ਦੋ ਹੱਥ (ਭਾਗ 1)
Published : Jan 13, 2019, 1:45 pm IST
Updated : Jan 13, 2019, 1:45 pm IST
SHARE ARTICLE
Police
Police

ਥਾਣੇਦਾਰ ਅਮਰਜੀਤ ਥਾਣੇ ਦੇ ਗੈਸਟਰੂਮ ਵਿਚ ਪਾਸੇ ਮਾਰ ਰਿਹਾ ਸੀ। ਨੀਂਦ ਉਸ ਤੋਂ ਕੋਹਾਂ ਦੂਰ ਸੀ.......

ਥਾਣੇਦਾਰ ਅਮਰਜੀਤ ਥਾਣੇ ਦੇ ਗੈਸਟਰੂਮ ਵਿਚ ਪਾਸੇ ਮਾਰ ਰਿਹਾ ਸੀ। ਨੀਂਦ ਉਸ ਤੋਂ ਕੋਹਾਂ ਦੂਰ ਸੀ। ਰੂਹ ਬੇਚੈਨ ਸੀ। ਅੱਜ ਉਸ ਨੇ ਖਾਣਾ ਵੀ ਨਾ ਖਾਧਾ। ਸੰਤਾਪ ਹੰਢਾ ਰਹੀ ਸਰਾਪੀ ਰੂਹ ਖ਼ਿਆਲਾਂ ਦੀਆਂ ਘੁੰਮਣ-ਘੇਰੀਆਂ ਵਿਚ ਇਧਰ-ਉਧਰ ਭਟਕ ਰਹੀ ਸੀ। ਥਾਣੇ ਦਾ ਲਾਂਗਰੀ ਦੋ ਵਾਰੀ ਰੋਟੀ ਬਾਰੇ ਪੁੱਛ ਗਿਆ। ਅਮਰਜੀਤ ਹਰ ਵਾਰ ਨਾਂਹ 'ਚ ਸਿਰ ਹਿਲਾ ਦਿੰਦਾ। ਹਰਮੇਸ਼ ਇਕ ਟੱਕ ਅਮਰਜੀਤ ਦੇ ਚਿਹਰੇ ਵਲ ਵੇਖ ਕੇ ਡੁਸਕਦੇ ਮਨ ਨਾਲ ਵਾਪਸ ਮੁੜ ਜਾਂਦਾ। ਹਰਮੇਸ਼ ਤਾਂ ਅਮਰਜੀਤ ਨੂੰ ਅਪਣਾ ਸੱਭ ਕੁੱਝ ਸਮਝਦਾ।

ਮਿੰਟ ਮਿੰਟ ਦਾ ਖ਼ਿਆਲ ਰਖਦਾ, ਉਸ ਨੂੰ ਵੇਖ ਕੇ ਅਮਰਜੀਤ ਕਈ ਵਾਰ ਆਖਦਾ, ''ਹਰਮੇਸ਼ ਪੁੱਤਰ ਤੂੰ ਮੇਰਾ ਏਨਾ ਖ਼ਿਆਲ ਨਾ ਰਖਿਆ ਕਰ। ਮੈਨੂੰ ਅਪਣੀ ਜ਼ਿੰਦਗੀ ਨਾਲ ਪਿਆਰ ਨਹੀਂ। ਕੀ ਪਤਾ ਕਦੋਂ ਰੱਬ ਦਾ ਸੱਦਾ ਆ ਜਾਵੇ।'' ''ਅਜਿਹਾ ਨਾ ਬੋਲੋ ਸਾਬ੍ਹ, ਮਰਨ ਤੁਹਾਡੇ ਦੁਸ਼ਮਣ। ਤੁਹਾਡਾ ਬੁਲਾਵਾ ਆਉਣ ਤੋਂ ਪਹਿਲਾਂ ਮੇਰੀ ਬੋਲਤੀ ਬੰਦ ਕਰ ਦੇਵੇ। ਤੁਸੀ ਤਾਂ ਏਨੇ ਚੰਗੇ ਹੋ।'' ਉਹ ਰੋਂਦਾ ਰੋਂਦਾ ਅਮਰਜੀਤ ਦੇ ਪੈਰੀਂ ਡਿੱਗ ਪੈਂਦਾ। ਅਮਰਜੀਤ ਉਸ ਨੂੰ ਫੜ ਕੇ ਛਾਤੀ ਨਾਲ ਲਾ ਲੈਂਦਾ। ਸਾਰਾ ਸਟਾਫ਼ ਹੈਰਾਨੀ ਨਾਲ ਵੇਖਦਾ। ਥਾਣੇਦਾਰ ਮੁਜਰਮਾਂ ਲਈ ਏਨੇ ਸਖ਼ਤ ਹੋ ਜਾਂਦੇ ਨੇ। ਅੰਦਰੋਂ ਏਨੇ ਕੋਮਲ। ਅੱਜ ਅਮਰਜੀਤ ਨੂੰ ਦੁਖੀ ਵੇਖ ਕੇ ਹਰਮੇਸ਼ ਨੇ ਵੀ ਰੋਟੀ ਨਾ ਖਾਧੀ।

ਵਰਾਂਡੇ 'ਚ ਅਪਣੀ ਮੰਜੀ ਤੇ ਪਿਆ ਰੋ ਰਿਹਾ ਸੀ। ਠੰਢ ਦਾ ਮੌਸਮ ਤਕਰੀਬਨ ਖ਼ਤਮ ਹੋ ਚੁਕਿਆ ਸੀ। ਅਮਰਜੀਤ ਜਦੋਂ ਪਾਸਾ ਲੈਂਦਾ ਤਾਂ ਬੈੱਡ ਜਰਕਦਾ। ਹਰਮੇਸ਼ ਨੂੰ ਪਤਾ ਲੱਗ ਜਾਂਦਾ ਕਿ ਸਾਬ੍ਹ ਅਜੇ ਸੁੱਤੇ ਨਹੀਂ। ਪਤਾ ਨਹੀਂ ਕਿਸ ਗੱਲ ਤੋਂ ਦੁਖੀ ਹਨ। ਅਮਰਜੀਤ ਦੇ ਖ਼ਿਆਲਾਂ ਵਿਚ ਅੱਜ ਦੇ ਉਸ ਕੇਸ ਵਾਲੀ ਕੁੜੀ ਦਾ ਚਿਹਰਾ ਆ ਗਿਆ। ਮਿੱਟੀ ਦੇ ਤੇਲ ਨਾਲ ਸ਼ਾਮ ਨੂੰ ਛੇ ਕੁ ਵਜੇ ਚੀਕਾਂ ਮਾਰਦੀ ਥਾਣੇ ਵਿਚ ਆਈ ਸੀ, ''ਮੈਨੂੰ ਬਚਾ ਲਉ, ਮੇਰੇ ਸਹੁਰੇ ਮੈਨੂੰ ਜਿਊਂਦੀ ਨੂੰ ਸਾੜ ਰਹੇ ਹਨ।'' ਕਦੇ ਉਸ ਦਾ ਚਿਹਰਾ ਬਦਲ ਕੇ ਉਸ ਦੀ ਪ੍ਰੇਮਿਕਾ ਸਿਮਰਨ ਦੇ ਚਿਹਰੇ ਵਿਚ ਬਣ ਜਾਂਦਾ, ''ਅਮਰਜੀਤ ਸ਼ਾਇਦ ਅਪਣੀ ਕਿਸਮਤ ਵਿਚ ਇਸ ਜਨਮ ਮਿਲਣਾ ਨਹੀਂ ਲਿਖਿਆ ਸੀ।

ਅਪਣੇ ਲੇਖਾਂ ਦੀਆਂ ਲਕੀਰਾਂ ਦੀਆਂ ਦਿਸ਼ਾਵਾਂ ਵੱਖੋ-ਵਖਰੀਆਂ ਸਨ। ਮੈਂ ਤਾਂ ਦੁਨੀਆਂ ਤੋਂ ਚਲੀ ਗਈ, ਤੂੰ ਮੇਰੇ ਵਿਰਲਾਪ ਵਿਚ ਕਿਉਂ ਜ਼ਿੰਦਗੀ ਬਰਬਾਦ ਕਰ ਰਿਹੈਂ। ਇਲਾਕੇ ਵਿਚ ਤੇਰਾ ਚੰਗਾ ਆਦਰ ਸਤਿਕਾਰ ਹੈ। ਚੰਗੀ ਨੌਕਰੀ ਮਿਲ ਗਈ। ਉਮਰ ਤੇਤੀ ਸਾਲ ਦੀ ਹੋ ਗਈ। ਅਜੇ ਵੀ ਕੁੱਝ ਨਹੀਂ ਵਿਗੜਿਆ। ਵਿਆਹ ਕਰਵਾ ਲੈ। ਤੇਰੇ ਜ਼ਖ਼ਮਾਂ ਦੀ ਪੀੜ ਹਰਨ ਵਾਲੀ ਜੀਵਨ ਸਾਥਣ ਆ ਜਾਵੇਗੀ। ਪ੍ਰਮਾਤਮਾ ਭਲੀ ਕਰੇਗਾ। ਮੈਂ ਤਾਂ ਸੋਚਦੀ ਹਾਂ ਕਿ ਉਹ ਔਰਤ ਭਾਗਾਂ ਵਾਲੀ ਹੋਵੇਗੀ ਜੋ ਤੇਰੇ ਵਿਹੜੇ 'ਚ ਆਵੇਗੀ। ਸਾਰਾ ਪ੍ਰਵਾਰ ਤੇਰਾ ਵਿਆਹ ਕਰਵਾਉਣ ਲਈ ਕਲਪ ਰਿਹੈ। ਮੇਰੀ ਮੰਨ, ਵਿਆਹ ਕਰਵਾ ਲੈ।''

ਜਦੋਂ ਅਮਰਜੀਤ ਕੁੱਝ ਬੋਲਣ ਲਗਿਆ ਤਾਂ ਅੱਖ ਖੁੱਲ੍ਹ ਗਈ। ਅੱਖਾਂ 'ਚੋਂ ਅੱਥਰੂ ਪਰਲ ਪਰਲ ਵਗਣ ਲੱਗ ਪਏ। ਸਿਮਰਨ ਨੂੰ ਜਿੰਨਾ ਭੁੱਲਣ ਦੀ ਕੋਸ਼ਿਸ਼ ਕਰਦਾ, ਜ਼ਖ਼ਮ ਸਗੋਂ ਹੋਰ ਰਿਸਣ ਲੱਗ ਪੈਂਦੇ। ਜਦੋਂ ਕੁੜੀ ਥਾਣੇ ਵਿਚ ਆ ਕੇ ਚੀਕਾਂ ਮਾਰਨ ਲੱਗੀ ਤਾਂ ਥਾਣੇ ਵਿਚ ਇਕਦਮ ਹਿਲਜੁਲ ਹੋ ਗਈ। ਲੇਡੀ ਸਟਾਫ਼ ਨੇ ਉਸ ਨੂੰ ਸੰਭਾਲਿਆ, ਕਪੜੇ ਬਦਲਵਾਏ, ਰੀਪੋਰਟ ਲਿਖੀ, ਚਾਹ-ਪਾਣੀ ਪਿਲਾਇਆ। ਉਸ ਦੇ ਬੋਲਾਂ ਨੇ ਅਮਰਜੀਤ ਅੰਦਰ ਧੁਖਦੀ ਅੱਗ ਤੇ ਬਾਰੂਦ ਪਾ ਦਿਤਾ। ਗੁੱਸੇ ਨਾਲ ਚਿਹਰਾ ਲਾਲ ਹੋ ਗਿਆ। ਥਾਣੇ ਦੀ ਜੀਪ ਭੇਜ ਕੇ ਜੋ ਵੀ ਘਰ ਦਾ ਮੈਂਬਰ ਮਿਲਿਆ, ਥਾਣੇ ਚੁੱਕ ਲਿਆਂਦਾ।

ਮੁਹੱਲੇ ਦੇ ਕੁੱਝ ਬੰਦੇ ਇਕੱਠੇ ਹੋ ਕੇ ਸੱਭ ਨੇ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਪ੍ਰਵਾਰ ਇਸ ਲੜਕੀ ਨੂੰ ਦਾਜ ਲਈ ਕਈ ਸਾਲਾਂ ਤੋਂ ਅਕਸਰ ਤੰਗ ਕਰਦਾ ਆ ਰਿਹਾ ਹੈ। ਲੜਕੀ ਆਗਿਆਕਾਰੀ ਹੈ, ਸੁਸ਼ੀਲ ਹੈ, ਦੋ ਬੇਟੀਆਂ ਦੀ ਮਾਂ ਹੈ। ਇਸ ਗੱਲ ਨੂੰ ਲੈ ਕੇ ਵੀ ਸਾਰਾ ਟੱਬਰ ਅਕਸਰ ਤਾਅਨੇ ਮਾਰਦਾ ਰਹਿੰਦਾ ਹੈ। ਇਸ ਦਾ ਘਰਵਾਲਾ ਸਿਰੇ ਦਾ ਕੰਜਰ, ਸ਼ਰਾਬੀ ਸੀ। ਇਸ ਨੂੰ ਕੁੱਟਮਾਰ ਕਰਦਾ ਅਤੇ ਬੇਭਾਗ ਆਖਦਾ। ਆਪ ਕੋਈ ਕੰਮਕਾਰ ਨਾ ਕਰਦਾ। ਲੋਕਾਂ ਤੋਂ ਪੈਸੇ ਲੈ ਕੇ ਖਾਈ ਜਾਂਦਾ। ਲੈਣ-ਦੇਣ ਵਾਲੇ ਵਾਰ ਵਾਰ ਵਢਦੇ ਨੇ। ਦਸ-ਪੰਦਰਾਂ ਹਜ਼ਾਰ ਰੁਪਏ ਤਾਂ ਮੁਹੱਲੇ ਵਾਲਿਆਂ ਦੇ ਦੇਣੇ ਹਨ।

ਅਮਰਜੀਤ ਨੇ ਪਹਿਲਾਂ ਤਾਂ ਕੁੜੀ ਦੇ ਸੱਸ, ਸਹੁਰੇ, ਦਿਉਰ, ਘਰਵਾਲੇ ਦੀ ਚੰਗੀ ਸੇਵਾ ਕਰਵਾਈ ਫਿਰ ਹਵਾਲਾਤ 'ਚ ਬੰਦ ਕਰਵਾ ਦਿਤੇ। ਮੁਹੱਲੇ ਵਾਲੇ ਅਪਣੇ ਅਪਣੇ ਘਰਾਂ ਨੂੰ ਵਾਪਸ ਚਲੇ ਗਏ। ਇਸ ਗੱਲ ਨੇ ਅਮਰਜੀਤ ਦੇ ਮਨ ਉਤੇ ਡੂੰਘੀ ਸੱਟ ਮਾਰੀ। ਸਿਮਰਨ ਦੀ ਯਾਦ ਮੁੜ ਤਾਜ਼ਾ ਕਰਵਾ ਦਿਤੀ। ਰੂਹ ਹੋਰ ਵੀ ਬੇਚੈਨ ਹੋ ਗਈ। ਵਾਰ ਵਾਰ ਅਪਣੀ ਕਿਸਮਤ ਨੂੰ ਕੋਸਦਾ ਕਿ ਉਹ ਸਿਮਰਨ ਨੂੰ ਪ੍ਰਾਪਤ ਕਿਉਂ ਨਾ ਕਰ ਸਕਿਆ? ਕਿੰਨਾ ਪਿਆਰ ਕਰਦੀ ਸੀ। ਹਮੇਸ਼ਾ ਉਸ ਦੀ ਪੱਗ ਦੇ ਰੰਗ ਦੀ ਚੁੰਨੀ ਲੈ ਕੇ ਆਉਂਦੀ।

ਘੱਟ ਬੋਲਣ ਵਾਲੀ, ਦੂਜੇ ਦੀ ਗੱਲ ਦਿਲੋਂ ਸਮਝਣ ਵਾਲੀ, ਮਿੱਠਬੋਲੜੀ, ਬਿਲਕੁਲ ਮੇਰੇ ਸੁਭਾਅ ਦੇ ਅਨੁਸਾਰ। ਖ਼ਾਨਦਾਨ ਵੀ ਦੋਹਾਂ ਦਾ ਦਰਮਿਆਨਾ ਸੀ। ਦੋਹਾਂ ਦੇ ਮਾਪਿਆਂ ਨੂੰ ਜਦੋਂ ਉਨ੍ਹਾਂ ਦੇ ਪਿਆਰ ਬਾਰੇ ਪਤਾ ਲਗਿਆ ਤਾਂ ਦੋਹਾਂ ਘਰਾਂ ਨੂੰ ਅਪਣੇ ਬੱਚਿਆਂ ਉਤੇ ਮਾਣ ਤਾਂ ਪਹਿਲਾਂ ਹੀ ਸੀ, ਜਦੋਂ ਉਨ੍ਹਾਂ ਦੀ ਆਪਸੀ ਪਸੰਦ ਦਾ ਪਤਾ ਲਗਿਆ ਤਾਂ ਮਾਣ ਹੋਰ ਵੀ ਵੱਧ ਗਿਆ। ਸਿਮਰਨ ਦੇ ਪਿਤਾ ਨੇ ਕਿਹਾ, ''ਕੋਈ ਗੱਲ ਨਹੀਂ। ਮੁੰਡਾ ਪੜ੍ਹ-ਲਿਖ ਕੇ ਕਿਤੇ ਕੰਮਕਾਰ ਲੱਗ ਜਾਵੇ, ਕਰ ਦੇਵਾਂਗੇ ਰਿਸ਼ਤਾ। ਏਡੀ ਕੀ ਕਾਹਲ ਏ। ਅਜੇ ਬੱਚੇ ਹੀ ਤਾਂ ਹਨ।'' (ਚੱਲਦਾ)

ਗੁਰਮੀਤ ਸਿੰਘ ਰਾਮਪੁਰੀ
ਸੰਪਰਕ : 98783-25301

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement