
ਸਰਕਾਰੀ ਬੈਂਕ ਮੁਲਾਜ਼ਮਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ ਜਿਸ ਕਾਰਨ ਬੈਂਕਿੰਗ ਸੇਵਾਵਾਂ 'ਤੇ ਕਾਫ਼ੀ ਅਸਰ ਪਿਆ। ਦੋ ਦਿਨ ਦੀ ਹੜਤਾਲ ਦਾ ਅੱਜ ਆਖ਼ਰੀ...
ਨਵੀਂ ਦਿੱਲੀ : ਸਰਕਾਰੀ ਬੈਂਕ ਮੁਲਾਜ਼ਮਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ ਜਿਸ ਕਾਰਨ ਬੈਂਕਿੰਗ ਸੇਵਾਵਾਂ 'ਤੇ ਕਾਫ਼ੀ ਅਸਰ ਪਿਆ। ਦੋ ਦਿਨ ਦੀ ਹੜਤਾਲ ਦਾ ਅੱਜ ਆਖ਼ਰੀ ਦਿਨ ਸੀ। ਯੂਨਾਇਟਿਡ ਫ਼ੋਰਮ ਆਫ਼ ਬੈਂਕਿੰਗ ਯੂਨੀਅਨ ਦੇ ਸੱਦੇ 'ਤੇ ਕਰੀਬ 10 ਲੱਖ ਬੈਂਕ ਮੁਲਾਜ਼ਮ ਭਾਰਤੀ ਬੈਂਕ ਸੰਘ ਦੇ ਤਨਖ਼ਾਹ ਵਿਚ ਸਿਰਫ਼ ਦੋ ਫ਼ੀ ਸਦੀ ਵਾਧੇ ਦੀ ਤਜਵੀਜ਼ ਵਿਰੁਧ ਹੜਤਾਲ 'ਤੇ ਸਨ। ਯੂਨੀਅਨ ਵਿਚ ਬੈਂਕ ਖੇਤਰ ਦੀਆਂ ਸਾਰੀਆਂ ਨੌਂ ਯੂਨੀਅਨਾਂ ਸ਼ਾਮਲ ਹਨ।
ਸ਼ੁਕਰਵਾਰ ਨੂੰ ਬੈਂਕਾਂ ਵਿਚ ਕੰਮਕਾਜ ਆਮ ਹੋਣ ਦੀ ਉਮੀਦ ਹੈ। ਯੂਨੀਅਨ ਨੇ ਦਾਅਵਾ ਕੀਤਾ ਕਿ ਹੜਤਾਲ ਪੂਰੀ ਤਰ੍ਹਾਂ ਸਫ਼ਲ ਰਹੀ। ਸਾਰੇ ਬੈਂਕ ਅਤੇ ਉਨ੍ਹਾਂ ਦੀਆਂ ਸਾਰੀਆਂ ਸ਼ਾਖ਼ਾਵਾਂ ਵਿਚ ਮੁਲਾਜ਼ਮਾਂ ਨੇ ਹੜਤਾਲ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਦੇਸ਼ ਭਰ ਵਿਚ ਜਨਤਕ ਖੇਤਰ ਦੇ 21 ਬੈਂਕਾਂ ਦੀਆਂ ਕਰੀਬ 85000 ਸ਼ਾਖ਼ਾਵਾਂ ਹਨ ਅਤੇ ਕਾਰੋਬਾਰੀ ਹਿੱਸੇਦਾਰੀ ਕਰੀਬ 70 ਫ਼ੀ ਸਦੀ ਹੈ।
ਆਈਸੀਆਈਸੀਆਈ ਬੈਂਕ, ਐਚਡੀਐਫ਼ਸੀ ਬੈਂਕ, ਐਕਸਿਸ ਬੈਂਕ ਜਿਹੇ ਨਵੀਂ ਪੀੜ੍ਹੀ ਦੇ ਨਿਜੀ ਖੇਤਰ ਦੇ ਬੈਂਕਾਂ ਵਿਚ ਚੈੱਕ ਕਲੀਅਰੰਸ ਜਿਹੇ ਕੰਮ ਲਟਕੇ ਰਹੇ ਪਰ ਬਾਕੀ ਕੰਮ ਚਲਦੇ ਰਹੇ। ਯੂਨੀਅਨ ਦਾ ਦਾਅਵਾ ਸੀ ਕਿ 21 ਸਰਕਾਰੀ ਬੈਂਕਾਂ, 13 ਪੁਰਾਣੀ ਪੀੜ੍ਹੀ ਦੇ ਨਿਜੀ ਬੈਂਕਾਂ, ਛੇ ਵਿਦੇਸ਼ੀ ਬੈਂਕਾਂ ਅਤੇ 56 ਪੇਂਡੂ ਬੈਂਕਾਂ ਦੀਆਂ ਸ਼ਾਖ਼ਾਵਾਂ ਵਿਚ ਕੰਮ ਕਰਨ ਵਾਲੇ ਕਰੀਬ 10 ਲੱਖ ਮੁਲਾਜ਼ਮ ਹੜਤਾਲ 'ਤੇ ਹਨ। (ਏਜੰਸੀ)