ਆਤਮ ਪਬਲਿਕ ਸਕੂਲ ਇਸਲਾਮਾਬਾਦ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਵੀ ਸਨ
ਅੰਮ੍ਰਿਤਸਰ: ਸਾਹਿਤਕ ਹਲਕਿਆਂ ਲਈ ਦੁਖਦਾਈ ਖ਼ਬਰ ਹੈ ਕਿ ਪ੍ਰਸਿੱਧ ਪੰਜਾਬੀ ਸ਼ਾਇਰ ਦੇਵ ਦਰਦ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਜਾਣਕਾਰੀ ਅਨੁਸਾਰ ਬੀਤੀ ਸ਼ਾਮ ਅਚਾਨਕ ਠੇਡਾ ਲੱਗਣ ਕਾਰਨ ਦੇਵ ਦਰਦ ਸੜਕ ‘ਤੇ ਡਿਗ ਗਏ ਤੇ ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ ਜੋ ਜਾਨਲੇਵਾ ਸਾਬਤ ਹੋਈ।
ਦੇਵ ਦਰਦ ਆਤਮ ਪਬਲਿਕ ਸਕੂਲ ਇਸਲਾਮਾਬਾਦ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਵੀ ਸਨ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ‘ਤੇ ਸਾਹਿਤਕਾਰਾਂ ਤੇ ਕਲਾਕਾਰਾਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਨ ਵਾਲੇ ਮਰਹੂਮ ਸ਼ਾਇਰ ਦੇਵ ਦਰਦ ਆਪਣੀ ਸ਼ਾਇਰੀ ਕਰ ਕੇ ਜਿੱਥੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸਰੋਤਿਆਂ 'ਚ ਬੇਹੱਦ ਮਕਬੂਲ ਸਨ, ਉੱਥੇ ਉਨ੍ਹਾਂ ਵਲੋਂ ਲਿਖੀਆਂ ਪੁਸਤਕਾਂ ਵੀ ਪੰਜਾਬੀ ਪਾਠਕ ਰੀਝ ਨਾਲ ਪੜ੍ਹਦੇ ਸਨ।
ਅੱਜਕੱਲ੍ਹ ਉਹ ਕਵਿਤਾਵਾਂ ਦੀ ਨਵੀਂ ਪੁਸਤਕ ਦੀ ਤਿਆਰੀ ਵਿੱਚ ਸਨ ਪਰ ਅਚਨਚੇਤ ਵਿਛੋੜਾ ਦੇ ਗਏ। ਮਰਹੂਮ ਸ਼ਾਇਰ ਦੇਵ ਦਰਦ ਦੇ ਦੇਹਾਂਤ 'ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਨਾਟਕਕਾਰ ਜਗਦੀਸ਼ ਸਚਦੇਵਾ, ਬ੍ਰਿਜੇਸ਼ ਜੌਲੀ, ਰਮੇਸ਼ ਯਾਦਵ ਆਦਿ ਸ਼ਖ਼ਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।