ਬਸਪਾ ਮੁਖੀ ਮਾਇਆਵਤੀ ਨੇ ਦਿੱਲੀ ਵਿਚ ਕਿਸਾਨਾਂ 'ਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਭਾਜਪਾ ਸਰਕਾਰ ਦੀ ਬੇਲਗ਼ਾਮੀ ਦਾ ਨਤੀਜਾ ਹੈ...........
ਲਖਨਊ : ਬਸਪਾ ਮੁਖੀ ਮਾਇਆਵਤੀ ਨੇ ਦਿੱਲੀ ਵਿਚ ਕਿਸਾਨਾਂ 'ਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਭਾਜਪਾ ਸਰਕਾਰ ਦੀ ਬੇਲਗ਼ਾਮੀ ਦਾ ਨਤੀਜਾ ਹੈ ਜਿਸ ਦਾ ਖ਼ਾਮਿਆਜ਼ਾ ਭੁਗਤਣ ਲਈ ਉਨ੍ਹਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਮਾਇਆਵਤੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰ ਕੇ ਉਨ੍ਹਾਂ ਦੇ ਚੰਗੇ ਦਿਨ ਲਿਆਉਣ ਦਾ ਵਾਅਦਾ ਕਰਨ ਵਾਲੀ ਭਾਜਪਾ ਸਰਕਾਰ ਨਿਹੱਥੇ ਕਿਸਾਨਾਂ 'ਤੇ ਪੁਲਿਸ ਕੋਲੋਂ ਲਾਠੀਆਂ ਚਲਵਾ ਰਹੀ ਹੈ ਅਤੇ ਉਨ੍ਹਾਂ ਦੇ ਅੱਥਰੂ ਗੈਸ ਦੇ ਗੋਲ ਮਰਵਾ ਕੇ ਪੁਲਸੀਆ ਜ਼ੁਲਮ ਕਰ ਰਹੀ ਹੈ।
ਉਨ੍ਹਾਂ ਕਿਹਾ, 'ਉਂਜ ਤਾਂ ਭਾਜਪਾ ਦੀ ਕੇਂਦਰ ਅਤੇ ਰਾਜ ਸਰਕਾਰ ਦੀ ਗ਼ਰੀਬ ਅਤੇ ਕਿਸਾਨ ਵਿਰੋਧੀ ਗ਼ਲਤ ਨੀਤੀਆਂ ਤੋਂ ਸਮਾਜ ਦਾ ਹਰ ਵਰਗ ਬਹੁਤ ਦੁਖੀ ਹੈ ਪਰ ਕਿਸਾਨ ਵਰਗ ਦੇ ਲੋਕ ਇਸ ਸਰਕਾਰ ਵਿਚ ਕੁੱਝ ਜ਼ਿਆਦਾ ਹੀ ਸੰਕਟ ਝੱਲ ਰਹੇ ਹਨ। ਭਾਜਪਾ ਦੀਆਂ ਸਰਕਾਰਾਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜੇ ਹੱਲ ਕੀਤਾ ਹੁੰਦਾ ਤਾਂ ਯੂਪੀ, ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਅੱਜ ਦਿੱਲੀ ਵਿਚ ਪੁਲਿਸ ਦੀ ਲਾਠੀ ਦਾ ਸ਼ਿਕਾਰ ਹੋ ਕੇ ਮੁਸੀਬਤ ਨਾ ਝੱਲਣੀ ਪੈਂਦੀ।
ਮਾਇਆਵਤੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਕਿਸਾਨਾਂ 'ਤੇ ਪੁਲਿਸ ਅਤਿਆਚਾਰ ਦੀਆਂ ਘਟਨਾਵਾਂ ਵਾਪਰੀਆਂ ਹਨ। ਏਨਾ ਹੀ ਨਹੀਂ ਸਗੋਂ ਭਾਜਪਾ ਸਰਕਾਰਾਂ ਦੁਆਰਾ ਕਿਸਾਨਾਂ ਦੀ ਕਰਜ਼ਾ ਮਾਫ਼ੀ ਦਾ ਐਲਾਨ ਵੀ ਇਸ ਦੇ ਹੋਰ ਵਾਅਦਿਆਂ ਅਤੇ ਐਲਾਨਾਂ ਵਾਂਗ ਹਵਾ ਹਵਾਈ ਸਾਬਤ ਹੋਇਆ ਹੈ। (ਏਜੰਸੀ)