
ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ‘ਚ ਲੋਕ ਸਭਾ ਚੋਣਾਂ ਲਈ ਮਹਾਂਗਠਜੋੜ ਦੀ ਮੋਟੇ ਤੌਰ ‘ਤੇ ਸਹਿਮਤੀ ਬਣ ਗਈ ਹੈ। ਸਪਾ....
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ‘ਚ ਲੋਕ ਸਭਾ ਚੋਣਾਂ ਲਈ ਮਹਾਂਗਠਜੋੜ ਦੀ ਮੋਟੇ ਤੌਰ ‘ਤੇ ਸਹਿਮਤੀ ਬਣ ਗਈ ਹੈ। ਸਪਾ ਅਤੇ ਬਸਪਾ ਦੋਵੇਂ 37-37 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੇ, ਜਦੋਂ ਕਿ ਰਾਸ਼ਟਰੀ ਲੋਕ ਦਲ ਲਈ ਦੋ ਸੀਟਾਂ ਛੱਡੀਆਂ ਜਾਣਗੀਆਂ। ਇਸ ਤੋਂ ਇਲਾਵਾ ਦੋ ਸੀਟਾਂ ਕਾਂਗਰਸ ਲਈ ਅਮੇਠੀ ਤੇ ਰਾਏ ਬਰੇਲੀ ਤੇ ਦੋ ਸੀਟਾਂ ਭਾਜਪਾ ਦੇ ਸੰਭਾਵਿਤ ਬਾਗੀਆਂ ਲਈ ਰੱਖਣ ‘ਤੇ ਸਹਿਮਤੀ ਬਣੀ ਹੈ।
ਸੂਤਰਾਂ ਮੁਤਾਬਕ ਦਿੱਲੀ ‘ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਤੇ ਬਸਪਾ ਪ੍ਰਮੁੱਖ ਮਾਇਆਵਤੀ ‘ਚ ਬਿਤੀ ਰਾਤ ਤੱਕ ਹੋਈ ਲੰਬੀ ਮੀਟਿੰਗ ‘ਚ ਇਸ ਮੁੱਦੇ ‘ਤੇ ਸਹਿਮਤੀ ਬਣ ਗਈ ਹੈ। ਹਾਲਾਂਕਿ ਸਪਾ ਆਗੂਆਂ ਮੁਲਾਕਾਤ ਦੇ ਮੁੱਦੇ ‘ਤੇ ਚੁੱਪੀ ਬਣਾਈ ਹੋਈ ਹੈ। ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਮਾਇਆਵਤੀ ਇਸ ਗਠਜੋੜ ਦੇ ਮੁੱਦੇ ‘ਤੇ ਲਖਨਊ ‘ਚ 10 ਜਨਵਰੀ ਨੂੰ ਮੀਟਿੰਗ ਕਰੇਗੀ। ਉਸਦੇ ਬਾਅਦ ਉਹ ਗਠਜੋੜ ਦਾ ਐਲਾਨ ਕਰ ਸਕਦੀ ਹੈ।
ਓਧਰ ਕਾਂਗਰਸ ਨੂੰ ਦੋ ਸੀਟਾਂ ਮਿਲਣ ਤੋਂ ਸਾਫ ਜਾਪਦਾ ਹੈ ਕਿ ਉਹ ਗਠਜੋੜ ਤੋਂ ਬਾਹਰ ਹੀ ਰਹੇਗੀ। ਹੁਣ ਇਹ ਦੇਖਣਾ ਹੈ ਕਿ ਕਾਂਗਰਸ ਇਨ੍ਹਾਂ ਨਾਲ ਦੋਸਤਾਨਾ ਸੰਘਰਸ਼ ਕਰਦੀ ਹੈ ਜਾਂ ਮਜ਼ਬੂਤੀ ਨਾਲ ਲੜੇਗੀ। ਵੈਸੇ ਕਾਂਗਰਸ ਤੇ ਸ਼ਿਵਪਾਲ ਯਾਦਵ ਦੀ ਨਵੀਂ ਪਾਰਟੀ ਵਿਚਕਾਰ ਵੀ ਨਜ਼ਦੀਕੀਆਂ ਵਧਣ ਦੀਆਂ ਖਬਰਾਂ ਹਨ। ਜੇਕਰ ਇਨ੍ਹਾਂ ਦੋਵਾਂ ‘ਚ ਸਮਝੌਤਾ ਹੋਇਆ ਤਾਂ ਸਪਾ ਲਈ ਅਲੱਗ ਮੁਸ਼ਕਲ ਹੋਵੇਗੀ।