
ਬਟਵਾਰੇ ਵਿਚ ਦੋਹਾਂ ਪਾਸਿਆਂ ਦੇ ਲੋਕਾਂ ਨੇ ਬਹੁਤ ਕੁੱਝ ਗਵਾਇਆ, ਕਿਸੇ ਦਾ ਘਰ ਛੁਟਿਆ ਤਾਂ ਕਿਸੇ ਦਾ ਪਰਵਾਰ ਪਰ ਭਾਰਤ ਦੇ ਸਿੱਖਾਂ........
ਨਵੀਂ ਦਿੱਲੀ : ਬਟਵਾਰੇ ਵਿਚ ਦੋਹਾਂ ਪਾਸਿਆਂ ਦੇ ਲੋਕਾਂ ਨੇ ਬਹੁਤ ਕੁੱਝ ਗਵਾਇਆ, ਕਿਸੇ ਦਾ ਘਰ ਛੁਟਿਆ ਤਾਂ ਕਿਸੇ ਦਾ ਪਰਵਾਰ ਪਰ ਭਾਰਤ ਦੇ ਸਿੱਖਾਂ ਲਈ ਤਾਂ ਜਿਵੇਂ ਉਨ੍ਹਾਂ ਦੇ ਦਿਲ ਦਾ ਇਕ ਕੋਨਾ ਹੀ ਅਧੂਰਾ ਹੋ ਗਿਆ। ਗੁਰੂ ਨਾਨਕ ਦੇਵ ਦਾ ਘਰ ਕਰਤਾਰਪੁਰ ਸਾਹਿਬ ਵਿਚ ਛੁਟ ਗਿਆ ਅਤੇ ਸਿੱਖ ਪਿਛਲੇ ਸੱਤ ਦਹਾਕਿਆਂ ਤੋਂ ਗੁਰੂ ਘਰ ਦੇ ਦਰਸ਼ਨਾਂ ਨੂੰ ਤਰਸ ਗਏ। ਇਸ ਤਰ੍ਹਾਂ ਦੇਸ਼ ਦੇ ਸੱਚੇ ਸਰਦਾਰ ਨੇ ਗੁਆਂਢੀ ਮੁਲਕ ਪਾਕਿਸਤਾਨ ਦੇ 'ਕਪਤਾਨ' ਨੂੰ ਕ੍ਰਿਕਟ ਦੀ ਦੋਸਤੀ ਦਾ ਵਾਸਤਾ ਦੇ ਕੇ ਉਨ੍ਹਾਂ ਲਈ ਦਰਬਾਰ ਸਾਹਿਬ ਦੇ ਦਰਵਾਜ਼ੇ ਖੁਲ੍ਹਵਾ ਦਿਤੇ।
80 ਅਤੇ 90 ਦੇ ਦਹਾਕੇ ਵਿਚ ਕ੍ਰਿਕਟ ਦੇ ਮੈਦਾਨ 'ਤੇ ਬੱਲੇ ਨਾਲ ਅਪਣੇ ਜੌਹਰ ਵਿਖਾਉਣ ਵਾਲੇ ਪਟਕਾਧਾਰੀ ਸ਼ਰਮੀਲੇ ਜਿਹੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ 1999 ਵਿਚ ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ ਅਤੇ ਕੁਮੈਂਟਰੀ ਕਰਨ ਮਗਰੋਂ ਸਿਆਸਤ ਦੇ ਗਲਿਆਰਿਆਂ ਵਿਚ ਉਤਰ ਆਏ। 20 ਅਕਤੂਬਰ 1963 ਨੂੰ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿਚ ਸਿੱਖ ਪਰਵਾਰ ਵਿਚ ਜਨਮੇ ਸਿੱਧੂ ਦੇ ਪਿਤਾ ਸਰਦਾਰ ਭਗਵੰਤ ਸਿੰਘ ਸਿੱਧੂ ਵੀ ਕ੍ਰਿਕਟ ਖੇਡਦੇ ਸਨ। 1983 ਵਿਚ ਕ੍ਰਿਕਟ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨ ਤੋਂ ਪਹਿਲਾਂ ਸਿੱਧੂ ਨੇ ਮੁੰਬਈ ਵਿਚ ਐਚ ਆਰ ਕਾਲਜ ਅਤੇ ਕਾਮਰਸਨ ਐਂਡ ਇਕਨਾਮਿਕਸ ਵਿਚ ਅਪਣੀ ਪੜ੍ਹਾਈ ਪੂਰੀ ਕੀਤੀ।
ਇਥੇ ਇਹ ਜ਼ਿਕਰ ਕਰਨਾ ਦਿਲਚਸਪ ਹੋਵੇਗਾ ਕਿ ਨਵਜੋਤ ਦੀ ਪਤਨੀ ਦਾ ਨਾਮ ਵੀ ਨਵਜੋਤ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਸਿੱਖਾਂ ਦੇ ਉਪਨਾਮ ਮੁਤਾਬਕ ਉਨ੍ਹਾਂ ਦਾ ਨਾਮ ਨਵਜੋਤ ਕੌਰ ਸਿੱਧੂ ਹੈ। ਇਨ੍ਹਾਂ ਦੇ ਦੋ ਬੱਚੇ ਹਨ-ਬੇਟੀ ਰਾਬੀਆ ਅਤੇ ਬੇਟਾ ਕਰਨ ਸਿੱਧੂ। ਅਪਣੇ 16 ਸਾਲਾਂ ਦੇ ਕ੍ਰਿਕਟ ਕਰੀਅਰ ਦੌਰਾਨ ਸਿੱਧੂ ਨੇ ਇਮਰਾਨ ਖ਼ਾਨ ਦੀਆਂ ਗੇਂਦਾਂ 'ਤੇ ਬੇਸ਼ੱਕ ਛੱਕੇ ਮਾਰੇ ਹੋਣ ਪਰ ਦੋਹਾਂ ਖਿਡਾਰੀਆਂ ਨੇ ਕਈ ਮੰਚਾਂ 'ਤੇ ਅਪਣੀ ਦੋਸਤੀ ਦਾ ਪ੍ਰਗਟਾਵਾ ਕੀਤਾ। ਦੋਸਤੀ ਕਰ ਕੇ ਇਮਰਾਨ ਨੇ ਸਿੱਧੂ ਨੂੰ ਅਪਣੇ ਸਹੁੰ ਚੁੱਕ ਸਮਾਗਮ ਵਿਚ ਬੁਲਾਇਆ। ਦੋਹਾਂ ਦੇਸ਼ਾਂ ਦੇ ਹਾਲਾਤ ਸਾਜ਼ਗਾਰ ਨਹੀਂ ਸਨ ਪਰ ਸਿੱਧੂ ਉਥੇ ਗਏ।
ਫਿਰ ਉਥੇ ਉਨ੍ਹਾਂ ਫ਼ੌਜ ਮੁਖੀ ਨੂੰ ਜੱਫੀ ਪਾਈ ਜਿਸ ਕਾਰਨ ਉਨ੍ਹਾਂ ਦੀ ਰੱਜ ਕੇ ਆਲੋਚਨਾ ਹੋਈ। ਸਿੱਧੂ ਨੇ ਕਿਹਾ ਕਿ ਉਹ ਸਿੱਖਾਂ ਦੀ ਪੁਰਾਣੀ ਮੰਗ ਪੂਰੀ ਕਰਵਾਉਣ ਦੀ ਖ਼ਾਹਿਸ਼ ਨਾਲ ਉਥੇ ਗਏ ਸਨ ਪਰ ਉਨ੍ਹਾਂ ਦੀ ਗੱਲ ਕਿਸੇ ਨਾ ਸੁਣੀ ਸਗੋਂ ਮਜ਼ਾਕ ਹੀ ਉਡਾਇਆ ਪਰ ਹਾਲ ਹੀ ਵਿਚ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖ ਕੇ ਪਾਕਿਸਤਾਨ ਨੇ ਉਨ੍ਹਾਂ ਦੀ ਗੱਲ ਨੂੰ ਸਹੀ ਸਾਬਤ ਕਰ ਦਿਤਾ। ਪਿਛਲੇ ਸੱਤ ਦਹਾਕਿਆਂ ਤੋਂ ਦੂਰਬੀਨ ਰਾਹੀਂ ਗੁਰੂ ਘਰ ਦੇ ਦਰਸ਼ਨ ਕਰਨ ਵਾਲੇ ਸਿੱਖਾਂ ਲਈ ਇਹ ਸਰਦਾਰ ਦਾ ਸੱਚਾ ਤੋਹਫ਼ਾ ਹੈ। (ਪੀਟੀਆਈ)