
ਇਨਕਲਾਬੀ ਗੀਤ ਤੇ ਨਜ਼ਮਾਂ ਗਾਈਆਂ
ਨਵੀਂ ਦਿੱਲੀ : ਦੇਸ਼ ਦੀਆਂ ਪ੍ਰਮੁੱਖ ਸਾਹਿਤਕ ਤੇ ਸਭਿਆਚਾਰਕ ਜਥੇਬੰਦੀਆਂ ਨੇ ਅੱਜ ਸਿੰਘੂ ਹੱਦ ’ਤੇ ਸੰਯੁਕਤ ਕਿਸਾਨ ਮੋਰਚਾ ਨਾਲ ਇਕਜੁੱਟਤਾ ਪ੍ਰਗਟਾਈ । ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰਗਤੀਸ਼ੀਲ ਲੇਖਕ ਸੰਘ, ਇੰਡੀਅਨ ਪੀਪਲਜ਼ ਥੀਏਟਰੀਕਲ ਐਸੋਸੀਏਸ਼ਨ, ਫੋਕਲੋਰ ਰਿਸਰਚ ਅਕਾਦਮੀ, ਕੌਮਾਂਤਰੀ ਇਲਮ ਅਤੇ ਕੌਮਾਂਤਰੀ ਲੇਖਕ ਮੰਚ ਦੇ ਸਾਂਝੇ ਸੱਦੇ ’ਤੇ ਪੰਜਾਬ ਅਤੇ ਦਿੱਲੀ ਦੇ ਲੇਖਕਾਂ ਨੇ ਵੱਡੇ ਕਾਫ਼ਲੇ ਦੇ ਰੂਪ ਵਿਚ ਕਿਸਾਨ ਮੋਰਚੇ ਵਿਚ ਸ਼ਿਰਕਤ ਕੀਤੀ।
Farmers Protestਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਸੁਰਜੀਤ ਜੱਜ, ਇਪਟਾ (ਪੰਜਾਬ) ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਦੀ ਅਗਵਾਈ ਵਿਚ ਕੱਲ੍ਹ ਪੰਜਾਬ ਦੇ ਲੇਖਕਾਂ ਨੇ ਸ਼ੰਭੂ ਬਾਰਡਰ ਤੋਂ ਕਿਸਾਨ ਮੋਰਚੇ ਦੇ ਸਮਰਥਨ ਵਿਚ ਮਾਰਚ ਸ਼ੁਰੂ ਕੀਤਾ ਸੀ। ਅੱਜ ਸਿੰਘੂ ਹੱਦ ’ਤੇ ਇਪਟਾ ਦੇ ਕੌਮੀ ਪ੍ਰਧਾਨ ਰਾਕੇਸ਼ ਵੇਧਾ ਦੀ ਅਗਵਾਈ ਵਿਚ ਆਗਰਾ, ਲਖਨਊ, ਉਤਰਾਖੰਡ ਅਤੇ ਦਿੱਲੀ ਦੇ ਨਾਟਕਕਾਰਾਂ ਤੇ ਰੰਗਕਰਮੀਆਂ ਦਾ ਵੱਡਾ ਕਾਫ਼ਲਾ ਪਹੁੰਚਿਆ।
farmerਰੰਗਕਰਮੀ ਰਾਕੇਸ਼ ਨੇ ਕਿਹਾ ਕਿ ਕਿਸਾਨ ਅੰਦੋਲਨ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਸਾਨ ਅੰਦੋਲਨ ਨੂੰ ਲੇਖਕਾਂ ਵਲੋਂ ਭਰਵਾਂ ਸਹਿਯੋਗ ਦੇਣ ਦਾ ਐਲਾਨ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪ੍ਰਗਤੀਸ਼ੀਲ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਹ ਸੰਘਰਸ਼ ਕੇਵਲ ਕਿਸਾਨੀ ਦਾ ਸੰਘਰਸ਼ ਨਹੀਂ ਸਗੋਂ ਹਿੰਦੁਸਤਾਨ ਦੇ ਆਵਾਮ, ਕਿਰਤੀਆਂ ਤੇ ਸਮਾਜਿਕ ਨਿਆਂ ਮੰਗਣ ਵਾਲੇ ਸੰਵੇਦਨਸ਼ੀਲ ਲੋਕਾਂ ਦਾ ਸੰਘਰਸ਼ ਹੈ। ਜਨਰਲ ਸਕੱਤਰ ਸੁਰਜੀਤ ਜੱਜ ਨੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵਿਤਾ ਸੁਣਾਈ।
pm modiਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਅੱਜ ਹਿੰਦੁਸਤਾਨ ਦੇ ਵੱਡੀ ਗਿਣਤੀ ਰੰਗਕਰਮੀ ਭਾਰਤੀ ਕਿਸਾਨਾਂ ਦੀ ਹਮਾਇਤ ਵਿਚ ਆ ਗਏ ਹਨ। ਜੋਗਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟਾਂ ਅੱਗੇ ਦੇਸ਼ ਦੇ ਸੋਮੇ ਵੇਚ ਰਹੀ ਹੈ। ਹਿੰਦੀ ਦੇ ਨਾਵਲਕਾਰ ਸ਼ਿਵ ਮੂਰਤੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਦਿੱਲੀ ਪ੍ਰਗਤੀਸ਼ੀਲ ਲੇਖਕ ਸਭਾ ਦੀ ਜਨਰਲ ਸਕੱਤਰ ਫ਼ਰਹਤ ਰਿਜ਼ਵੀ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਔਰਤਾਂ ਦੀ ਵੱਡੀ ਸ਼ਮੂਲੀਅਤ ਨੇ ਲੋਕ ਸੰਘਰਸ਼ਾਂ ਦਾ ਨਵਾਂ ਅਧਿਆਇ ਲਿਖਿਆ ਹੈ।
sukhdev singh sirsaਬਨਾਰਸ ਤੋਂ ਆਏ ਸਮਾਜ ਸ਼ਾਸਤਰੀ ਡਾ. ਦੀਪਕ ਮਲਕ ਨੇ ਪੰਜਾਬ ਦੀਆਂ ਸੰਘਰਸ਼ਸ਼ੀਲ ਰਵਾਇਤਾਂ ਦੀ ਰੌਸ਼ਨੀ ਵਿਚ ਇਸ ਕਿਸਾਨ ਮੋਰਚੇ ਨੂੰ ਭਾਰਤੀ ਲੋਕਤੰਤਰ ਦਾ ਨਵਾਂ ਬਿਰਤਾਂਤ ਦੱਸਿਆ। ਸੁਸ਼ੀਲ ਦੁਸਾਂਝ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਦਿੱਲੀ ਕਾਰਪੋਰੇਟ ਪੱਖੀ ਸਰਕਾਰ ਦਾ ਚਿਹਰਾ ਨੰਗਾ ਕਰ ਦਿੱਤਾ ਹੈ। ਨਾਟਕਕਾਰ ਸ਼ਬਦੀਸ਼ ਨੇ ਆਪਣੇ ਨਵੇਂ ਨਾਟਕ ਵਿਚੋਂ ਗੀਤ ਗਾਇਆ। ਇਸ ਮੌਕੇ ਜਵਾਹਰ ਨਹਿਰੂ ਯੂਨੀਵਰਸਿਟੀ ਦੇ ਇਪਟਾ ਦੇ ਕਲਾਕਾਰਾਂ ਦੇ ਨਾਲ ਨਾਲ ਇਨਾਬ, ਪ੍ਰਿਆ ਅਤੇ ਅਨਸ ਨੇ ਇਨਕਲਾਬੀ ਗੀਤ ਤੇ ਗ਼ਜ਼ਲਾਂ ਗਾਈਆਂ। ਕਵੀ ਬਲਵਿੰਦਰ ਸੰਧੂ ਤੇ ਨੀਤੂ ਅਰੋੜਾ ਨੇ ਕਿਸਾਨ ਸੰਘਰਸ਼ ਬਾਰੇ ਨਜ਼ਮਾਂ ਸੁਣਾਈਆਂ। ਵਿਚਾਰ ਚਰਚਾ ਵਿਚ ਉਰਦੂ, ਹਿੰਦੀ, ਰਾਜਸਥਾਨੀ, ਮੈਥਿਲੀ ਤੇ ਪੰਜਾਬੀ ਦੇ ਲੇਖਕਾਂ ਨੇ ਭਾਵਪੂਰਵਕ ਵਿਚਾਰ ਪੇਸ਼ ਕੀਤੇ।
Farmer protestਪੰਜਾਬੀ ਲੇਖਕਾਂ ਦੇ ਨਾਲ ਨਾਲ ਹਿੰਦੀ ਦੇ ਨਾਮੀ ਲੇਖਕਾਂ ਵਿਭੂਤੀ ਨਰਾਇਣ ਰਾਏ ਤੇ ਸ਼ਿਵ ਮੂਰਤੀ, ਉਰਦੂ ਲੇਖਕਾਂ ਅਨੀਸ ਆਜ਼ਮੀ ਅਤੇ ਫਰਹਤ ਰਿਜ਼ਵੀ, ਸਮਾਜ ਸ਼ਾਸਤਰੀ ਦੀਪਕ ਮਲਕ ਅਤੇ ਰਾਕੇਸ਼ ਵੇਧਾ, ਦਲੀਪ ਰਘੂਵੰਸ਼ੀ, ਸਤੀਸ਼, ਇਨਾਬ, ਪ੍ਰੀਆ ਤੇ ਹੋਰ ਰੰਗਕਰਮੀਆਂ ਅਤੇ ਆਗਰਾ, ਲਖਨਊ, ਉਤਰਾਖੰਡ ਅਤੇ ਦਿੱਲੀ ਦੇ ਰੰਗਕਰਮੀ ਜਥਿਆਂ ਨੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਇਨਕਲਾਬੀ ਗੀਤ ਗਾ ਕੇ ਕਿਸਾਨਾਂ ਨੂੰ ਸਮਰਥਨ ਦਿੱਤਾ।