾਹੌਰ ਵਿਖੇ ਦਾਖ਼ਲਾ ਦਿਵਾ ਦਿਤਾ ਜਿਸ ਨੂੰ ਲਾਕਵੁੱਡ ਕਿਪਲਿੰਗ ਚਲਾਉਂਦੇ ਸਨ। ਉਹ ਖ਼ੁਦ ਵੀ ਇਕ ਸ਼ਿਲਪਕਾਰ ਅਤੇ ਚਿੱਤਰਕਾਰ ਸਨ। ਕਿਪਲਿੰਗ, ਭਾਈ ਰਾਮ ਸਿੰਘ ਤੋਂ ਬਹੁਤ ਪ੍ਰਭਾਵਤ ਹੋਇਆ ਅਤੇ ਉਸ ਨੂੰ ਯੋਰਪੀਅਨ ਆਰਟ ਥਿਉਰੀ ਵਿਚ ਸਿਖਲਾਈ ਦਿਤੀ। ਪਰ ਭਾਈ ਰਾਮ ਸਿੰਘ ਨੇ ਕਦੇ ਵੀ ਸਮਕਾਲੀ ਆਰਟ ਨੂੰ ਨਹੀਂ ਛਡਿਆ, ਜੋ ਕਿ ਉਨ੍ਹਾਂ ਦੇ ਕੀਤੇ ਸਾਰੇ ਹੀ ਕੰਮਾਂ ਵਿਚ ਵੇਖਿਆ ਜਾ ਸਕਦਾ ਹੈ। ਉਸੇ ਸਕੂਲ ਵਿਚ ਉਨ੍ਹਾਂ ਨੇ ਪ੍ਰਿੰਸੀਪਲ ਦੇ ਤੌਰ ਤੇ 12 ਸਾਲ ਕੰਮ ਕੀਤਾ। 28 ਸਾਲ ਦੀ ਉਮਰ ਵਿਚ ਭਾਈ ਰਾਮ ਸਿੰਘ ਨੂੰ ਮਸ਼ਹੂਰ ਆਰਕੀਟੈਕਟ ਕਾਲਸਵਿੰਟਨ ਜੇਕਬ ਦੇ ਨਾਲ ਭਾਰਤ ਵਿਚ ਹੋਏ ਮੁਕਾਬਲੇ ਵਿਚ 1tchinson ਕਾਲਜ ਲਾਹੌਰ ਦੇ ਡੀਜ਼ਾਈਨ ਲਈ ਸਾਂਝੇ ਤੌਰ ਤੇ ਜੇਤੂ ਐਲਾਨਿਆ ਗਿਆ।
University of the Punjab Lahore
ਭਾਈ ਰਾਮ ਸਿੰਘ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ, ਲਾਹੌਰ ਮਿਊਜ਼ੀਅਮ, ਮੇਉ ਸਕੂਲ ਆਫ਼ ਆਰਟਸ, ਚੰਬਾ ਹਾਊਸ ਲਾਹੌਰ, ਯੂਨੀਵਰਸਟੀ ਆਫ਼ ਪੰਜਾਬ ਲਾਹੌਰ, ਗਵਰਨਰ ਹਾਊਸ ਸ਼ਿਮਲਾ, ਪ੍ਰਿੰਸਲੀ ਸਟੇਟਸ ਨਾਭਾ, ਪਟਿਆਲਾ, ਜੀਂਦ ਆਦਿ ਕਿੰਨੀਆਂ ਹੀ ਇਮਾਰਤਾਂ ਦੇ ਡੀਜ਼ਾਈਨ ਕੀਤੇ। ਇਸ ਤਰ੍ਹਾਂ ਲਗਭਗ 2 ਦਹਾਕੇ ਉਨ੍ਹਾਂ ਨੇ ਪੰਜਾਬ ਦੀ ਭਵਨ ਨਿਰਮਾਣ ਕਲਾ ਨੂੰ ਸਮਰਪਿਤ ਕੀਤੇ। ਉਨ੍ਹਾਂ ਦੇ ਕੰਮ ਤੋਂ ਪ੍ਰਭਾਵਤ ਹੋ ਕੇ ਰਾਣੀ ਵਿਕਟੋਰੀਆ ਨੇ ਉਨ੍ਹਾਂ ਨੂੰ ਇੰਗਲੈਂਡ ਬੁਲਾਇਆ ਅਤੇ ਉਨ੍ਹਾਂ ਨੇ ਰਾਣੀ ਲਈ ਦਰਬਾਰ ਹਾਲ ਆਸਬੋਰਨ ਦਾ ਡੀਜ਼ਾਈਨ ਕੀਤਾ। ਰਾਣੀ ਨੇ ਖ਼ੁਸ਼ ਹੋ ਕੇ ਅਪਣੇ ਪੇਂਟਰ ਰੋਡਾਲਫ਼ ਸਟੋਵੋਦਾ ਤੋਂ ਭਾਈ ਰਾਮ ਸਿੰਘ ਦਾ ਪੋਰਟਰੇਟ ਤਿਆਰ ਕਰਵਾਇਆ ਜੋ ਅੱਜ ਵੀ ਉਥੇ ਹਾਲ ਦਾ ਸ਼ਿੰਗਾਰ ਬਣਿਆ ਹੋਇਆ ਹੈ।
(ਬਾਕੀ ਅਗਲੇ ਹਫ਼ਤੇ)
ਸੰਪਰਕ : 94785-22228, 98775-58127