
ਭਾਰਤ ਵਿਚ ਇਕ ਸਾਲ ਅੰਦਰ ਇਕ ਅਰਬ ਡਾਲਰ ਤੋਂ ਵੱਧ ਮੁਲਾਂਕਣ ਵਾਲੀਆਂ 33 ਸਟਾਰਟਅੱਪ ਕੰਪਨੀਆਂ ਨੂੰ 'ਯੂਨੀਕਾਰਨ' ਦਾ ਦਰਜਾ ਦਿੱਤਾ ਗਿਆ ਹੈ।
ਨਵੀਂ ਦਿੱਲੀ: ਭਾਰਤ ਵਿਚ ਇਕ ਸਾਲ ਅੰਦਰ ਇਕ ਅਰਬ ਡਾਲਰ ਤੋਂ ਵੱਧ ਮੁਲਾਂਕਣ ਵਾਲੀਆਂ 33 ਸਟਾਰਟਅੱਪ ਕੰਪਨੀਆਂ ਨੂੰ 'ਯੂਨੀਕਾਰਨ' ਦਾ ਦਰਜਾ ਦਿੱਤਾ ਗਿਆ ਹੈ। ਇਸ ਨਾਲ ਭਾਰਤ ਨੇ ਯੂਨੀਕਾਰਨ ਦੀ ਸੂਚੀ ਵਿਚ ਬ੍ਰਿਟੇਨ ਨੂੰ ਪਛਾੜ ਦਿੱਤਾ ਹੈ। ਹੁਰੁਨ ਰਿਸਰਚ ਇੰਸਟੀਚਿਊਟ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿਚ ਯੂਨੀਕਾਰਨ ਕੰਪਨੀਆਂ ਦਾ ਬਿਓਰਾ ਦਿੱਤਾ ਗਿਆ ਹੈ।
Startup
ਭਾਰਤ ਦੇ ਪ੍ਰਦਰਸ਼ਨ 'ਚ ਕਾਫੀ ਸੁਧਾਰ ਹੋਇਆ ਹੈ ਪਰ ਅਮਰੀਕਾ ਅਤੇ ਚੀਨ ਅਜੇ ਵੀ ਕਾਫੀ ਅੱਗੇ ਹਨ। ਇਸ ਸੂਚੀ 'ਚ ਭਾਰਤ ਤੀਜੇ ਨੰਬਰ 'ਤੇ ਹੈ। ਰਿਪੋਰਟ ਮੁਤਾਬਕ ਭਾਰਤ ਦੇ ਬੰਗਲੁਰੂ 'ਚ ਬੋਸਟਨ, ਪਾਲੋ ਆਲਟੋ, ਪੈਰਿਸ, ਬਰਲਿਨ, ਸ਼ਿਕਾਗੋ ਵਰਗੇ ਸ਼ਹਿਰਾਂ ਦੀ ਤੁਲਨਾ 'ਚ ਜ਼ਿਆਦਾ ਯੂਨੀਕਾਰਨ ਹੈ। ਇਸ ਸਾਲ ਅਮਰੀਕਾ ਵਿਚ 254 ਯੂਨੀਕਾਰਨ ਕੰਪਨੀਆਂ ਖੜ੍ਹੀਆਂ ਹੋਈਆਂ ਹਨ। ਇਸ ਦੇ ਨਾਲ ਇਸ ਸੂਚੀ ਵਿਚ ਸ਼ਾਮਲ ਕੰਪਨੀਆਂ ਦੀ ਗਿਣਤੀ 487 ਹੋ ਗਈ ਹੈ। ਦੂਜੇ ਪਾਸੇ ਇਸ ਸਾਲ ਚੀਨ ਵਿਚ 74 ਯੂਨੀਕਾਰਨ ਕੰਪਨੀਆਂ ਸ਼ੁਰੂ ਹੋਈਆਂ ਹਨ ਅਤੇ ਕੁੱਲ ਗਿਣਤੀ ਵਧ ਕੇ 301 ਹੋ ਗਈ ਹੈ।
Startup
ਭਾਰਤ ਦੀ ਗੱਲ ਕਰੀਏ ਤਾਂ ਇਸ ਸਾਲ 33 ਸਟਾਰਟਅੱਪ ਕੰਪਨੀਆਂ ਇਕ ਅਰਬ ਡਾਲਰ ਤੋਂ ਜ਼ਿਆਦਾ ਮੁਲਾਂਕਣ ਨਾਲ ਯੂਨੀਕਾਰਨ ਦਾ ਦਰਜਾ ਹਾਸਲ ਕਰਨ ਵਿਚ ਸਫਲ ਰਹੀਆਂ ਹਨ ਇਸ ਦੇ ਨਾਲ ਭਾਰਤ ਵਿਚ ਕੁੱਲ 54 ਯੂਨੀਕਾਰਨ ਸਟਾਰਟਅੱਪ ਹੋ ਗਏ ਹਨ। ਬ੍ਰਿਟੇਨ ਵਿਚ ਇਸ ਸਾਲ 15 ਨਵੇਂ ਯੂਨੀਕਾਰਨ ਬਣਾਏ ਜਾਣ ਨਾਲ ਕੁੱਲ ਗਿਣਤੀ 39 ਤੱਕ ਪਹੁੰਚ ਗਈ ਹੈ ਅਤੇ ਇਹ ਭਾਰਤ ਤੋਂ ਪਿੱਛੇ ਚੌਥੇ ਸਥਾਨ 'ਤੇ ਖਿਸਕ ਗਿਆ ਹੈ।
Startup
ਹੁਰੁਨ ਰਿਪੋਰਟ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਖੋਜਕਰਤਾ ਅਨਸ ਰਹਿਮਾਨ ਜੁਨੈਦ ਨੇ ਕਿਹਾ, ''ਭਾਰਤ ਇਸ ਸਮੇਂ ਸਟਾਰਟਅਪ ਵਿਸਫੋਟ ਦੀ ਸਥਿਤੀ ਵਿਚ ਹੈ। ਇੱਕ ਹੀ ਸਾਲ ਵਿਚ ਭਾਰਤ ਨੇ ਯੂਨੀਕਾਰਨਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਕਰ ਲਈ ਹੈ।" ਇਸ ਤੋਂ ਇਲਾਵਾ ਅਮਰੀਕਾ ਵਿੱਚ ਆਈਟੀ ਕੰਪਨੀਆਂ ਦਾ ਗੜ੍ਹ ਮੰਨੀ ਜਾਂਦੀ ਸਿਲੀਕਾਨ ਵੈਲੀ ਵਿੱਚ 50 ਤੋਂ ਵੱਧ ਯੂਨੀਕਾਰਨ ਕੰਪਨੀਆਂ ਦੇ ਸੰਸਥਾਪਕ ਭਾਰਤੀ ਹਨ।