ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਭਾਰਤੀ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਕੋਰੋਨਾ ਟੀਕਾਕਰਨ ਦੀ ਰਿਕਾਰਡ ਗਿਣਤੀ ਕਾਰਨ ਭਾਰਤੀ ਅਰਥਵਿਵਸਥਾ ਰਫਤਾਰ ਫੜ ਰਹੀ ਹੈ
ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਨਾਲ ਜੂਝ ਰਹੀ ਭਾਰਤੀ ਅਰਥਵਿਵਸਥਾ 'ਚ ਸੁਧਾਰ ਦੇ ਸੰਕੇਤ ਮਿਲ ਰਹੇ ਹਨ। ਕੋਰੋਨਾ ਟੀਕਾਕਰਨ ਦੀ ਰਿਕਾਰਡ ਗਿਣਤੀ ਕਾਰਨ ਭਾਰਤੀ ਅਰਥਵਿਵਸਥਾ ਰਫਤਾਰ ਫੜ ਰਹੀ ਹੈ। ਨੈਸ਼ਨਲ ਸਟੈਟਿਸਟੀਕਲ ਆਫਿਸ (ਐੱਨਐੱਸਓ) ਨੇ ਮੰਗਲਵਾਰ ਨੂੰ ਜੁਲਾਈ-ਸਤੰਬਰ ਤਿਮਾਹੀ ਦੇ ਜੀਡੀਪੀ ਦੇ ਅੰਕੜੇ ਜਾਰੀ ਕੀਤੇ। 2021-22 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) 'ਚ ਦੇਸ਼ ਦੀ ਆਰਥਿਕ ਵਿਕਾਸ ਦਰ 8.4% ਰਹੀ ਹੈ।
ਇਹ ਨਿਰਮਾਣ ਖੇਤਰ ਦੇ ਉਤਪਾਦਨ ਵਿਚ ਵਾਧੇ ਦੇ ਨਾਲ-ਨਾਲ ਸੇਵਾ ਖੇਤਰ ਵਿਚ ਵਧਦੀ ਮੰਗ ਦੇ ਕਾਰਨ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੇ ਖਿਲਾਫ ਰਿਕਾਰਡ ਗਿਣਤੀ ਵਿਚ ਕੋਰੋਨਾ ਟੀਕਾਕਰਨ ਨੇ ਵੀ ਅਰਥਵਿਵਸਥਾ ਦੀ ਰਫਤਾਰ ਨੂੰ ਤੇਜ਼ ਕਰਨ ਵਿਚ ਮਦਦ ਕੀਤੀ ਹੈ। ਦੇਸ਼ ਵਿਚ ਲੋਕਾਂ ਨੂੰ 100 ਕਰੋੜ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ ਐਨਐਸਓ ਦੀ ਰਿਪੋਰਟ ਦੱਸਦੀ ਹੈ ਕਿ ਆਧਾਰ ਸਾਲ 2011-12 ਦੀਆਂ ਕੀਮਤਾਂ 'ਤੇ ਦੇਸ਼ ਦੀ ਜੀਡੀਪੀ 2021-22 ਦੀ ਦੂਜੀ ਤਿਮਾਹੀ ਵਿਚ 35.73 ਲੱਖ ਕਰੋੜ ਰਹੀ ਹੈ। ਪਿਛਲੇ ਸਾਲ 2020-21 ਦੀ ਇਸੇ ਤਿਮਾਹੀ ਵਿਚ ਇਹ 32.97 ਲੱਖ ਕਰੋੜ ਰੁਪਏ ਸੀ। ਇਸ ਤਰ੍ਹਾਂ ਇਸ ਸਮੇਂ ਦੌਰਾਨ ਦੇਸ਼ ਦੀ ਆਰਥਿਕ ਵਿਕਾਸ ਦਰ 8.4 ਫੀਸਦੀ ਰਹੀ ਹੈ। ਹਾਲਾਂਕਿ 2020-21 ਦੀ ਇਸੇ ਮਿਆਦ ਦੌਰਾਨ ਦੇਸ਼ ਕੋਰੋਨਾ ਸੰਕਟ ਤੋਂ ਉਭਰ ਰਿਹਾ ਸੀ ਅਤੇ ਇਸ ਦੌਰਾਨ ਦੇਸ਼ ਦੀ ਆਰਥਿਕ ਵਿਕਾਸ ਦਰ ਪਿਛਲੇ ਸਾਲ ਦੇ ਮੁਕਾਬਲੇ 7.4% ਘੱਟ ਦਰਜ ਕੀਤੀ ਗਈ ਸੀ।
ਦੇਸ਼ ਦੇ ਕੇਂਦਰੀ ਬੈਂਕ ਆਰਬੀਆਈ ਨੇ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ ਜੀਡੀਪੀ ਵਿਕਾਸ ਦਰ 7.9% ਰਹਿਣ ਦਾ ਅਨੁਮਾਨ ਜਤਾਇਆ ਸੀ। ਇਸ ਤਰ੍ਹਾਂ ਜੁਲਾਈ-ਸਤੰਬਰ 'ਚ ਅਰਥਵਿਵਸਥਾ ਦਾ ਪ੍ਰਦਰਸ਼ਨ ਆਰਬੀਆਈ ਦੇ ਅਨੁਮਾਨਾਂ ਤੋਂ ਬਿਹਤਰ ਰਿਹਾ ਹੈ। ਰੇਟਿੰਗ ਏਜੰਸੀ ਅਤੇ ਵਿੱਤੀ ਸੰਸਥਾਵਾਂ ਨੇ ਦੇਸ਼ ਦੀ ਆਰਥਕ ਵਿਕਾਸ ਦਰ 7.8 ਤੋਂ 8.5 ਦੇ ਵਿਚ ਰਹਿਣ ਦਾ ਅਨੁਮਾਨ ਜਤਾਇਆ ਸੀ।
ਇਸ ਦੌਰਾਨ ਦੇਸ਼ ਦੇ 8 ਮੁੱਖ ਉਦਯੋਗਾਂ ਨੇ ਵੀ ਚੰਗਾ ਵਾਧਾ ਦਰਜ ਕੀਤਾ ਹੈ। ਅਕਤੂਬਰ 2021 ਵਿਚ ਕੋਲਾ, ਕੁਦਰਤੀ ਗੈਸ, ਰਿਫਾਇਨਰੀ ਉਤਪਾਦਾਂ, ਖਾਦਾਂ, ਸਟੀਲ, ਸੀਮਿੰਟ ਅਤੇ ਬਿਜਲੀ ਦੇ ਉਤਪਾਦਨ ਵਿਚ ਵਾਧਾ ਹੋਇਆ ਹੈ। ਇਹਨਾਂ ਦੀ ਕੁੱਲ਼ ਵਿਕਾਸ ਦਰ 7.5% ਰਹੀ ਹੈ। ਕੁਦਰਤੀ ਗੈਸ ਖੇਤਰ ਵਿਚ ਸਭ ਤੋਂ ਵੱਧ 25.8% ਦਾ ਵਾਧਾ ਦਰਜ ਕੀਤਾ ਗਿਆ ਹੈ।