
ਸੰਨੀ ਦਿਓਲ ਵਲੋਂ ਚੁਪ ਕਰਵਾਉਣ ਦੇ ਚਰਚੇ
ਮੁੰਬਈ: ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਪੰਗਾ ਲੈ ਕੇ ਜਿੱਥੇ ਖੁਦ ਲਈ ਮੁਸੀਬਤ ਸਹੇੜ ਲਈ ਹੈ, ਉਥੇ ਹੀ ਆਪਣੇ ਹਮਾਇਤੀਆਂ ਲਈ ਵੀ ‘ਅਗਨੀ ਪ੍ਰੀਖਿਆ’ ਵਰਗੇ ਹਾਲਾਤ ਪੈਦਾ ਕਰ ਦਿਤੇ ਹਨ। ਕਈ ਆਗੂਆਂ ਲਈ ਤਾਂ ‘ਸੱਪ ਦੇ ਮੂੰਹ ‘ਚ ਕੋਹੜ ਕਿਰਲੀ’ ਵਾਲੀ ਸਥਿਤੀ ਬਣੀ ਹੋਈ ਹੈ। ਅਜਿਹੀ ਹੀ ਹਾਲਤ ਭਾਜਪਾ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਬਣੀ ਹੋਈ ਹੈ। ਉਹ ਖੇਤੀ ਕਾਨੂੰਨਾਂ ਦੇ ਹੱਕ ‘ਚ ਬੋਲੇ ਪਰ ਲੋਕਾਂ ਦੀ ਭਾਰੀ ਮੁਖਾਲਫਤ ਨੂੰ ਵੇਖਦਿਆਂ ਹਾਲ ਦੀ ਘੜੀ ਉਹ ਚੁਪੀ ਧਾਰੀ ਬੈਠੇ ਹਨ, ਪਰ ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰ ਕੇ ਉਨ੍ਹਾਂ ਲਈ ਔਖੀ ਸਥਿਤੀ ਪੈਦਾ ਕਰ ਦਿਤੀ ਹੈ। ਧਰਮਿੰਦਰ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨ ਅੰਦੋਲਨ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।
Dharmindera
ਬਾਅਦ ‘ਚ ਧਰਮਿੰਦਰ ਨੇ ਕਿਸਾਨਾਂ ਦੇ ਹੱਕ ਵਿਚ ਦਿਤਾ ਆਪਣਾ ਟਵੀਟ ਹਟਾ ਦਿਤਾ, ਜਿਸ ਮਗਰੋਂ ਉਹ ਵੀ ਸਵਾਲਾਂ ਦੇ ਘੇਰੇ ਵਿਚ ਆ ਗਏ। ਇਕ ਟਵਿਟਰ ਯੂਜ਼ਰ ਨੇ ਧਰਮਿੰਦਰ ਨੂੰ ਉਸ ਦੇ ਟਵੀਟ ਦਾ ਸਕਰੀਨ ਸ਼ੌਟ ਭੇਜ ਕੇ ਸਵਾਲ ਪੁੱਛਿਆ ਕਿ ਤੁਸੀਂ ਇਹ ਡਿਲੀਟ ਕਿਉਂ ਕੀਤਾ ਹੈ। ਇਸ ਦੇ ਜਵਾਬ ਵਿਚ ਧਰਮਿੰਦਰ ਨੇ ਕਿਹਾ 'ਮੈਂ ਇਹ ਟਵੀਟ ਇਸ ਲਈ ਹਟਾ ਲਿਆ, ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ। ਤੁਸੀਂ ਮੈਨੂੰ ਦਿਲੋਂ ਗਾਲਾਂ ਕੱਢ ਸਕਦੇ ਹੋ ਪਰ ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ।'
Sunny Deol
ਦੂਜੇ ਪਾਸੇ ਇਸ ਨੂੰ ਲੈ ਕੇ ਲੋਕਾਂ ਵਲੋਂ ਸੰਨੀ ਦਿਓਲ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਲੋਕਾਂ ਮੁਤਾਬਕ ਧਰਮਿੰਦਰ ਨੇ ਇਹ ਟਵੀਟ ਆਪਣੇ ਪੁੱਤਰ ਤੇ ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਕਹਿਣ ਤੇ ਹਟਾਇਆ ਹੋਵੇਗਾ। ਜਦੋਂ ਧਰਮਿੰਦਰ ਨੇ ਇਸ ਸਬੰਧੀ ਇਕ ਟਵਿਟਰ ਯੂਜ਼ਰ ਦੇ ਸਵਾਲ ਦੇ ਜਬਾਬ ਵਿਚ ਕਿਹਾ ‘ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਿ ਸਕਦਾ’।
Dharminder Singh and Sunny Deol
ਕਾਬਲੇਗੌਰ ਹੈ ਕਿ ਕਿਸਾਨੀ ਮਸਲੇ ‘ਤੇ ਪਿਓ-ਪੁੱਤਰ ਵਿਚਾਲੇ ਮਤਭੇਦ ਹੋਣ ਦਾ ਇਹ ਪਹਿਲਾ ਮੌਕਾ ਨਹੀਂ ਹੈ। ਕਈ ਥਾਈ ਤਾਂ ਭਾਜਪਾ ਦੇ ਭਾਈਵਾਲਾਂ ਵਿਚਾਲੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਖਿੱਚੋਤਾਣ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਖੇਤੀ ਕਾਨੂੰਨਾਂ ਨੇ ਕਈਆਂ ਲਈ ਔਖੀ ਸਥਿਤੀ ਪੈਦਾ ਕਰ ਦਿਤੀ ਹੈ।