ਇਕ ਸਾਲ ਪਹਿਲਾਂ ਇਸੇ ਮਿਆਦ ’ਚ ਜੀਐੱਸਟੀ ਕੁਲੈਕਸ਼ਨ 1.43 ਲੱਖ ਕਰੋੜ ਰੁਪਏ ਸੀ।
ਨਵੀਂ ਦਿੱਲੀ: ਟੈਕਸ ਅਨੁਪਾਲਨ ਵਿਚ ਸੁਧਾਰ ਅਤੇ ਟੈਕਸ ਚੋਰੀ ਵਿਚ ਕਮੀ ਦੇ ਕਾਰਨ ਅਗੱਸਤ ਮਹੀਨੇ ਵਿਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਦੀ ਕੁਲੈਕਸ਼ਨ 11 ਫੀ ਸਦੀ ਵਧ ਕੇ 1.59 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਈ। ਅਗੱਸਤ ਲਈ ਜੀ.ਐਸ.ਟੀ. ਕੁਲੈਕਸ਼ਨ ਦੇ ਅੰਕੜੇ ਜਾਰੀ ਕਰਦੇ ਹੋਏ, ਵਿੱਤ ਮੰਤਰਾਲੇ ਨੇ ਕਿਹਾ ਕਿ ਮਹੀਨੇ ’ਚ ਕੁਲ ਜੀ.ਐਸ.ਟੀ. ਮਾਲੀਆ 1,59,069 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਜੀਐੱਸਟੀ ਕੁਲੈਕਸ਼ਨ 1.43 ਲੱਖ ਕਰੋੜ ਰੁਪਏ ਸੀ।
ਇਸ ’ਚ ਕੇਂਦਰੀ ਜੀ.ਐਸ.ਟੀ. ਮਾਲੀਆ 28,328 ਕਰੋੜ ਰੁਪਏ, ਰਾਜ ਜੀ.ਐਸ.ਟੀ. ਮਾਲੀਆ 35,794 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. ਮਾਲੀਆ 83,251 ਕਰੋੜ ਰੁਪਏ ਸੀ। ਇਸ ਸਮੇਂ ਦੌਰਾਨ ਸੈੱਸ ਵਜੋਂ 11,695 ਕਰੋੜ ਰੁਪਏ ਇਕੱਠੇ ਕੀਤੇ ਗਏ। ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਮਹੀਨੇ ਮਾਲ ਦੀ ਦਰਾਮਦ ਤੋਂ ਮਾਲੀਆ 3 ਫੀ ਸਦੀ ਅਤੇ ਘਰੇਲੂ ਲੈਣ-ਦੇਣ ਤੋਂ ਮਾਲੀਆ ਸਾਲ ਦਰ ਸਾਲ 14 ਫੀ ਸਦੀ ਵਧਿਆ ਹੈ।
ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਕਿ ਅਪ੍ਰੈਲ-ਜੂਨ ਤਿਮਾਹੀ ’ਚ ਟੈਕਸ ਦਰਾਂ ’ਚ ਕੋਈ ਬਦਲਾਅ ਨਾ ਹੋਣ ਦੇ ਬਾਵਜੂਦ ਜੀ.ਐੱਸ.ਟੀ. ਕੁਲੈਕਸ਼ਨ ਮੌਜੂਦਾ ਕੀਮਤਾਂ ’ਤੇ ਜੀ.ਡੀ.ਪੀ. ਦੀ ਵਿਕਾਸ ਦਰ ਤੋਂ ਜ਼ਿਆਦਾ ਰਹੀ ਹੈ। ਮਲਹੋਤਰਾ ਨੇ ਕਿਹਾ, ‘‘ਇਹ ਬਿਹਤਰ ਟੈਕਸ ਪਾਲਣਾ ਅਤੇ ਟੈਕਸ ਉਗਰਾਹੀ ਦੀ ਕੁਸ਼ਲਤਾ ’ਚ ਸੁਧਾਰ ਦੇ ਕਾਰਨ ਹੋਇਆ ਹੈ। ਇਸ ਤੋਂ ਇਲਾਵਾ, ਟੈਕਸ ਚੋਰੀ ਅਤੇ ਟੈਕਸ ਚੋਰੀ ’ਚ ਕਮੀ ਆਈ ਹੈ।’’ ਕੇ.ਪੀ.ਐਮ.ਜੀ. ਦੇ ਭਾਈਵਾਲ ਅਤੇ ਅਸਿੱਧੇ ਟੈਕਸਾਂ ਦੇ ਮੁਖੀ ਅਭਿਸ਼ੇਕ ਜੈਨ ਨੇ ਕਿਹਾ ਕਿ ਤਿਉਹਾਰ ਨੇੜੇ ਆਉਂਦੇ ਹੀ ਜੀ.ਐਸ.ਟੀ. ਕੁਲੈਕਸ਼ਨ ਆਉਣ ਵਾਲੇ ਮਹੀਨਿਆਂ ’ਚ ਹੋਰ ਬਿਹਤਰ ਹੋਣ ਦੀ ਉਮੀਦ ਹੈ।
ਸਰਕਾਰ ਨੇ 30 ਕਰੋੜ ਰੁਪਏ ਨਾਲ ਛੇ ਸੂਬਿਆਂ, ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਸ਼ੁਰੂ ਕੀਤੀ ਜੀ.ਐੱਸ.ਟੀ. ਪੁਰਸਕਾਰ ਯੋਜਨਾ
ਗੁਰੂਗ੍ਰਾਮ: ਜੀ.ਐੱਸ.ਟੀ. ਪੁਰਸਕਾਰ ਯੋਜਨਾ ‘ਮੇਰਾ ਬਿਲ, ਮੇਰਾ ਅਧਿਕਾਰ’ ਸ਼ੁਕਰਵਾਰ ਨੂੰ ਛੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਸ਼ੁਰੂ ਕੀਤੀ ਗਈ। ਕੇਂਦਰ ਅਤੇ ਸੂਬਿਆਂ ਨੇ ਚਾਲੂ ਵਿੱਤ ਵਰ੍ਹੇ ’ਚ ਪੁਰਸਕਾਰ ਰਕਮ ਲਈ 30 ਕਰੋੜ ਰੁਪਏ ਦਾ ਫ਼ੰਡ ਤੈਅ ਕੀਤਾ ਗਿਆ ਹੈ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਯੋਜਨਾ ਲਈ ਮੋਬਾਈਲ ਐਪ ਨੂੰ ਹੁਣ ਤਕ 50 ਹਜ਼ਾਰ ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਹੈ। ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਕਿ ‘ਮੇਰਾ ਬਿਲ, ਮੇਰਾ ਅਧਿਕਾਰ’ ਜੀ.ਐਸ.ਟੀ. ਲੱਕੀ ਡਰਾਅ ਛੇ ਸੂਬਿਆਂ ’ਚ ਪਾਇਲਟ ਆਧਾਰ ’ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਪੁਰਸਕਾਰ ਰਕਮ ’ਚ ਕੇਂਦਰ ਅਤੇ ਸੂਬਾ ਬਰਾਬਰ ਰੂਪ ’ਚ ਯੋਗਦਾਨ ਕਰਨਗੇ।