
ਸੰਸਾਰ ਲਿੰਗਕ ਸਮਾਨਤਾ ਦੇ ਸਬੰਧ ਵਿਚ ਆਏ ਨਵੇਂ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਔਰਤਾਂ ਦੀ ਹਾਲਤ ਇੰਡੋਨੇਸ਼ੀਆ, ਕੀਨੀਆ, ਸੇਨੇਗਲ, ਕੋਲੰਬੀਆ........
ਨਵੀਂ ਦਿੱਲੀ : ਸੰਸਾਰ ਲਿੰਗਕ ਸਮਾਨਤਾ ਦੇ ਸਬੰਧ ਵਿਚ ਆਏ ਨਵੇਂ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਔਰਤਾਂ ਦੀ ਹਾਲਤ ਇੰਡੋਨੇਸ਼ੀਆ, ਕੀਨੀਆ, ਸੇਨੇਗਲ, ਕੋਲੰਬੀਆ ਅਤੇ ਅਲ ਸਲਵਾਡੋਰ ਦੀਆਂ ਔਰਤਾਂ ਦੇ ਮੁਕਾਬਲੇ ਵੀ ਬਹੁਤ ਜ਼ਿਆਦਾ ਖ਼ਰਾਬ ਹੈ। ਭਾਰਤ ਦੀ ਤੇਜ਼ੀ ਨਾਲ ਹੁੰਦੀ ਆਰਥਕ ਪ੍ਰਗਤੀ ਵਿਚਾਲੇ ਔਰਤਾਂ ਵਿਰੁਧ ਅਪਰਾਧ ਦਾ ਗ੍ਰਾਫ਼ ਵੀ ਤੇਜ਼ੀ ਨਾਲ ਵਧ ਰਿਹਾ ਹੈ। ਸਿਵਲ ਸੁਸਾਇਟੀ ਅਤੇ ਨਿਜੀ ਖੇਤਰ ਦੇ ਨੌਂ ਸੰਗਠਨਾਂ ਦੀ ਸੰਸਾਰ ਭਾਈਵਾਲੀ ਇਕਵਲ ਮੇਜਰਸ 2030 ਨੇ ਐਸਡੀਜੀ ਜੈਂਡਰ ਇੰਡੈਕਸ ਜਾਰੀ ਕੀਤਾ ਹੈ।
ਇਸ ਪ੍ਰਾਜੈਕਟ ਵਿਚ ਈਐਮ 2030 ਨਾਲ ਗੁਜਰਾਤ ਦੀ ਗ਼ੈਰ-ਸਰਕਾਰੀ ਸੰਸਥਾ ਸਹਿਜ ਨੇ ਸਹਿਯੋਗ ਕੀਤਾ ਹੈ। ਐਸਡੀਜੀ ਜੈਂਡਰ ਇੰਡੈਕਸ ਵਿਚ ਭਾਰਤ, ਇੰਡੋਨੇਸ਼ੀਆ, ਕੀਨੀਆ, ਸੇਨੇਗਲ, ਕੋਲੰਬੀਆ ਅਤੇ ਅਲ ਸਲਵਾਡੋਰ ਵਿਚ ਲਿੰਗਕ ਸਮਾਨਤਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਹੈ। ਇੰਡੈਕਸ ਤਹਿਤ ਪ੍ਰਜਨਣ ਸਿਹਤ ਸਹੂਲਤਾਂ ਦੀ ਗੁਣਵੱਤਾ, ਸਸ਼ਕਤੀਕਰਨ ਅਤੇ ਔਰਤਾਂ ਦੀ ਆਰਥਕ ਹਾਲਤ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇੰਡੈਕਸ ਮੁਤਾਬਕ ਪੋਸ਼ਣ ਦੇ ਮਾਮਲੇ ਵਿਚ ਭਾਰਤ ਹੋਰ ਦੇਸ਼ਾਂ ਤੋਂ ਪਿੱਛੇ ਹੈ। ਔਰਤਾਂ ਵਿਚ ਕੁਪੋਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੈ।
ਭਾਰਤ ਵਿਚ ਅਨੀਮੀਆ ਤੋਂ ਗ੍ਰਸਤ ਔਰਤਾਂ ਦੀ ਗਿਣਤੀ ਇੰਡੋਨੇਸ਼ੀਆ, ਕੀਨੀਆ, ਸੇਨੇਗਲ, ਕੋਲੰਬੀਆ ਅਤੇ ਅਲਸਲਵਾਡੋਰ ਦੇ ਮੁਕਾਬਲੇ ਦੁਗਣੀ ਹੈ। ਸਰਵੇਖਣ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲਿੰਗਕ ਸਮਾਨਤਾ 'ਤੇ ਐਸਡੀਜੀਪੀ 5 ਦੀ ਗੱਲ ਕਰੋ ਤਾਂ 2018 ਵਿਚ ਭਾਰਤੀ ਸੰਸਦ ਵਿਚ ਔਰਤਾਂ ਦੀ ਗਿਣਤੀ ਸੱਭ ਤੋਂ ਘੱਟ ਮਹਿਜ਼ 12 ਫ਼ੀ ਸਦੀ ਹੈ। ਸੇਨੇਗਲ ਦੀ ਸੰਸਦ ਵਿਚ ਮਹਿਲਾ ਪ੍ਰਤੀਨਿਧਾਂ ਦੀ ਗਿਣਤੀ 42 ਫ਼ੀ ਸਦੀ ਹੈ। ਬਾਲ ਵਿਆਹ ਅਤੇ 18 ਸਾਲ ਦੀ ਉਮਰ ਤੋਂ ਪਹਿਲਾਂ ਛੇਤੀ ਅਤੇ ਜਬਰਨ ਵਿਆਹ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਸਥਾਨ 'ਤੇ ਹੈ। (ਏਜੰਸੀ)