ਭਾਈ ਵੀਰ ਸਿੰਘ ਨੇ ਰਵਾਇਤੀ ਭਾਰਤੀ ਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੀ ਵਿਦਿਆ ਹਾਸਲ ਕੀਤੀ।
ਭਾਈ ਵੀਰ ਸਿੰਘ (ਜਨਮ 5 ਦਸੰਬਰ 1872, ਮੌਤ 10 ਜੂਨ 1957, ਉਮਰ 84) ਇਕ ਪੰਜਾਬੀ ਕਵੀ ਅਤੇ ਵਿਦਵਾਨ ਸਨ। ਜਿਨ੍ਹਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਅਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫ਼ਿਲਾਸਫ਼ੀ ਨਾਲ ਜੋੜਿਆ ਜਿਸ ਕਰ ਕੇ ਇਨ੍ਹਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਨ੍ਹਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈ: ਨੂੰ ਅੰਮਿ੍ਰਤਸਰ ਵਿਖੇ ਡਾ: ਚਰਨ ਸਿੰਘ ਦੇ ਘਰ ਹੋਇਆ। ਇਸ ਘਰਾਣੇ ਦਾ ਸਬੰਧ ਸਿੱਖ ਇਤਿਹਾਸ ਦੇ ਦੀਵਾਨ ਕੌੜਾ ਮੱਲ ਨਾਲ ਸੀ। 1891 ਵਿਚ ਅੰਮਿ੍ਰਤਸਰ ਦੇ ਚਰਚ ਮਿਸ਼ਨ ਸਕੂਲ ਤੋਂ ਦਸਵੀਂ ਦਾ ਇਮਤਿਹਾਨ ਜ਼ਿਲ੍ਹੇ ਭਰ ਵਿਚੋਂ ਅਵੱਲ ਰਹਿ ਕੇ ਪਾਸ ਕੀਤਾ। ਉਨ੍ਹਾਂ ਸਰਕਾਰੀ ਨੌਕਰੀ ਪਿੱਛੇ ਨਾ ਦੌੜ ਕੇ ਅਪਣੀ ਰੁਚੀ ਅਨੁਸਾਰ ਇਕ ਲੇਖਕ ਦੇ ਤੌਰ ’ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸ਼ੁਰੂ ਵਿਚ ਸਕੂਲਾਂ ਲਈ ਪਾਠ-ਪੁਸਤਕਾਂ ਲਿਖੀਆਂ। ਆਪ ਨੇ 1892 ਈ: ਵਿਚ ਸ.ਵਜ਼ੀਰ ਸਿੰਘ ਨਾਲ ਰਲ ਕੇ ‘ਵਜ਼ੀਰ ਹਿੰਦ ਪ੍ਰੈੱਸ’ ਚਲਾਇਆ। 1899 ਵਿਚ ਉਨ੍ਹਾਂ ਨੇ ਹਫ਼ਤਾਵਰੀ ਖ਼ਾਲਸਾ ਸਮਾਚਾਰ ਅਖ਼ਬਾਰ ਸ਼ੁਰੂ ਕੀਤਾ ਅਤੇ ਇਕ ਸਾਲ ਬਾਅਦ ਨਿਰਗੁਣੀਆਰਾ ਜਾਰੀ ਕੀਤਾ। ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿਖਿਆ ਹਾਸਲ ਨਹੀਂ ਕੀਤੀ ਪਰ ਸੰਸਕਿ੍ਰਤ, ਫ਼ਾਰਸੀ, ਉਰਦੂ, ਗੁਰਬਾਣੀ, ਸਿੱਖ ਇਤਿਹਾਸ ਅਤੇ ਹਿੰਦੂ ਇਤਿਹਾਸ ਦੇ ਫ਼ਲਸਫ਼ੇ ਦਾ ਅਧਿਐਨ ਕੀਤਾ। ਉਨ੍ਹਾਂ ਦੀ ਬਹੁਤੀ ਰਚਨਾ ਸਿੱਖੀ ਪ੍ਰਚਾਰ ਨਾਲ ਸਬੰਧ ਰਖਦੀ ਹੈ।
ਭਾਈ ਵੀਰ ਸਿੰਘ ਨੇ ਰਵਾਇਤੀ ਭਾਰਤੀ ਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੀ ਵਿਦਿਆ ਹਾਸਲ ਕੀਤੀ। ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਟੀ ਨੇ ਆਪ ਨੂੰ 1949 ਵਿਚ ਡਾਕਟਰ ਆਫ਼ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿਚ ਆਪ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। 1950 ਵਿਚ ਭਾਈ ਵੀਰ ਨੂੰ ਵਿਦਿਅਕ ਕਾਨਫ਼ਰੰਸ ਵਿਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ। 1955 ਵਿਚ ਆਪ ਦੀ ਪੁਸਤਕ ‘ਮੇਰੇ ਸਾਂਈਆਂ ਜੀਉ’ ਨੂੰ ਸਾਹਿਤ ਅਕਾਦਮੀ ਵਲੋਂ ਪੰਜ ਹਜ਼ਾਰ ਦਾ ਇਨਾਮ ਮਿਲਿਆ। 1956 ਵਿਚ ਭਾਈ ਵੀਰ ਸਿੰਘ ਨੂੰ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪ੍ਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਭਾਈ ਵੀਰ ਸਿੰਘ ਦੀਆਂ ਕੁੱਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ, ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸਤਕ’ (ਅਨੁਵਾਦ) ਨਿਰੋਲ ਪ੍ਰੰਪਰਾਗਤ ਰੂਪ ਤੇ ਸ਼ੈਲੀ ਦੀ ਗੁਆਹੀ ਭਰਦੇ ਹਨ। ਇਨ੍ਹਾਂ ਵਿਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਦਾਨ ਹੈ। ਦੋਹਾਂ ਵਿਚ ਬੈਂਤ ਛੰਦ ਦੀ ਵਰਤੋਂ ਹੈ।
ਭਾਈ ਸਾਹਿਬ ਅਧੁਨਿਕ ਕਵਿਤਾ ਤੇ ਇਤਿਹਾਸ ਵਿਚ 1905 ਵਿਚ ਰਚੇ ਅਪਣੇ ਮਹਾਂ ਕਾਵਿ ‘ਰਾਣਾ ਸੁਰਤ ਸਿੰਘ’ ਨਾਲ ਪ੍ਰਵੇਸ਼ ਕਰਦੇ ਹਨ। ਇਸ ਵਿਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪ੍ਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪ੍ਰੰਪਰਾ ਨਾਲ ਜੋੜਿਆ ਗਿਆ ਹੈ। ਰਾਣਾ ਸੂਰਤ ਸਿੰਘ ਦੀ ਕੌਮੀ ਯੁੱਧ ਵਿਚ ਸ਼ਹੀਦੀ ਪਿਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸ ਨੂੰ ਆਤਮਕ ਸੁੱਖ ਦਿੰਦਾ ਹੈ। ਇਸ ਵਿਚ ਕੁਦਰਤ ਦਾ ਵਰਨਣ ਕਾਫ਼ੀ ਅਦਭੁੱਤ ਹੈ। ਇਹ ਸ਼ਾਂਤੀ ਤੇ ਗਿਆਨ ਦਾ ਵਹਿੰਦਾ ਦਰਿਆ ਹੈ। ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿਚ ਵਿਸ਼ੇ ਦੇ ਰੂਪ ਦੀ ਕਾਫ਼ੀ ਵੰਨਗੀ ਮਿਲਦੀ ਹੈ। ਉਨ੍ਹਾਂ ਨੂੰ ਕੁਦਰਤ ਵਿਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।