
ਚੋਣ ਪ੍ਰਚਾਰ 'ਤੇ ਪਾਬੰਦੀ ਦੌਰਾਨ ਸਾਧਵੀ ਲਗਾਤਾਰ ਮੰਦਰ ਦਰਸ਼ਨ ਲਈ ਜਾ ਰਹੀ ਸੀ ਅਤੇ ਭਜਨ-ਕੀਰਤਨ ਕਰ ਰਹੀ ਸੀ
ਭੋਪਾਲ : ਮੱਧ ਪ੍ਰਦੇਸ਼ ਦੀ ਭੋਪਾਲ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਅੱਜ ਤਿੰਨ ਦਿਨ ਬਾਅਦ ਰਾਹਤ ਮਿਲੀ ਸੀ ਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਨੇ ਇਕ ਹੋਰ ਨੋਟਿਸ ਭੇਜ ਦਿੱਤਾ ਹੈ। ਚੋਣ ਪ੍ਰਚਾਰ 'ਤੇ ਪਾਬੰਦੀ ਦੌਰਾਨ ਸਾਧਵੀ ਲਗਾਤਾਰ ਮੰਦਰ ਦਰਸ਼ਨ ਲਈ ਜਾ ਰਹੀ ਸੀ ਅਤੇ ਭਜਨ-ਕੀਰਤਨ ਵੀ ਕਰ ਰਹੀ ਸੀ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਨੋਟਿਸ ਭੇਜਿਆ ਹੈ।
Election Commission of India
ਸਾਧਵੀ ਪ੍ਰਗਿਆ ਸਿੰਘ ਠਾਕਰ ਦੇ ਚੋਣ ਪ੍ਰਚਾਰ 'ਤੇ 2 ਮਈ ਸਵੇਰੇ 6 ਵਜੇ ਤੋਂ 72 ਘੰਟੇ ਦੀ ਪਾਬੰਦੀ ਲਗਾਈ ਗਈ ਸੀ। ਜਿਸ ਤੋਂ ਬਾਅਦ ਸਾਧਵੀ ਪ੍ਰਗਿਆ ਨੇ ਕੋਈ ਚੋਣ ਪ੍ਰਚਾਰ ਤਾਂ ਨਹੀਂ ਕੀਤਾ ਪਰ ਉਹ ਮੰਦਰ ਦਰਸ਼ਨ ਦੇ ਨਾਲ ਭਜਨ-ਕੀਰਤਨ ਕਰਦੀ ਨਜ਼ਰ ਆਈ। ਸ਼ੁਕਰਵਾਰ ਨੂੰ ਸਾਧਵੀ ਨੇ ਲਗਾਤਾਰ 6 ਮੰਦਰਾਂ 'ਚ ਜਾ ਕੇ ਭਗਵਾਨ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ। ਮੰਦਰ ਦਰਸ਼ਨ ਸਮੇਂ ਸਾਧਵੀ ਨੇ ਜਮ ਕੇ ਢੋਲ ਵਜਾਇਆ ਅਤੇ ਭਗਤਾਂ ਨਾਲ ਭਜਨ-ਕੀਤਰਨ ਕੀਤਾ। ਦਰਸ਼ਨ ਦਾ ਇਹ ਸਿਲਸਿਲਾ ਸ਼ੁਕਰਵਾਰ ਸਵੇਰੇ ਜੈਨ ਮੰਦਰ ਤੋਂ ਸ਼ੁਰੂ ਹੋਇਆ ਸੀ, ਜੋ ਦੁਪਹਿਰ ਤਕ ਜਾਰੀ ਰਿਹਾ।
Sadhvi Pragya Thakur
ਸਾਧਵੀ ਦੇ ਇਸ ਕਦਮ ਦੀ ਕਾਂਗਰਸ ਨੇ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਸੀ। ਕਾਂਗਰਸ ਨੇ ਪਾਬੰਦੀ ਦੇ ਬਾਵਜੂਦ ਮੰਦਰ ਅਤੇ ਗਊਸ਼ਾਲਾ 'ਚ ਪਾਰਟੀ ਕਾਰਕੁੰਨਾਂ ਨਾਲ ਜਾਣ ਦੀ ਸ਼ਿਕਾਇਤ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਕੀਤੀ ਸੀ, ਜਿਸ ਤੋਂ ਬਾਅਦ ਸਾਧਵੀ ਪ੍ਰਗਿਆ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਹੈ। ਸਾਧਵੀ ਦਾ ਜਵਾਬ ਮਿਲਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜਣਗੇ।