
ਸਾਡੇ ਪੰਜਾਬੀ ਸਭਿਆਚਾਰ ਜਾਂ ਵਿਰਸੇ ਨੂੰ ਆਧੁਨਿਕ ਮਸ਼ੀਨੀ ਯੁਗ ਅਤੇ ਮਨੁੱਖ ਦੀ ਤੇਜ਼ ਰਫ਼ਤਾਰੀ ਦੀ ਚਕਾ-ਚੌਂਧ ਨੇ ਮਧੋਲ ਕੇ ਰੱਖ ਦਿਤਾ.....
ਸਾਡੇ ਪੰਜਾਬੀ ਸਭਿਆਚਾਰ ਜਾਂ ਵਿਰਸੇ ਨੂੰ ਆਧੁਨਿਕ ਮਸ਼ੀਨੀ ਯੁਗ ਅਤੇ ਮਨੁੱਖ ਦੀ ਤੇਜ਼ ਰਫ਼ਤਾਰੀ ਦੀ ਚਕਾ-ਚੌਂਧ ਨੇ ਮਧੋਲ ਕੇ ਰੱਖ ਦਿਤਾ ਹੈ। ਹੁਣ ਸਿਰਫ਼ ਕਹਿਣ, ਸੁਣਨ, ਲਿਖਣ ਅਤੇ ਪੈਸੇ ਕਮਾਉਣ ਲਈ ਹੀ ਪੰਜਾਬੀ ਸਭਿਆਚਾਰ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਡੇ ਬਜ਼ੁਰਗ ਦਸਦੇ ਹਨ ਕਿ ਅੱਜ ਤੋਂ 50 ਕੁ ਸਾਲ ਪਹਿਲਾਂ ਪੰਜਾਬੀ ਸਭਿਆਚਾਰ ਭਰ ਜੋਬਨ 'ਤੇ ਸੀ ਅਤੇ ਸਾਦਗੀ, ਭੋਲਾਪਨ, ਮਿਹਨਤ, ਈਮਾਨਦਾਰੀ ਅਤੇ ਹਮਦਰਦੀ ਨਾਲ ਭਰਪੂਰ ਸੀ। ਵੱਡੇ ਤੜਕੇ ਕੁਕੜਾਂ ਦੀਆਂ ਬਾਂਗਾਂ ਸੁਣਨ ਨਾਲ ਲੋਕ ਉਠ ਜਾਂਦੇ ਸਨ।
ਔਰਤਾਂ ਚੱਕੀ ਝੋਅ ਲੈਂਦੀਆਂ, ਰਿੜਕਣਿਆਂ ਵਿਚ ਮਧਾਣੀਆਂ ਘੁੰਮਣ ਲੱਗ ਜਾਂਦੀਆਂ ਅਤੇ ਹਾਲੀ ਬਲਦਾਂ ਦੇ ਗਲ ਹੱਲ ਪੰਜਾਲੀ ਪਾ ਕੇ ਖੇਤਾਂ ਵਿਚ ਤੁਰ ਜਾਂਦੇ ਸਨ। ਚਿੜੀਆਂ ਦੇ ਚੂਕਣ, ਗੁਰਦੁਆਰੇ, ਡੇਰਿਆਂ 'ਚੋਂ ਘੜਿਆਲ ਅਤੇ ਸੰਖ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਨਿਆਈਆਂ ਵਿਚ ਕੋਈ ਹਾਲੀ ਹੱਲ ਵਾਹੁੰਦਾ ਹੋਇਆ ਕਲੀਆਂ ਦੇ ਗਾਉਣ ਰਾਹੀਂ ਰੱਬ ਨੂੰ ਚੇਤੇ ਕਰਦਾ ਸੁਣਾਈ ਦਿੰਦਾ ਸੀ। ਪਹੁ ਫੁਟਦਿਆਂ ਸਾਰ ਲੋਕ ਚਾਹ ਪੀ ਕੇ ਬਾਹਰ ਖੇਤਾਂ ਵਲ ਜੰਗਲ ਪਾਣੀ ਜਾਂਦੇ ਸਨ। ਇਸੇ ਬਹਾਨੇ ਸਵੇਰ ਦੀ ਸੈਰ ਅਤੇ ਦਾਤਣ ਕੁਰਲਾ ਹੋ ਜਾਂਦਾ ਸੀ। ਹੁਣ ਘਰਾਂ ਅੰਦਰ ਪਖ਼ਾਨੇ ਬਣਨ ਨਾਲ ਲੋਕ ਆਲਸੀ ਹੋ ਗਏ ਹਨ।
ਉਦੋਂ ਪਿੰਡ ਵਿਚ ਕੋਈ ਹੀ ਅਜਿਹਾ ਘਰ ਹੁੰਦਾ ਜਿਸ ਵਿਚ ਦੁਧ ਲੱਸੀ ਨਾ ਹੋਵੇ। ਜੇ ਕਿਸੇ ਗ਼ਰੀਬ ਘਰ ਦੁਧ ਨਹੀਂ ਸੀ ਹੁੰਦਾ, ਉਹ ਕਿਸੇ ਵੀ ਘਰੋਂ ਦੁਧ ਦੀ ਗੜਬੀ ਲੈ ਕੇ ਅਪਣਾ ਚਾਹ-ਪਾਣੀ ਲੈਂਦੇ ਸਨ। ਉਦੋਂ ਦੁਧ ਵੇਚਣਾ ਪੁੱਤਰ ਵੇਚਣ ਦੇ ਬਰਾਬਰ ਸਮਝਿਆ ਜਾਂਦਾ ਸੀ। ਅੱਜ ਕੋਈ ਵਿਰਲਾ ਘਰ ਹੀ ਹੋਵੇਗਾ ਜੋ ਦੁਧ ਨਾ ਵੇਚਦਾ ਹੋਵੇ। ਹੁਣ ਤਾਂ ਨਕਲੀ ਦੁਧ ਬਣਾ ਕੇ ਵੀ ਵੇਚਿਆ ਜਾ ਰਿਹਾ ਹੈ। ਸਵੇਰੇ ਮਿਸੇ ਆਟੇ ਦੀ ਹਾਜ਼ਰੀ ਰੋਟੀ, ਮੱਖਣ, ਦਹੀ, ਦੇਸੀ ਘਿਉ, ਚਿਬੜਾਂ ਦੀ ਚਟਣੀ ਅਤੇ ਖੱਟੀ ਲੱਸੀ ਨਾਲ ਬਹੁਤ ਸਵਾਦ ਲਗਦੀ ਸੀ। ਹਾਜ਼ਰੀ ਰੋਟੀ ਖਾ ਕੇ ਲੋਕ ਅਪਣੇ-ਅਪਣੇ ਧੰਦਿਆਂ ਵਿਚ ਲੱਗ ਜਾਂਦੇ ਸਨ।
ਸਾਡੇ ਬਜ਼ੁਰਗ ਦਸਦੇ ਹਨ ਕਿ ਅਸੀ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਚਲੇ ਜਾਂਦੇ। ਬਹੁਤੇ ਪਿੰਡਾਂ ਵਿਚ ਪ੍ਰਾਇਮਰੀ ਸਕੂਲ ਵੀ ਨਹੀਂ ਸਨ। ਅੱਗੇ ਪੜ੍ਹਨ ਲਈ, ਨਾਲ ਦੇ ਸ਼ਹਿਰ ਜਾਣਾ ਪੈਂਦਾ ਸੀ। ਬੱਚਿਆਂ ਨੂੰ ਸਕੂਲ ਵਿਚ ਅਧਿਆਪਕ ਏਨਾ ਪੜ੍ਹਾ ਦਿੰਦੇ ਸਨ ਕਿ ਟਿਊਸ਼ਨ ਰੱਖਣ ਦੀ ਲੋੜ ਨਹੀਂ ਸੀ ਪੈਂਦੀ। ਮੁੰਡੇ ਕੁੜੀਆਂ ਪੰਜਵੀਂ ਛੇਵੀਂ ਕਲਾਸ ਤਕ ਇਕੱਠੇ ਹੀ ਖੇਡਦੇ ਸਨ। ਕਿਸੇ ਦੇ ਮਨ ਵਿਚ ਕਪਟ ਜਾਂ ਚਲਾਕੀ ਵਾਲੀ ਕੋਈ ਗੱਲ ਹੀ ਨਹੀਂ ਸੀ ਹੁੰਦੀ। ਹਰ ਪਿੰਡ ਖੂਹ ਅਤੇ ਹਲਟਾਂ ਹੁੰਦੀਆਂ ਸਨ। ਦਿਨ ਚੜ੍ਹੇ ਕੁੜੀਆਂ ਦੀਆਂ ਟੋਲੀਆਂ ਖੂਹਾਂ ਤੋਂ ਪਾਣੀ ਦੇ ਘੜੇ ਭਰ ਕੇ ਲਿਆਉਂਦੀਆਂ। ਕਈ ਘਰਾਂ ਦੇ ਘੜੇ ਮਸ਼ਕ ਨਾਲ ਵੀ ਭਰੇ ਜਾਂਦੇ ਸਨ।
ਕੁੜੀਆਂ-ਸੁਆਣੀਆਂ ਹਲਟਾਂ 'ਤੇ ਆਪੋ-ਅਪਣੇ ਪਰਵਾਰਾਂ ਦੇ ਕਪੜੇ ਧੋਣ ਆਉਂਦੀਆਂ। ਕਪੜੇ ਧੋਂਦਿਆਂ ਪਿੰਡ ਵਿਚ ਵਾਪਰੀ ਹਰ ਗੱਲ ਦਾ ਸਹਿਜੇ ਹੀ ਪਤਾ ਲੱਗ ਜਾਂਦਾ ਸੀ। ਆਉਣ ਜਾਣ ਦਾ ਸਾਧਨ ਪੈਦਲ ਜਾਂ ਊਠ, ਘੋੜੀਆਂ ਹੋਣ ਕਾਰਨ ਆਉੁਂਦੇ ਜਾਂਦੇ ਰਾਹੀ ਵੀ ਇਨ੍ਹਾਂ ਖੂਹਾਂ ਤੋਂ ਪਾਣੀ ਪੀਂਦੇ ਸਨ। ਖੇਤਾਂ ਨੂੰ ਪਾਣੀ ਦੇਣ ਦਾ ਸਾਧਨ ਨਹਿਰਾਂ ਅਤੇ ਹਲਟ ਸਨ। ਬੱਚੇ ਹਲਟ ਦੀ ਗਰਧਲ (ਲੱਠ) 'ਤੇ ਬੈਠ ਕੇ ਝੂਟੇ ਲੈਂਦੇ ਅਤੇ ਟੱਕ-ਟੱਕ ਕਰਦੇ ਕੁੱਤੇ ਦੀ ਆਵਾਜ਼ ਸੁਣ ਕੇ ਬੜੇ ਖ਼ੁਸ਼ ਹੁੰਦੇ ਸਨ। ਖੂਹ ਦੀਆਂ ਟਿੰਡਾਂ ਦਾ ਪਾਣੀ ਪਾੜਛੇ ਵਿਚ ਡਿਗਦਾ ਕੋਈ ਰਾਗ ਅਲਾਪਦਾ ਜਾਪਦਾ ਸੀ। (ਚਲਦਾ)