
ਅੰਬੂਜਾ ਸੀਮੈਂਟ ਅਤੇ ਏਸੀਸੀ ਸੀਮੈਂਟ ਨੂੰ ਆਪਣਾ ਬਣਾਉਣ ਤੋਂ ਬਾਅਦ ਹੁਣ ਉਸ ਦੀ ਨਜ਼ਰ ਇਸ ਸੈਕਟਰ ਦੀ ਇਕ ਹੋਰ ਵੱਡੀ ਕੰਪਨੀ ਜੇਪੀ ਸੀਮੈਂਟ ਉੱਤੇ ਹੈ।
ਨਵੀਂ ਦਿੱਲੀ: ਦੁਨੀਆ ਦੇ ਚੌਥੇ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਆਪਣੇ ਕਾਰੋਬਾਰ ਦਾ ਲਗਾਤਾਰ ਵਿਸਥਾਰ ਕਰ ਰਹੇ ਹਨ। ਸੀਮੈਂਟ ਸੈਕਟਰ 'ਚ ਜ਼ਬਰਦਸਤ ਐਂਟਰੀ ਲੈਣ ਤੋਂ ਬਾਅਦ ਹੁਣ ਅਡਾਨੀ ਗਰੁੱਪ ਇਸ ਸੈਕਟਰ 'ਚ ਆਪਣਾ ਦਬਦਬਾ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਉਹ ਆਪਣੇ ਪੋਰਟਫੋਲੀਓ ਵਿਚ ਇਕ ਹੋਰ ਸੀਮਿੰਟ ਕੰਪਨੀ ਨੂੰ ਜੋੜਨ ਜਾ ਰਿਹਾ ਹੈ, ਜਿਸ ਬਾਰੇ ਗੱਲਬਾਤ ਦਾ ਦੌਰ ਚੱਲ ਰਿਹਾ ਹੈ।
ਅੰਬੂਜਾ ਸੀਮੈਂਟ ਅਤੇ ਏਸੀਸੀ ਸੀਮੈਂਟ ਨੂੰ ਆਪਣਾ ਬਣਾਉਣ ਤੋਂ ਬਾਅਦ ਹੁਣ ਉਸ ਦੀ ਨਜ਼ਰ ਇਸ ਸੈਕਟਰ ਦੀ ਇਕ ਹੋਰ ਵੱਡੀ ਕੰਪਨੀ ਜੇਪੀ ਸੀਮੈਂਟ ਉੱਤੇ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਅਡਾਨੀ ਸਮੂਹ ਕਰਜ਼ੇ ਦੀ ਮਾਰ ਹੇਠ ਆਈ ਜੈਪ੍ਰਕਾਸ਼ ਪਾਵਰ ਵੈਂਚਰਜ਼ ਲਿਮਟਿਡ ਦੇ ਸੀਮਿੰਟ ਕਾਰੋਬਾਰ ਨੂੰ ਖਰੀਦਣ ਲਈ ਗੱਲਬਾਤ ਕਰ ਰਿਹਾ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਡਾਨੀ ਸਮੂਹ ਇਹ ਸੌਦਾ 606 ਮਿਲੀਅਨ ਡਾਲਰ (4,992 ਕਰੋੜ ਰੁਪਏ ਤੋਂ ਵੱਧ) ਵਿਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਤਹਿਤ ਸੀਮਿੰਟ ਗਰਾਈਡਿੰਗ ਯੂਨਿਟ ਅਤੇ ਹੋਰ ਛੋਟੀਆਂ ਜਾਇਦਾਦਾਂ ਖਰੀਦਣ ਲਈ ਗੱਲਬਾਤ ਕੀਤੀ ਜਾ ਰਹੀ ਹੈ। ਇਸ 'ਚ ਕਿਹਾ ਗਿਆ ਹੈ ਕਿ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਇਹ ਐਕਵਾਇਰ ਹਾਲ ਹੀ 'ਚ ਹਾਸਲ ਕੀਤੀ ਸੀਮਿੰਟ ਯੂਨਿਟਾਂ 'ਚੋਂ ਇਕ ਰਾਹੀਂ ਕਰੇਗਾ। ਇਸ ਡੀਲ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ 'ਤੇ ਦਸਤਖਤ ਹੋ ਸਕਦੇ ਹਨ।
ਸੋਮਵਾਰ ਨੂੰ ਸਟਾਕ ਐਕਸਚੇਂਜ ਫਾਈਲਿੰਗ ਦੇ ਅਨੁਸਾਰ ਜੈਪ੍ਰਕਾਸ਼ ਐਸੋਸੀਏਟਸ ਲਿਮਟਿਡ ਦੇ ਬੋਰਡ ਨੇ ਕੰਪਨੀ ਦੇ ਕਰਜ਼ੇ ਨੂੰ ਘਟਾਉਣ ਲਈ ਆਪਣੇ ਸੀਮੈਂਟ ਕਾਰੋਬਾਰ ਨੂੰ ਵੇਚਣ ਦਾ ਮਨ ਬਣਾ ਲਿਆ ਹੈ। ਇਸ ਵਿਚ ਜੈਪ੍ਰਕਾਸ਼ ਪਾਵਰ ਵੈਂਚਰਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਬੋਰਡ ਨਿਗਰੀ ਸੀਮਿੰਟ ਗ੍ਰਾਈਂਡਿੰਗ ਯੂਨਿਟ ਅਤੇ ਹੋਰ ਗੈਰ-ਕੋਰ ਸੰਪਤੀਆਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ।
ਇਸ ਸਾਲ ਮਈ ਵਿਚ ਅਡਾਨੀ ਸਮੂਹ ਨੇ 10.5 ਬਿਲੀਅਨ ਡਾਲਰ (81,361 ਕਰੋੜ ਰੁਪਏ) ਵਿਚ ਸਵਿਸ ਫਰਮ ਹੋਲਸੀਮ ਦੇ ਭਾਰਤ ਕਾਰੋਬਾਰ ਨੂੰ ਖਰੀਦਣ ਦੀ ਦੌੜ ਜਿੱਤੀ ਸੀ। ਅੰਬੂਜਾ ਸੀਮੈਂਟਸ ਵਿਚ ਹੋਲਸੀਮ ਦੀ 63.19 ਫੀਸਦੀ ਅਤੇ ਏਸੀਸੀ ਵਿਚ 4.48 ਫੀਸਦੀ ਹਿੱਸੇਦਾਰੀ ਹੈ। ਇਸ ਸੌਦੇ ਦੇ ਪੂਰਾ ਹੋਣ ਤੋਂ ਬਾਅਦ ਅਡਾਨੀ ਦੀ ਅੰਬੂਜਾ ਸੀਮੈਂਟਸ ਵਿਚ 63.15 ਪ੍ਰਤੀਸ਼ਤ ਹਿੱਸੇਦਾਰੀ ਅਤੇ ACC ਵਿਚ 56.69 ਪ੍ਰਤੀਸ਼ਤ ਹਿੱਸੇਦਾਰੀ ਹੈ।