
ਘਟਨਾ ਨੂੰ ਦਸਿਆ ਦੁਰਲੱਭ ਅਤੇ ਮੰਦਭਾਗਾ
ਨਵੀਂ ਦਿੱਲੀ: ਪਿਛਲੇ ਮਹੀਨੇ ਨਾਗਪੁਰ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਇਕ ਮਹਿਲਾ ਯਾਤਰੀ ਨੂੰ ਬਿੱਛੂ ਨੇ ਡੰਗ ਲਿਆ ਸੀ। ਏਅਰਲਾਈਨ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਯਾਤਰੀ ਨੂੰ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਇਕ ਡਾਕਟਰ ਨੇ ਦੇਖਿਆ ਅਤੇ ਹਸਪਤਾਲ ਵਿਚ ਇਲਾਜ ਤੋਂ ਬਾਅਦ ਛੁੱਟੀ ਦੇ ਦਿਤੀ ਗਈ।
ਇਹ ਵੀ ਪੜ੍ਹੋ: ਪਟਿਆਲਾ ਦੇ ਮਾਤਾ ਕੌਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਕੌਰ ਦਾ ਦੇਹਾਂਤ
ਏਅਰ ਇੰਡੀਆ ਨੇ ਕਿਹਾ, 'ਸਾਡੀ ਫਲਾਈਟ ਨੰਬਰ ਏਆਈ-630 'ਤੇ 23 ਅਪ੍ਰੈਲ 2023 ਨੂੰ ਇਕ ਯਾਤਰੀ ਨੂੰ ਬਿੱਛੂ ਦੇ ਡੰਗਣ ਦੀ ਬਹੁਤ ਹੀ ਦੁਰਲੱਭ ਅਤੇ ਮੰਦਭਾਗੀ ਘਟਨਾ ਵਾਪਰੀ ਸੀ।' ਏਅਰਲਾਈਨ ਮੁਤਾਬਕ ਇਸ ਤੋਂ ਬਾਅਦ ਪ੍ਰੋਟੋਕੋਲ ਦਾ ਪਾਲਣ ਕੀਤਾ ਗਿਆ ਅਤੇ ਜਹਾਜ਼ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਉਥੇ ਬਿੱਛੂ ਪਾਇਆ ਗਿਆ। ਇਸ ਮਗਰੋਂ ਪੈਸਟ ਕੰਟਰੋਲ ਦੀ ਸਹੀ ਪ੍ਰਕਿਰਿਆ ਕੀਤੀ ਗਈ।
ਇਹ ਵੀ ਪੜ੍ਹੋ: ਮੀਂਹ ਨਾਲ ਫ਼ਸਲ ਖ਼ਰਾਬ ਹੋਣ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਤੋਂ ਬਾਅਦ ਏਅਰ ਇੰਡੀਆ ਨੇ ਕੇਟਰਿੰਗ ਵਿਭਾਗ ਨੂੰ ਕਿਹਾ ਹੈ ਕਿ ਉਹ ਲਾਂਡਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਨੂੰ ਸਲਾਹ ਦੇਣ ਕਿ ਉਹ ਇਸ ਚੀਜ਼ ਦੀ ਜਾਂਚ ਕਰਨ ਕਿ ਜੇਕਕ ਕਿਤੇ ਵੀ ਕੀੜੇ ਹਨ ਤਾਂ ਉਨ੍ਹਾਂ ਨੂੰ ਸਾਫ਼ ਕਰਨ ਲਈ ਪੈਸਟ ਕੰਟਰੋਲ ਕੀਤਾ ਜਾਵੇ।
ਇਸ ਤੋਂ ਪਹਿਲਾਂ ਵੀ ਜਹਾਜ਼ਾਂ 'ਚ ਅਜਿਹੇ ਜੀਵ ਮਿਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ: ਘੋੜ ਸਵਾਰੀ ਦੌਰਾਨ ਵਾਪਰੇ ਦਰਦਨਾਕ ਹਾਦਸੇ 'ਚ 23 ਸਾਲਾ ਆਸਟ੍ਰੇਲੀਅਨ ਮਾਡਲ ਦੀ ਮੌਤ
ਪਿਛਲੇ ਸਾਲ ਦਸੰਬਰ 'ਚ ਦੁਬਈ ਏਅਰਪੋਰਟ 'ਤੇ ਉਤਰਨ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ 'ਚ ਸੱਪ ਮਿਲਿਆ ਸੀ। ਸੱਪ ਦੇ ਦਿਖਾਈ ਦਿੰਦੇ ਹੀ ਫਲਾਈਟ 'ਚ ਹਫੜਾ-ਦਫੜੀ ਮਚ ਗਈ। ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਜਹਾਜ਼ 'ਤੇ ਪਹੁੰਚ ਕੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕਢਿਆ। ਯਾਤਰੀਆਂ ਨੂੰ ਨੇੜਲੇ ਹੋਟਲ ਵਿਚ ਲਿਜਾਇਆ ਗਿਆ। ਦੁਬਈ ਤੋਂ ਕਰੀਪੁਰ ਆ ਰਹੀ ਇਸ ਫਲਾਈਟ 'ਚੋਂ ਸੱਪ ਨੂੰ ਕੱਢਣ 'ਚ ਕਾਫ਼ੀ ਸਮਾਂ ਲੱਗਾ। ਸੱਪ ਨੂੰ ਕੱਢਣ 'ਚ ਦੇਰੀ ਕਾਰਨ ਸਵੇਰੇ 2.30 ਵਜੇ ਫਲਾਈਟ ਰੱਦ ਕਰ ਦਿਤੀ ਗਈ।