
ਅਡਾਨੀ ਮੀਡੀਆ ਨੈੱਟਵਰਕ ਦੇ ਸੀਈਓ ਸੰਜੇ ਪੁਗਲੀਆ ਨੇ ਇਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਨਵੀਂ ਦਿੱਲੀ: ਅਡਾਨੀ ਗਰੁੱਪ ਮੀਡੀਆ ਗਰੁੱਪ NDTV 'ਚ 29.18 ਫੀਸਦੀ ਹਿੱਸੇਦਾਰੀ ਖਰੀਦੇਗਾ। ਇਹ ਸੌਦਾ ਅਡਾਨੀ ਗਰੁੱਪ ਦੀ ਕੰਪਨੀ AMG ਮੀਡੀਆ ਨੈੱਟਵਰਕ ਰਾਹੀਂ ਕੀਤਾ ਜਾਵੇਗਾ। AMG ਮੀਡੀਆ ਨੈੱਟਵਰਕ ਲਿਮਟਿਡ (AMNL) ਦੀ ਸਹਾਇਕ ਕੰਪਨੀ VPCL ਜ਼ਰੀਏ ਹਿੱਸੇਦਾਰੀ ਖਰੀਦਣ ਦੀ ਗੱਲ ਕਹੀ ਗਈ ਹੈ। ਅਡਾਨੀ ਮੀਡੀਆ ਨੈੱਟਵਰਕ ਦੇ ਸੀਈਓ ਸੰਜੇ ਪੁਗਲੀਆ ਨੇ ਇਕ ਪੱਤਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਅਡਾਨੀ ਗਰੁੱਪ ਦੇ ਏਐਮਜੀ ਮੀਡੀਆ ਨੇ ਐਨਡੀਟੀਵੀ ਵਿਚ ਵਾਧੂ 26% ਹਿੱਸੇਦਾਰੀ ਦੀ ਪੇਸ਼ਕਸ਼ ਵੀ ਕੀਤੀ ਹੈ। ਅਡਾਨੀ ਗਰੁੱਪ ਨੇ NDTV ਵਿਚ 26% ਹਿੱਸੇਦਾਰੀ ਲਈ 294 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 493 ਕਰੋੜ ਰੁਪਏ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਬਾਅਦ ਮੰਗਲਵਾਰ ਨੂੰ NDTV ਦੇ ਸ਼ੇਅਰ 5 ਫੀਸਦੀ ਵਧ ਕੇ 376.55 ਰੁਪਏ 'ਤੇ ਬੰਦ ਹੋਇਆ।
ਅਡਾਨੀ ਗਰੁੱਪ ਨੇ 26 ਅਪ੍ਰੈਲ 2022 ਨੂੰ AMG ਮੀਡੀਆ ਨੈੱਟਵਰਕ ਲਿਮਟਿਡ ਨਾਂ ਦੀ ਕੰਪਨੀ ਬਣਾਈ ਸੀ। ਇਸ ਵਿਚ ਮੀਡੀਆ ਕਾਰੋਬਾਰ ਨੂੰ ਚਲਾਉਣ ਲਈ ਇਕ ਲੱਖ ਰੁਪਏ ਦੀ ਸ਼ੁਰੂਆਤੀ ਅਧਿਕਾਰਤ ਅਤੇ ਅਦਾਇਗੀਸ਼ੁਦਾ ਸ਼ੇਅਰ ਪੂੰਜੀ ਪ੍ਰਦਾਨ ਕੀਤੀ ਗਈ ਹੈ। ਇਸ ਵਿਚ ਪ੍ਰਕਾਸ਼ਨ, ਇਸ਼ਤਿਹਾਰਬਾਜ਼ੀ, ਪ੍ਰਸਾਰਣ ਸਮੇਤ ਮੀਡੀਆ ਨਾਲ ਸਬੰਧਤ ਕੰਮ ਸ਼ਾਮਲ ਹੋਣਗੇ।