
ਕਿਸਾਨਾਂ ਦਾ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਰਹਿਣ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ 'ਚ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਅੰਦੋਲਨ ...
ਨਵੀਂ ਦਿੱਲੀ/ਚੰਡੀਗੜ੍ਹ/ ਨਾਗਪੁਰ/ਨਾਸਿਕ: ਕਿਸਾਨਾਂ ਦਾ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਰਹਿਣ ਨਾਲ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ 'ਚ ਇਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਹੈ। ਅੰਦੋਲਨ ਕਰ ਕੇ ਸਬਜ਼ੀਆਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਖੇਤੀ ਉਤਪਾਦਾਂ ਦੀ ਮੰਡੀਆਂ 'ਚ ਤਾਜ਼ਾ ਸਪਲਾਈ ਘੱਟ ਹੋ ਗਈ ਹੈ ਅਤੇ ਕਿਸਾਨ ਸਬਜ਼ੀਆਂ ਅਤੇ ਦੁੱਧ ਸੜਕਾਂ ਉਤੇ ਸੁੱਟ ਕੇ ਸ਼ਹਿਰਾਂ ਨੂੰ ਇਨ੍ਹਾਂ ਦੀ ਸਪਲਾਈ ਰੋਕ ਰਹੇ ਹਨ।
ਕਿਸਾਨਾਂ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਕਥਿਤ ਨੀਤੀਆਂ ਵਿਰੁਧ ਕਲ ਤੋਂ 10 ਦਿਨਾਂ ਦਾ ਅੰਦੋਲਨ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਉਹ ਸਬਜ਼ੀਆਂ, ਫੱਲ, ਦੁੱਧ ਅਤੇ ਹੋਰ ਵਸਤਾਂ ਦੀ ਸ਼ਹਿਰਾਂ ਨੂੰ ਸਪਲਾਈ ਬੰਦ ਕਰ ਰਹੇ ਹਨ।ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਹੋਣ ਵਾਲੀ ਕਿਸਾਨ ਰੈਲੀ ਤੋਂ ਕੁੱਝ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਕਿਸਾਨ ਖ਼ੁਦਕਸ਼ੀ ਕਰ ਰਹੇ ਹਨ ਪਰ ਨਰਿੰਦਰ ਮੋਦੀ ਸਰਕਾਰ ਖੇਤੀਬਾੜੀ ਸੰਕਟ ਵਲ ਕੋਈ ਧਿਆਨ ਨਹੀਂ ਦੇ ਰਹੀ।
ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੇ ਹੱਕ ਦੀ ਲੜਾਈ 'ਚ ਕਾਂਗਰਸ ਉਨ੍ਹਾਂ ਨਾਲ ਖੜੀ ਹੋਵੇਗੀ। ਉਨ੍ਹਾਂ ਇਕ ਟਵੀਟ ਕਰ ਕੇ ਕਿਹਾ, ''ਸਾਡੇ ਦੇਸ਼ ਅੰਦਰ ਹਰ ਰੋਜ਼ 35 ਕਿਸਾਨ ਖ਼ੁਦਕੁਸ਼ੀ ਕਰਦੇ ਹਨ। ਖੇਤੀ ਖੇਤਰ ਉਤੇ ਛਾਏ ਸੰਕਟ ਵਲ ਕੇਂਦਰ ਸਰਕਾਰ ਦਾ ਧਿਆਨ ਖਿੱਚਣ ਲਈ ਕਿਸਾਨ ਭਰਾ 10 ਦਿਨਾਂ ਦਾ ਅੰਦੋਲਨ ਕਰਨ ਲਈ ਮਜਬੂਰ ਹਨ। ਸਾਡੇ ਅੰਨਦਾਤੇ ਦੇ ਹੱਕ ਦੀ ਲੜਾਈ 'ਚ ਉਨ੍ਹਾਂ ਨਾਲ ਖੜੇ ਹੋਣ ਲਈ 6 ਜੂਨ ਨੂੰ ਮੰਦਸੌਰ 'ਚ ਕਿਸਾਨ ਰੈਲੀ ਨੂੰ ਸੰਬੋਧਨ ਕਰਾਂਗਾ।''
ਜ਼ਿਕਰਯੋਗ ਹੈ ਕਿ ਮੰਦਸੌਰ 'ਚ ਪਿਛਲੇ ਸਾਲ ਕਿਸਾਨਾਂ ਉਤੇ ਹੋਈ ਪੁਲਿਸ ਗੋਲੀਬਾਰੀ ਦੀ ਪਹਿਲੀ ਬਰਸੀ ਉਤੇ ਰਾਹੁਲ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਨਗੇ।
ਉਧਰ ਨਾਗਪੁਰ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਲਈ ਕੋਮਾਂਤਰੀ ਆਰਥਕ ਸਥਿਤੀ ਅਤੇ ਲੋੜ ਤੋਂ ਜ਼ਿਆਦਾ ਪੈਦਾਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਭਰੋਸਾ ਦਿਤਾ ਕਿ ਕੇਂਦਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੁਰਾਣੀਆਂ ਸਮੱਸਿਆਵਾਂ ਹਨ ਅਤੇ ਇਹ ਕੋਈ ਨਵਾਂ ਮੁੱਦਾ ਨਹੀਂ ਹੈ।
ਅੱਜ ਦੂਜੇ ਦਿਨ ਕਈ ਸ਼ਹਿਰਾਂ 'ਚ ਸਬਜ਼ੀਆਂ ਦਾ ਮੁੱਲ 10 ਤੋਂ 20 ਰੁਪਏ ਪ੍ਰਤੀ ਕਿੱਲੋ ਵੱਧ ਗਿਆ, ਜਿਸ ਕਰ ਕੇ ਖ਼ਰੀਦਦਾਰਾਂ ਨੂੰ ਸਬਜ਼ੀਆਂ ਖ਼ਰੀਦਣ ਲਈ ਜ਼ਿਆਦਾ ਖ਼ਰਚ ਕਰਨਾ ਪਿਆ। ਪੰਜਾਬ 'ਚ ਨਾਭਾ, ਲੁਧਿਆਣਾ, ਮੁਕਤਸਰ, ਤਰਨ ਤਾਰਨ, ਨੰਗਲ ਅਤੇ ਫ਼ਿਰੋਜ਼ਪੁਰ ਸਮੇਤ ਕਈ ਥਾਵਾਂ ਉਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਸਬਜ਼ੀਆਂ ਅਤੇ ਦੁੱਧ ਨੂੰ ਸ਼ਹਿਰਾਂ 'ਚ ਜਾਣ ਦੇਣ ਤੋਂ ਰੋਕਣ ਲਈ ਕਿਸਾਨਾਂ ਵਲੋਂ ਨਾਕਾਬੰਦੀ ਕਰਨ ਦੀਆਂ ਵੀ ਖ਼ਬਰਾਂ ਹਨ। ਫ਼ਿਰੋਜ਼ਪੁਰ ਤੋਂ ਮਿਲੀ ਖ਼ਬਰ ਮੁਤਾਬਕ ਕਿਸਾਨਾਂ ਨੇ ਜ਼ਬਰਦਸਤੀ ਸਬਜ਼ੀ ਮੰਡੀ ਬੰਦ ਕਰਵਾ ਦਿਤੀ।
ਪੁਲਿਸ ਨੇ ਕਿਹਾ ਕਿ ਬਠਿੰਡਾ 'ਚ ਕਿਸਾਨਾਂ ਨੇ ਕੁੱਝ ਦੁੱਧ ਵੇਚਣ ਵਾਲਿਆਂ ਨੂੰ ਸ਼ਹਿਰ ਜਾਣ ਤੋਂ ਰੋਕ ਦਿਤਾ, ਜਿਸ 'ਤੇ ਉਨ੍ਹਾਂ ਵਿਚਕਾਰ ਤਿੱਖੀ ਬਹਿਸ ਵੇਖਣ ਨੂੰ ਮਿਲੀ। ਮੋਹਾਲੀ 'ਚ ਕਿਸਾਨਾਂ ਨੇ ਵੇਰਕਾ ਦੁੱਧ ਪਲਾਂਟ ਦੇ ਗੇਟ ਨੂੰ ਅਪਣੀਆਂ ਗੱਡੀਆਂ ਨਾਲ ਜਾਮ ਕਰ ਦਿਤਾ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਤੋਂ ਵੀ ਵੱਖੋ-ਵੱਖ ਬਾਜ਼ਾਰ ਕਮੇਟੀਆਂ ਤਕ ਸਬਜ਼ੀਆਂ ਪਹੁੰਚਾਉਣ ਅਤੇ ਜ਼ਿਲ੍ਹੇ 'ਚ ਦੁੱਧ ਇਕੱਠਾ ਕਰਨ ਦੀ ਪ੍ਰਕਿਰਿਆ ਪ੍ਰਭਾਵਤ ਹੋਈ।
ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਅਹੁਦੇਦਾਰ ਨੇ ਕਿਹਾ ਕਿ ਸਾਰੀਆਂ ਦੁੱਧ ਡੇਅਰੀਆਂ ਬੰਦ ਹਨ ਅਤੇ ਦੁੱਧ ਇਕੱਠਾ ਕਰਨ ਵਾਲੇ ਕੇਂਦਰ ਇਸ ਤੋਂ ਪ੍ਰਭਾਵਤ ਹਨ।ਮੱਧ ਪ੍ਰਦੇਸ਼ ਦੀਆਂ ਮੰਡੀਆਂ 'ਚ ਚੁੱਪ ਛਾਈ ਰਹੀ ਅਤੇ ਕਿਸਾਨ ਅਪਣੀ ਪੈਦਾਵਾਰ ਵੇਚਣ ਲਈ ਮੰਡੀਆਂ 'ਚ ਨਹੀਂ ਆਏ। ਇੱਥੇ ਹਰ ਰੋਜ਼ 3 ਹਜ਼ਾਰ ਤੋਂ 4 ਹਜ਼ਾਰ ਕਿਸਾਨ ਅਪਣੀ ਉਪਜ ਵੇਚਣ ਆਉਂਦੇ ਸਨ ਪਰ ਅੱਜ ਸਿਰਫ਼ 25-30 ਕਿਸਾਨ ਹੀ ਵੇਖਣ ਨੂੰ ਮਿਲੇ। (ਪੀਟੀਆਈ)