
ਬਿਜਲੀ ਸਪਲਾਈ ਬਹਾਲ ਕਰਨ ਅਤੇ ਸੜਕਾਂ ਤੋਂ ਡਿੱਗੇ ਦਰੱਖਤਾਂ ਨੂੰ ਹਟਾਉਣ ਦੀ ਕੋਸ਼ਿਸ਼ ਜਾਰੀ
ਜੰਮੂ: ਤੇਜ਼ ਹਵਾਵਾਂ ਅਤੇ ਹਲਕੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਪਰ ਸੋਮਵਾਰ ਸ਼ਾਮ ਨੂੰ ਸ਼ਹਿਰ ਦੇ ਕਈ ਹਿੱਸਿਆਂ ’ਚ ਬਿਜਲੀ ਸਪਲਾਈ ਠੱਪ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਤੇਜ਼ ਹਵਾਵਾਂ ਕਾਰਨ ਕਈ ਹਿੱਸਿਆਂ ’ਚ ਦਰੱਖਤ ਡਿੱਗ ਗਏ ਅਤੇ ਕੰਧਾਂ ਢਹਿ ਗਈਆਂ।
ਜੰਮੂ ’ਚ ਤੇਜ਼ ਹਵਾਵਾਂ ਅਤੇ ਹਲਕੀ ਬਾਰਸ਼ ਕਾਰਨ ਤਾਪਮਾਨ ’ਚ ਗਿਰਾਵਟ ਆਈ ਅਤੇ ਦਿਨ ’ਚ ਤਾਪਮਾਨ 42.7 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਅਧਿਕਾਰੀਆਂ ਨੇ ਦਸਿਆ ਕਿ ਬਿਜਲੀ ਸਪਲਾਈ ਬਹਾਲ ਕਰਨ ਅਤੇ ਸੜਕਾਂ ਤੋਂ ਡਿੱਗੇ ਦਰੱਖਤਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਜੰਮੂ ਸ਼ਹਿਰ ਦੇ ਗਾਂਧੀ ਨਗਰ ਇਲਾਕੇ ’ਚ ਇਕ ਦਰੱਖਤ ਦੀ ਟਹਿਲੀ ਡਿੱਗਣ ਨਾਲ ਦੋ ਮੋਟਰਸਾਈਕਲ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਤੋਂ ਇਲਾਵਾ ਸ਼ਕਤੀ ਨਗਰ ’ਚ ਕੰਧ ਡਿੱਗਣ ਨਾਲ 5 ਵਾਹਨ ਨੁਕਸਾਨੇ ਗਏ।