
ਸਿਉਲ, 11 ਅਕਤੂਬਰ : ਅਮਰੀਕਾ ਅਤੇ ਉੱਤਰ ਕੋਰੀਆ ਵਿਚਕਾਰ ਤਣਾਅ ਘੱਟ ਹੁੰਦਾ ਵਿਖਾਈ ਨਹੀਂ ਦੇ ਰਿਹੈ। ਮੰਗਲਵਾਰ ਨੂੰ ਦੋ ਅਮਰੀਕੀ ਜਹਾਜ਼ਾਂ ਨੇ ਕੋਰੀਆਈ ਟਾਪੂ ਉਪਰੋਂ ਉਡਾਨ ਭਰੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰ ਕੋਰੀਆ ਦੀ ਕਿਸੇ ਵੀ ਕਾਰਵਾਈ ਨਾਲ ਨਜਿੱਠਣ ਲਈ ਸੀਨੀਅਰ ਅਮਰੀਕੀ ਰੱਖਿਆ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ।ਬੁਧਵਾਰ ਨੂੰ ਦੱਖਣ ਕੋਰੀਆ ਦੇ ਜੁਆਇੰਟ ਚੀਫ਼ ਸਟਾਫ਼ ਨੇ ਜਾਣਕਾਰੀ ਦਿਤੀ ਕਿ ਦੋ ਅਮਰੀਕੀ ਬੰਬ ਸੁੱਟਣ ਵਾਲੇ ਜਹਾਜ਼ਾਂ ਨੇ ਗੁਆਮ ਤੋਂ ਉਡਾਨ ਭਰੀ ਸੀ। ਉਨ੍ਹਾਂ ਦਸਿਆ ਕਿ ਕੋਰੀਆਈ ਸਰਹੱਦ 'ਚ ਦਾਖ਼ਲ ਹੋਣ ਵਾਲੇ ਦੋਵੇਂ ਜਹਾਜ਼ ਹਵਾ ਤੋਂ ਜ਼ਮੀਨ 'ਤੇ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਨਾਲ ਲੈਸ ਸਨ।
ਅਮਰੀਕੀ ਰੱਖਿਆ ਵਿਭਾਗ ਨੇ ਦਸਿਆ ਕਿ ਦੱਖਣ ਕੋਰੀਆ ਨਾਲ ਸੰਯੁਕਤ ਜੰਗੀ ਅਭਿਆਸ ਤੋਂ ਬਾਅਦ ਉਹ ਜਾਪਾਨ ਨਾਲ ਵੀ ਜੰਗੀ ਅਭਿਆਸ ਕਰਨਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਮਰੀਕਾ, ਦੱਖਣ ਕੋਰੀਆ ਅਤੇ ਜਾਪਾਨ ਦੋਨਾਂ ਨਾਲ ਜੰਗੀ ਅਭਿਆਸ ਕਰੇਗਾ। ਅਮਰੀਕੀ ਪ੍ਰਸ਼ਾਂਤ ਏਅਰ ਫੋਰਸ ਨੇ ਇਕ ਬਿਆਨ ਵਿਚ ਕਿਹਾ ਕਿ ਗੁਆਮ ਤੋਂ ਦੀ ਬੀ-1 ਬੀ ਲਾਂਸਰ ਬੰਬ ਸੁੱਟਣ ਵਾਲੇ ਜਹਾਜ਼ਾਂ ਨੇ ਮੰਗਲਵਾਰ ਦੇਰ ਰਾਤ ਜਾਪਾਨ ਸਾਗਰ ਦੇ ਨੇੜਿਉਂ ਉਡਾਨ ਭਰੀ। ਮੇਜਰ ਪੈਟ੍ਰਿਕ ਐਪਲਗੇਟ ਨੇ ਇਕ ਬਿਆਨ 'ਚ ਕਿਹਾ ਕਿ ਰਾਤ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਤਰੀਕੇ ਨਾਲ ਆਪਣੇ ਸਹਿਯੋਗੀਆਂ ਨਾਲ ਉਡਾਨ ਭਰਨਾ ਅਤੇ ਟ੍ਰੇਨਿੰਗ ਅਮਰੀਕਾ, ਜਾਪਾਨ ਅਤੇ ਕੋਰੀਆ ਗਣਤੰਤਰ (ਦਖਣੀ ਕੋਰੀਆ) ਵਿਚਾਲੇ ਇਕ ਮਹੱਤਵਪੂਰਨ ਸਮਰੱਥਾ ਹੈ।
ਜ਼ਿਕਰਯੋਗ ਹੈ ਕਿ ਉੱਤਰ ਕੋਰੀਆ ਵਲੋਂ ਲਗਾਤਾਰ ਪ੍ਰਮਾਣੂ ਪ੍ਰੀਖਣ ਕਰ ਕੇ ਅਮਰੀਕਾ ਨਾਲ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਕਿਮ ਜੋਂਗ ਨੇ ਕਈ ਵਾਰ ਅਮਰੀਕਾ 'ਤੇ ਹਮਲਾ ਕਰਨ ਦੀ ਧਮਕੀ ਵੀ ਦਿਤੀ ਹੈ। ਕੁੱਝ ਹਫ਼ਤੇ ਪਹਿਲਾਂ ਉੱਤਰ ਕੋਰੀਆ ਨੇ ਅਪਣਾ ਛੇਵਾਂ ਪ੍ਰਮਾਣੂ ਪ੍ਰੀਖਣ ਕੀਤਾ ਸੀ। (ਪੀਟੀਆਈ)