
ਬੀਜਿੰਗ, 25 ਅਕਤੂਬਰ : ਚੀਨ ਨੇ ਟੈਕਨੋਲਾਜੀ ਦੀ ਦੁਨੀਆਂ 'ਚ ਇਕ ਵੱਡਾ ਕਦਮ ਚੁਕਦਿਆਂ ਅਜਿਹੀ ਟਰੇਨ ਬਣਾਈ ਹੈ, ਜੋ ਬਿਨਾਂ ਪਟੜੀ ਚਲੇਗੀ। ਚੀਨ ਨੇ ਪਹਿਲੀ ਵਾਰ ਬਿਨਾਂ ਪਟੜੀ ਚੱਲਣ ਵਾਲੀ ਟਰੇਨ ਦਾ ਨਿਰਮਾਣ ਕੀਤਾ ਹੈ। ਇਹ ਟਰੇਨ ਵਹੀਕਲ ਵਰਚੁਅਲ ਟਰੇਨ ਲਾਈਨ 'ਤੇ ਦੌੜੇਗੀ। ਇਸ ਟਰੇਨ ਦੀ ਖ਼ਾਸੀਅਤ ਦੱਸੀਏ ਤਾਂ ਇਹ ਟਰੇਨ 300 ਮੁਸਾਫ਼ਰਾਂ ਨੂੰ ਲਿਜਾਣ ਦੇ ਸਮਰੱਥ ਹੈ। ਇਸ ਦੇ ਨਾਲ ਹੀ ਇਹ ਟਰੇਨ 70 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲੇਗੀ। ਇਸ ਟਰੇਨ ਦੇ ਸਾਲ 2018 ਤਕ ਪੂਰੇ ਚੀਨ 'ਚ ਦੌੜਨ ਦੇ ਆਸਾਰ ਹਨ।ਹੇਨਾਨ ਸੂਬੇ ਦੇ ਝੂਝੋਉ ਵਿਚ ਟਰੈਕ ਲੈਸ ਟਰੇਨ ਦੀ ਸਫ਼ਲ ਟੈਸਟਿੰਗ ਕੀਤੀ ਗਈ। ਇਸ ਟਰੇਨ ਨਾਲ ਚੀਨ ਦੁਨੀਆਂ ਦੇ ਪਹਿਲੇ ਇੰਟੈਲੀਜੈਂਟ ਰੇਲ ਐਕਸਪ੍ਰੈਸ ਸਿਸਟਮ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾ ਚੁੱਕਾ ਹੈ। ਇਸ ਰੇਲ ਸਿਸਟਮ ਨੂੰ ਚੀਨ ਦੀ ਸੀ.ਆਰ.ਆਰ.ਸੀ. ਕਾਰਪੋਰੇਸ਼ਨ ਨੇ ਬਣਾਇਆ ਹੈ।
30 ਮੀਟਰ ਲੰਮੀ ਇਸ ਟਰੇਨ 'ਚ 3 ਚੀਅਰ ਕਾਰ ਲਗਾਈਆਂ ਗਈਆਂ ਹਨ, ਜਿਨ੍ਹਾਂ ਨੂੰ ਲੋੜ ਮੁਤਾਬਕ ਵਧਾਇਆ ਜਾ ਸਕਦਾ ਹੈ। ਇਸ ਟਰੇਨ 'ਚ ਇਕ ਚੱਕਰ ਵਿਚ 300 ਤੋਂ 500 ਯਾਤਰੀ ਸਫ਼ਰ ਕਰ ਸਕਦੇ ਹਨ।ਟਰੇਨ ਨੂੰ ਖ਼ਾਸ ਕਰ ਕੇ ਈਕੋ-ਫ੍ਰੈਂਡਲੀ ਬਣਾਇਆ ਗਿਆ ਹੈ। ਇਕ ਵਾਰੀ ਫੁੱਲ ਚਾਰਜ ਹੋਣ 'ਤੇ ਟਰੇਨ ਲਗਭਗ 40 ਕਿਲੋਮੀਟਰ ਤਕ ਚੱਲ ਸਕਦੀ ਹੈ। ਯਾਤਰਾ ਸਮਾਂ ਘੱਟ ਕਰਨ ਲਈ ਟਰੇਨ ਦੀ ਹਾਈ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਤਕ ਰੱਖੀ ਗਈ ਹੈ।ਟਰੇਨ ਨੂੰ ਬਣਾਉਣ ਵਿਚ ਖ਼ਾਸ ਭੂਮਿਕਾ ਨਿਭਾਉਣ ਵਾਲੇ ਚੀਫ਼ ਇੰਜੀਨੀਅਰ ਫੇਂਗ ਜਿਆਂਗੂਆ ਮੁਤਾਬਕ ਟਰੈਕ ਲੈਸ ਟਰੇਨ ਸਿਸਟਮ ਬਾਕੀ ਟਰੇਨਾਂ ਦੇ ਮੁਕਾਬਲੇ ਕਾਫੀ ਸਸਤੀ ਟੈਕਨੋਲਾਜੀ ਹੈ। ਟਰੇਨ 'ਚ ਸੈਂਸਰ ਟੈਕਨੋਲਾਜੀ ਵਰਤੀ ਗਈ ਹੈ, ਜਿਸ ਨਾਲ ਸੜਕ 'ਤੇ ਚਲਦੇ ਹੋਏ ਟਰੇਨ ਖੁਦ ਹੀ ਅਪਣੇ ਰਸਤੇ ਦਾ ਪਤਾ ਲਗਾ ਕੇ ਅੱਗੇ ਵੱਧ ਸਕਦੀ ਹੈ। (ਪੀਟੀਆਈ)