
ਇਸਲਾਮਾਬਾਦ, 10 ਅਕਤੂਬਰ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਖ਼ਵਾਜਾ ਆਸਿਫ ਨੇ ਪਾਕਿਸਤਾਨ 'ਚ ਹੱਕਾਨੀ ਨੈਟਵਰਕ ਬਾਰੇ ਸਬੂਤ ਮਿਲਣ 'ਤੇ ਇਸ ਵਿਰੁਧ ਸੰਯੁਕਤ ਕਾਰਵਾਈ ਕਰਨ ਦੀ ਗੱਲ ਕਹੀ ਹੈ।ਖ਼ਵਾਜਾ ਆਸਿਫ ਨੇ ਕਿਹਾ, ''ਜੇ ਅਮਰੀਕਾ ਦੇਸ਼ 'ਚ ਖ਼ਤਰਨਾਕ ਅਤਿਵਾਦੀ ਸੰਗਠਨਾਂ ਦੀ ਮੌਜੂਦਗੀ ਬਾਰੇ ਸਬੂਤ ਦੇਵੇਗਾ ਤਾਂ ਉਹ ਹੱਕਾਨੀ ਨੈਟਵਰਕ ਨੂੰ ਸੰਯੁਕਤ ਕਾਰਵਾਈ ਰਾਹੀਂ ਖ਼ਤਮ ਕਰਨ ਲਈ ਤਿਆਰ ਹਨ।'' ਖ਼ਵਾਜਾ ਆਸਿਫ਼ ਹਾਲ ਹੀ 'ਚ ਵਾਸ਼ਿੰਗਟਨ ਗਏ ਸਨ ਅਤੇ ਉਥੇ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।ਆਸਿਫ਼ ਨੇ ਐਕਸਪ੍ਰੈਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, ''ਦੇਸ਼ 'ਚ ਹੱਕਾਨੀ ਨੈਟਵਰਕ ਦੇ ਟਿਕਾਣਿਆਂ ਦੇ ਸਬੂਤਾਂ ਸਮੇਤ ਅਸੀਂ ਅਮਰੀਕੀ ਅਧਿਕਾਰੀਆਂ ਨੂੰ ਪਾਕਿਸਤਾਨ ਆਉਣ ਦੀ ਪੇਸ਼ਕਸ਼ ਕੀਤੀ ਹੈ। ਜੇ ਦੱਸੇ ਗਏ ਟਿਕਾਣੇ 'ਤੇ ਉਨ੍ਹਾਂ ਨੂੰ ਹੱਕਾਨੀ ਨੈਟਵਰਕ ਦੀ ਕਿਸੇ ਵੀ ਗਤੀਵਿਧੀ ਬਾਰੇ ਪਤਾ ਲੱਗਦਾ ਹੈ ਤਾਂ ਅਮਰੀਕਾ ਨਾਲ ਮਿਲ ਦੇ ਅਸੀਂ ਉਨ੍ਹਾਂ ਨੂੰ ਖ਼ਤਮ ਕਰ ਦਿਆਂਗੇ।''
ਖ਼ਵਾਜਾ ਆਸਿਫ਼ ਨੇ ਇਹ ਵੀ ਕਿਹਾ ਕਿ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਅਜਿਹੀ ਹੀ ਪੇਸ਼ਕਸ਼ ਕਾਬੁਲ ਦੌਰੇ ਸਮੇਂ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਵੀ ਦਿਤੀ ਸੀ। ਕੁਝ ਦਿਨ ਪਹਿਲਾਂ ਹੀ ਇਹ ਖ਼ਬਰ ਆਈ ਸੀ ਕਿ ਟਰੰਪ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਤੇ ਰੱਖਿਆ ਮੰਤਰੀ ਜਿਮ ਮੈਟਿਸ ਨੂੰ ਇਸੇ ਮਹੀਨੇ ਪਾਕਿਸਤਾਨ ਭੇਜਣਗੇ। ਇÂ ਦੋਵੇਂ ਅਧਿਕਾਰੀ ਪਾਕਿ ਸਰਕਾਰ ਨੂੰ ਅਤਿਵਾਦੀ ਟਿਕਾਣਿਆਂ ਵਿਰੁਧ ਸਖ਼ਤ ਸੰਦੇਸ਼ ਦੇਣਗੇ।ਜ਼ਿਕਰਯੋਗ ਹੈ ਕਿ ਹੱਕਾਨੀ ਨੈਟਵਰਕ ਇਕ ਅਤਿਵਾਦੀ ਸੰਗਠਨ ਹੈ। ਅਫ਼ਗ਼ਾਨਿਸਤਾਨ 'ਚ ਇਹ ਸੰਗਠਨ ਅਮਰੀਕੀ ਹਿਤਾਂ ਵਿਰੁਧ ਕੰਮ ਕਰ ਰਿਹਾ ਹੈ। ਇਸ ਸੰਗਠਨ ਨੇ ਪਿਛਲੇ ਕੁਝ ਸਾਲਾਂ 'ਚ ਇਥੇ ਅਗ਼ਵਾ ਅਤੇ ਹਮਲਿਆਂ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਹੱਕਾਨੀ ਨੈਟਵਰਕ ਨੇ ਸਾਲ 2008 'ਚ ਕਾਬੁਲ ਵਿਚ ਇੰਡੀਅਨ ਮਿਸ਼ਨ 'ਤੇ ਹਮਲਾ ਕੀਤਾ ਸੀ, ਜਿਸ 'ਚ 58 ਲੋਕ ਮਾਰੇ ਗਏ ਸਨ। (ਪੀਟੀਆਈ)