
ਰੋਜ਼ਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਹੋ ਰਿਹਾ ਮੁਸ਼ਕਿਲ
ਨਵੀਂ ਦਿੱਲੀ: ਏਅਰਲਾਈਨ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਲਈ ਨੌਕਰੀ ਜਾਣ ਤੋਂ ਬਾਅਦ ਰੋਜ਼ਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿਚ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਜੈੱਟ ਦੇ ਕਰਮਚਾਰੀ ਅਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਪਣਾ ਕੀਮਤੀ ਸਮਾਨ ਵੇਚਣ ਨੂੰ ਮਜਬੂਰ ਹਨ। ਜੈੱਟ ਏਅਰਵੇਜ਼ ਦਾ ਇਕ ਪਾਇਲਟ ਅਪਣੀ ਰੇਸਿੰਗ ਮੋਟਰਸਾਈਕਲ ਤੱਕ ਵੇਚਣ ਨੂੰ ਮਜਬੂਰ ਹੋ ਗਿਆ ਹੈ।
Jet Airways
ਜਿਨ੍ਹਾਂ ਤਕਨੀਕੀ ਕਰਮਚਾਰੀਆਂ ਦਾ ਤਬਾਦਲਾ ਦੂਜੇ ਸ਼ਹਿਰਾਂ ਵਿਚ ਹੋ ਚੁੱਕਿਆ ਸੀ, ਉਨ੍ਹਾਂ ਨੂੰ ਅਪਣੇ ਪਰਵਾਰਾਂ ਨੂੰ ਮਿਲਣ ਲਈ ਟਰੇਨਾਂ ਰਾਹੀਂ ਯਾਤਰਾ ਕਰਨੀ ਪੈ ਰਹੀ ਹੈ, ਕਿਉਂਕਿ ਉਨ੍ਹਾਂ ਦੀ ਯਾਤਰਾ ਲਈ ਕੋਈ ਉਡਾਣ ਉਪਲੱਬਧ ਨਹੀਂ ਹੈ। ਨੈਸ਼ਨਲ ਐਵੀਏਟਰਸ ਗਿਲਡ ਦੇ ਉਪ-ਪ੍ਰਧਾਨ ਕੈਪਟਨ ਅਸੀਮ ਵਾਲਿਆਨੀ ਨੇ ਕਿਹਾ, ‘ਮੈਨੂੰ ਅੱਜ ਸਵੇਰੇ ਇਕ ਸਾਥੀ ਪਾਇਲਟ ਦਾ ਫ਼ੋਨ ਆਇਆ, ਜਿਨ੍ਹਾਂ ਨੇ ਅਪਣੀ ਮਹਿੰਗੀ ਮੋਟਰਸਾਈਕਲ ਵੇਚਣ ਦਾ ਫ਼ੈਸਲਾ ਕੀਤਾ ਹੈ।
ਵਧੇਰੇ ਕਰਮਚਾਰੀਆਂ ਨੂੰ ਰੋਜ਼ ਦਾ ਖਰਚ ਚਲਾਉਣ ਵਿਚ ਮੁਸ਼ਕਿਲ ਹੋਣ ਲੱਗੀ ਹੈ। ਲਗਭੱਗ 15 ਸਾਲ ਤੋਂ ਜੈੱਟ ਏਅਰਵੇਜ਼ ਨਾਲ ਜੁੜੇ ਰਹੇ ਇਕ ਸੀਨੀਅਰ ਇੰਜੀਨੀਅਰ ਨੇ ਕਿਹਾ ਕਿ ਉਨ੍ਹਾਂ ਦੇ ਕਈ ਸਹਿਕਰਮੀ ਗੰਭੀਰ ਵਿੱਤੀ ਸੰਕਟ ਨਾਲ ਜੂਝ ਰਹੇ ਹਨ। ਉਨ੍ਹਾਂ ਨੇ ਇਕ ਸਹਿਕਰਮੀ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਅਪਣੇ ਕਈ ਸਹਿਕਰਮੀਆਂ ਨਾਲ ਪਿਛਲੇ ਹਫ਼ਤੇ ਅਪਣੀ ਭੈਣ ਦੇ ਵਿਆਹ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਮਦਦ ਮੰਗੀ ਸੀ।
Jet Airways
ਉਨ੍ਹਾਂ ਨੇ ਕਿਹਾ, ਪਿਛਲੇ ਮਹੀਨੇ ਅਸੀਂ ਇਕ ਸਹਿਕਰਮੀ ਦੇ ਬੇਟੇ ਦੇ ਇਲਾਜ ਲਈ ਪੈਸੇ ਜਮ੍ਹਾਂ ਕੀਤੇ। ਲੱਖਾਂ ਰੁਪਏ ਦਾ ਬਿਲ ਹੋਣ ਤੋਂ ਬਾਅਦ ਵੀ ਮੁੰਡੇ ਨੂੰ ਬਚਾਇਆ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਦਾ ਆਰਥਿਕ ਸੰਕਟ ਸਾਲ 2010 ਤੋਂ ਸ਼ੁਰੂ ਹੋਇਆ ਅਤੇ ਏਅਰਲਾਈਨ ਦਾ ਕਰਜ਼ ਲਗਾਤਾਰ ਵਧਣ ਲੱਗਾ। ਇਸ ਦੌਰਾਨ ਕੰਪਨੀ ਨੂੰ ਲਗਾਤਾਰ ਘਾਟਾ ਝੱਲਣਾ ਪਿਆ। ਇਸ ਤੋਂ ਬਾਅਦ ਜੈੱਟ ਏਅਰਵੇਜ਼ ਕਰਜ਼ ਦੇ ਭੁਗਤਾਨ ਵਿਚ ਅਸਫ਼ਲ ਹੋਣ ਲੱਗੀ।
ਪਿਛਲੇ ਸਾਲ ਦਸੰਬਰ ਵਿਚ 123 ਜਹਾਜ਼ਾਂ ਦੇ ਨਾਲ ਓਪਰੇਟ ਕਰਨ ਵਾਲੀ ਕੰਪਨੀ ਨੇ ਬੀਤੇ ਮੰਗਲਵਾਰ ਸਿਰਫ਼ 5 ਜਹਾਜ਼ਾਂ ਨਾਲ ਓਪਰੇਟ ਕੀਤਾ। ਵਰਤਮਾਨ ਸਮੇਂ ਵਿਚ ਜੈੱਟ ਏਅਰਵੇਜ਼ ਉਤੇ ਬੈਂਕਾਂ ਦਾ 8,500 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ।