ਲੋਕ ਸਭਾ ਚੋਣਾਂ ਅਤੇ ਤਿੰਨ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੇਵਾ ਦਲ ਨੇ ਭਾਜਪਾ ਦੇ 'ਰਾਸ਼ਟਰਵਾਦ ਅਤੇ ਰਾਸ਼ਟਰਵਾਦੀ ਵਟਾਂਦਰੇ' ਨੂੰ ...
ਨਵੀਂ ਦਿੱਲੀ : ਲੋਕ ਸਭਾ ਚੋਣਾਂ ਅਤੇ ਤਿੰਨ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਸੇਵਾ ਦਲ ਨੇ ਭਾਜਪਾ ਦੇ 'ਰਾਸ਼ਟਰਵਾਦ ਅਤੇ ਰਾਸ਼ਟਰਵਾਦੀ ਵਟਾਂਦਰੇ' ਨੂੰ ਚੁਣੌਤੀ ਦੇਣ ਲਈ ਅਗਲੇ ਮਹੀਨੇ ਸਾਰੇ ਸੂਬਿਆਂ ਵਿਚ 'ਤਿਰੰਗਾ ਮਾਰਚ' ਕੱਢਣ ਦਾ ਫ਼ੈਸਲਾ ਕੀਤਾ ਹੈ। ਸੇਵਾ ਦਲ 'ਭਾਰਤ ਛੱਡੋ ਅੰਦੋਲਨ' ਦੇ 76 ਸਾਲ ਪੂਰੇ ਹੋਣ ਦੇ ਮੌਕੇ 'ਤੇ 9 ਅਗਸਤ ਨੂੰ ਸਾਰੇ 29 ਸੂਬਿਆਂ ਦੀਆਂ ਰਾਜਧਾਨੀਆਂ ਜਾਂ ਪ੍ਰਮੁੱਖ ਸ਼ਹਿਰਾਂ ਵਿਚ ਤਿਰੰਗਾ ਮਾਰਚ ਕੱਢੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਨਸੀ ਵਿਚ ਵੀ ਤਿਰੰਗਾ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿੱਥੇ ਮਾਰਚ ਦੀ ਅਗਵਾਈ ਖ਼ੁਦ ਸੇਵਾ ਦੇ ਮੁੱਖ ਆਗੂ ਲਾਲਜੀ ਭਾਈ ਦੇਸਾਈ ਕਰਨਗੇ। ਦੇਸਾਈ ਨੇ ਕਿਹਾ ਕਿ 76 ਸਾਲ ਪਹਿਲਾਂ ਅੰਗਰੇਜ਼ਾਂ ਦੀ ਵੰਡੋ ਅਤੇ ਰਾਜ ਕਰੋ ਦੀ ਨੀਤੀ ਦੇ ਵਿਰੁਧ ਆਵਾਜ਼ ਉਠਾਈ ਗਈ ਸੀ। ਅੱਜ ਫਿਰ ਦੇਸ਼ ਨੂੰ ਵੰਡ ਕੇ ਰਾਜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਸ ਦੇ ਲਈ ਖੋਖਲੇ ਰਾਸ਼ਟਰਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਵਿਚ ਅਸੀਂ ਤਿਰੰਗਾ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਹੈ ਤਾਕਿ ਇਨ੍ਹਾਂ ਦੀ ਸਚਾਈ ਨੂੰ ਬੇਨਕਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਤਿਰੰਗਾ ਮਾਰਚ ਦੇ ਜ਼ਰੀਏ ਸਾਡੇ ਲੋਕ ਜਨਤਾ ਨੂੰ ਦੱਸਣਗੇ ਕਿ ਇਸ ਦੇਸ਼ ਵਿਚ ਸੱਚਾ ਰਾਸ਼ਟਰਵਾਦ ਅਤੇ ਤਿਰੰਗਾ ਹੀ ਚੱਲੇਗਾ, ਵੰਡਣ ਦੀ ਰਾਜਨੀਤੀ ਨਹੀਂ ਚੱਲੇਗੀ। ਦੇਸਾਈ ਮੁਤਾਬਕ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਜਾਂ ਮੁੱਖ ਸ਼ਹਿਰਾਂ ਵਿਚ ਤਿਰੰਗਾ ਮਾਰਚ ਕੱਢੇ ਜਾਣ ਦੇ ਨਾਲ ਸ਼ਹਿਰ ਵਿਚ ਕਿਸੇ ਇਕ ਸਥਾਨ 'ਤੇ ਰੈਲੀ ਵੀ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ, ਗਾਂਧੀ, ਨਹਿਰੂ ਦੀ ਵਿਚਾਰਧਾਰਾ ਅਤੇ ਮੌਜੂਦਾ ਸਮੇਂ ਵਿਚ ਦੇਸ਼ ਦੇ ਸਾਹਮਣੇ ਖੜ੍ਹੀਆਂ ਚੁਣੌਤੀਆਂ ਸਬੰਧੀ ਦੱਸਿਆ ਜਾਵੇਗਾ।
ਇਹ ਪੁੱਛੇ ਜਾਣ 'ਤੇ ਕਿ ਕੀ ਇਸ ਪ੍ਰੋਗਰਾਮ ਦਾ ਸਬੰਧ ਅਗਾਮੀ ਚੋਣਾਂ ਨਾਲ ਹੈ ਤਾਂ ਸੇਵਾ ਦਲ ਦੇ ਮੁੱਖ ਨੇਤਾ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਸਬੰਧ ਹੈ। ਚੋਣਾਂ ਤੋਂ ਪਹਿਲਾਂ ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਧਰਮ ਅਤੇ ਜਾਤ ਦੇ ਨਾਮ 'ਤੇ ਵੰਡਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅਸੀਂ ਜਨਤਾ ਨੂੰ ਜਾਗਰੂਕ ਕਰਾਂਗੇ। ਜ਼ਿਕਰਯੋਗ ਹੈ ਕਿ ਰਾਸ਼ਟਰਵਾਦ ਅਤੇ ਕੁੱਝ ਹੋਰ ਵਿਸ਼ਿਆਂ 'ਤੇ ਆਰਐਸਐਸ ਦੇ ਵਟਾਂਦਰੇ ਦੀ ਕਾਟ ਦੇ ਤੌਰ 'ਤੇ ਸੇਵਾ ਦਲ ਨੇ ਹਾਲ ਹੀ ਵਿਚ 'ਧਵਜ ਵੰਦਨ' ਪ੍ਰੋਗਰਾਮ ਸ਼ੁਰੂ ਕੀਤਾ ਹੈ।
ਦੇਸਾਈ ਮੁਤਾਬਕ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੇਸ਼ ਦੇ 300 ਜ਼ਿਲ੍ਹਿਆਂ, ਸ਼ਹਿਰਾਂ ਵਿਚ ਇਹ ਪ੍ਰੋਗਰਾਮ ਹੋ ਰਿਹਾ ਹੈ ਅਤੇ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਇਸ ਦਾ ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿਚ ਵਿਸਥਾਰ ਕੀਤਾ ਜਾਵੇਗਾ। ਸੇਵਾ ਦਲ ਅਪਣੇ ਇਨ੍ਹਾਂ ਪ੍ਰੋਗਰਾਮਾਂ ਵਿਚ ਨਹਿਰੂ ਗਾਂਧੀ ਦੇ ਸਿਧਾਂਤਾਂ ਤੋਂ ਇਲਾਵਾ ਧਰਮ ਨਿਰਪੱਖਤਾ ਆਦਿ 'ਤੇ ਚਰਚਾ ਕਰੇਗਾ।