ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਪਹਿਲਾਂ ਕਿਹਾ ਸੀ ਕਿ ਹੜ੍ਹ ਇਕ 'ਮਨੁੱਖੀ' ਆਫ਼ਤ ਸੀ ਅਤੇ ਬਦਮਾਸ਼ਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਕਛਾਰ: ਅਸਾਮ ਦੇ ਕਛਾਰ ਜ਼ਿਲ੍ਹੇ ਵਿਚ ਬਰਾਕ ਨਦੀ ਦੇ ਇਕ ਬੰਨ੍ਹ ਨੂੰ ਤੋੜਨ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਫਲਸਰੂਪ ਸਿਲਚਰ ਸ਼ਹਿਰ ਵਿਚ ਹੜ੍ਹ ਆ ਗਿਆ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਮਿੱਠੂ ਹੁਸੈਨ ਲਸ਼ਕਰ ਅਤੇ ਕਾਬੁਲ ਖਾਨ ਵਜੋਂ ਹੋਈ ਹੈ। ਕਛਾਰ ਦੇ ਐਸਪੀ ਰਮਨਦੀਪ ਕੌਰ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਉਹਨਾਂ ਨੇ ਘਟਨਾ ਵਿਚ ਦੋਵਾਂ ਦੀ ਭੂਮਿਕਾ ਬਾਰੇ ਵੇਰਵੇ ਦੱਸਣ ਤੋਂ ਇਨਕਾਰ ਕਰ ਦਿੱਤਾ।
ਰਮਨਦੀਪ ਕੌਰ ਨੇ ਆਈਏਐਨਐਸ ਨੂੰ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਸ਼ਕਰ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਖਾਨ ਨੂੰ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਪਹਿਲਾਂ ਕਿਹਾ ਸੀ ਕਿ ਹੜ੍ਹ ਇਕ 'ਮਨੁੱਖੀ' ਆਫ਼ਤ ਸੀ ਅਤੇ ਬਦਮਾਸ਼ਾਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਖਾਨ ਨੇ ਕਥਿਤ ਤੌਰ 'ਤੇ ਉਲੰਘਣਾ ਦਾ ਇਕ ਵੀਡੀਓ ਫਿਲਮਾਇਆ ਸੀ, ਜਿਸ ਨੂੰ ਮੁੱਖ ਮੰਤਰੀ ਨੇ ਸਥਾਨਕ ਨਿਵਾਸੀਆਂ ਨੂੰ ਦਿਖਾਇਆ ਸੀ ਜਦੋਂ ਉਹਨਾਂ ਨੇ ਕਛਾਰ ਜ਼ਿਲ੍ਹੇ ਵਿਚ ਬੰਨ੍ਹ ਵਾਲੀ ਥਾਂ ਦਾ ਦੌਰਾ ਕੀਤਾ ਸੀ। ਉਹਨਾਂ ਨੂੰ ਵੀਡੀਓ 'ਚ ਲੋਕਾਂ ਨੂੰ ਆਵਾਜ਼ਾਂ ਦੀ ਪਛਾਣ ਕਰਨ ਲਈ ਕਹਿੰਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਖਾਨ ਦੀ ਪਛਾਣ ਹੋਈ।
ਜਾਣਕਾਰੀ ਅਨੁਸਾਰ ਇਸ ਬੰਨ੍ਹ ਨੂੰ ਤੋੜਨ ਲਈ ਛੇ ਵਿਅਕਤੀ ਮੁੱਖ ਤੌਰ 'ਤੇ ਜ਼ਿੰਮੇਵਾਰ ਸਨ। ਹਿਮੰਤ ਬਿਸਵਾ ਸ਼ਰਮਾ ਨੇ ਕਿਹਾ, "ਸੀਆਈਡੀ ਵੱਲੋਂ ਗੁਹਾਟੀ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ। ਸੀਆਈਡੀ ਦੇ ਵਧੀਕ ਡਾਇਰੈਕਟਰ-ਜਨਰਲ ਪੁਲਿਸ ਮਾਮਲੇ ਦੀ ਜਾਂਚ ਦੀ ਅਗਵਾਈ ਕਰਨਗੇ ਅਤੇ ਇਕ ਵਿਸ਼ੇਸ਼ ਟਾਸਕ ਫੋਰਸ ਜਾਂਚ ਦੀ ਨਿਗਰਾਨੀ ਕਰੇਗੀ।" ਰਿਪੋਰਟਾਂ ਅਨੁਸਾਰ 24 ਮਈ ਨੂੰ ਸਿਲਚਰ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਬੇਥੁਕੰਡੀ ਵਿਖੇ ਬਰਸਾਤੀ ਨਾਲੇ ਦੇ ਪਾਣੀ ਨੂੰ ਬਰਾਕ ਨਦੀ ਵਿਚ ਜਾਣ ਦੇਣ ਲਈ ਅਣਪਛਾਤੇ ਬਦਮਾਸ਼ਾਂ ਖਿਲਾਫ ਇਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ।