
ਚੀਨ ਨੇ 20 ਹਜ਼ਾਰ ਕੋਰੋਨਾ ਵਾਇਰਸ ਪੀੜਤਾਂ ਨੂੰ ਮਾਰਨ ਦੀ ਮੰਗੀ ਮਨਜ਼ੂਰੀ!
ਨਵੀਂ ਦਿੱਲੀ: ਇਕ ਸਨਸਨੀਖੇਜ਼ ਖ਼ਬਰ ਸੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨੀ ਅਧਿਕਾਰੀਆਂ ਵੱਲੋਂ ਸਰਵਉਚ ਪੀਪਲਜ਼ ਕੋਰਟ ਵਿਚ ਅਰਜ਼ੀ ਦਾਇਰ ਕਰਕੇ ਕੋਰੋਨਾ ਵਾਇਰਸ ਤੋਂ ਪੀੜਤ 20 ਹਜ਼ਾਰ ਲੋਕਾਂ ਨੂੰ ਜਾਨ ਤੋਂ ਮਾਰਨ ਦੀ ਮਨਜ਼ੂਰੀ ਮੰਗੀ ਗਈ ਹੈ।
Photo
ਖ਼ਬਰ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਕੋਰੋਨਾ ਵਾਇਰਸ ਤੋਂ ਵੱਡੇ ਖ਼ਤਰੇ ਦੇ ਚਲਦਿਆਂ ਸ਼ੁੱਕਰਵਾਰ ਨੂੰ ਅਦਾਲਤ ਵੱਲੋਂ ਇਸ ਦੀ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ। ਇਸ ਖ਼ਬਰ ਦੇ ਆਉਂਦਿਆਂ ਹੀ ਚੀਨ ਸਮੇਤ ਹੋਰ ਕਈ ਦੇਸ਼ਾਂ ਵਿਚ ਹੜਕੰਪ ਮਚਿਆ ਹੋਇਆ ਹੈ। ਆਓ ਤੁਹਾਨੂੰ ਦੱਸਦੇ ਆਂ ਕੀ ਹੈ ਇਸ ਖ਼ਬਰ ਦਾ ਅਸਲ ਸੱਚ?
Photo
ਦਰਅਸਲ ਇਹ ਖ਼ਬਰ 5 ਫਰਵਰੀ ਨੂੰ ਏਬੀ-ਟੀਸੀ ਨਾਂਅ ਦੀ ਇਕ ਵੈਬਸਾਈਟ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜੋ ਕਿ ਪੂਰੀ ਤਰ੍ਹਾਂ ਫੇਕ ਖ਼ਬਰ ਐ। ਇਸ ਵੈਬਸਾਈਟ 'ਤੇ ਪਾਈ ਗਈ ਇਹ ਕੋਈ ਪਹਿਲੀ ਫੇਕ ਖ਼ਬਰ ਨਹੀਂ ਹੈ, ਬਲਕਿ ਇਹ ਵੈਬਸਾਈਟ ਇਸ ਤਰ੍ਹਾਂ ਦੀਆਂ ਹੋਰ ਕਈ ਫੇਕ ਖ਼ਬਰਾਂ ਨਾਲ ਭਰੀ ਹੋਈ ਹੈ।
Photo
ਉਦਾਹਰਨ ਵਜੋਂ ਜੁਲਾਈ 2010 ਦੇ ਇਕ ਖ਼ਬਰ ਵਿਚ ਲਿਖਿਆ ਗਿਆ ਹੈ ''ਨਿਊਯਾਰਕ ਦੇ ਦਿੱਗਜ਼ ਕੋਚ ਪੈਟ ਸ਼ੂਰਮੁਰ ਦੀ ਮੌਤ ਹੋ ਗਈ ਜਦਕਿ ਉਹ ਅੱਜ ਤਕ ਜਿੰਦਾ ਹਨ। ਹੋਰ ਤਾਂ ਹੋਰ ਇਸ ਵੈਬਸਾਈਟ ਨੇ ਇਕ ਖ਼ਬਰ ਵਿਚ ਝੂਠਾ ਦਾਅਵਾ ਕਰਦਿਆਂ ਲਿਖ ਦਿੱਤਾ ਸੀ ਕਿ ਪ੍ਰਿੰਸ ਐਂਡ੍ਰਿਊ ਨੇ ਖ਼ੁਦਕੁਸ਼ੀ ਕਰ ਲਈ। ਸੋ ਇਹ ਵੈਬਸਾਈਟ ਝੂਠੀਆਂ ਅਤੇ ਫੇਕ ਖ਼ਬਰਾਂ ਲਈ ਮਸ਼ਹੂਰ ਹੈ।
Photo
ਇਸ ਵੈਬਸਾਈਟ ਨੇ ਪਹਿਲਾਂ ਵੀ ਕੋਰੋਨਾ ਵਾਇਰਸ ਅਤੇ ਇਕ ਖ਼ਤਰਨਾਕ ਸਾਹ ਰੋਗ ਸਬੰਧੀ ਗ਼ਲਤ ਸੂਚਨਾ ਫੈਲਾਈ ਸੀ। ਸਿੰਗਾਪੁਰ ਦੀ ਸਰਕਾਰ ਨੇ ਏਬੀ-ਟੀਸੀ ਦੀ ਰਿਪੋਰਟ ਵਿਚ ਪ੍ਰਕਾਸ਼ਤ ਦਾਅਵਿਆਂ ਦਾ ਖੰਡਨ ਕਰਨ ਲਈ 30 ਜਨਵਰੀ ਨੂੰ ਇਕ ਬਿਆਨ ਜਾਰੀ ਕਰਦਿਆਂ ਸਪੱਸ਼ਟੀਕਰਨ ਮੰਗਿਆ ਸੀ ਅਤੇ ਪ੍ਰਕਾਸ਼ਤ ਕੀਤੀ ਗਈ ਝੂਠੀ ਖ਼ਬਰ ਨੂੰ ਸੁਧਾਰਨ ਲਈ ਆਖਿਆ ਸੀ।
Photo
ਉਂਝ ਇਸ ਵਿਚ ਕੋਈ ਸ਼ੱਕ ਨਹੀਂ ਕਿ ਚੀਨ ਵਿਚ ਫੈਲਿਆ ਕੋਰੋਨਾ ਵਾਇਰਸ ਬਹੁਤ ਜ਼ਿਆਦਾ ਖ਼ਤਰਨਾਕ ਹੈ ਕਿਉਂਕਿ ਇਸ ਵਾਇਰਸ ਕਾਰਨ ਚੀਨ ਵਿਚ ਹੁਣ ਤੱਕ 636 ਵਿਅਕਤੀ ਮਾਰੇ ਜਾ ਚੁੱਕੇ ਹਨ ਜਦਕਿ 31,161 ਵਿਅਕਤੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਵੀਰਵਾਰ ਨੂੰ ਚੀਨ ਦੇ ਇੱਕ ਡਾਕਟਰ ਲੀ ਵੇਨਲਿਆਂਗ ਦੀ ਵੀ ਮੌਤ ਹੋ ਗਈ ਹੈ।
Photo
ਡਾ. ਵੇਨਲਿਆਂਗ ਨੇ ਹੀ ਇਸ ਮਹਾਮਾਰੀ ਬਾਰੇ ਚਿਤਾਵਨੀ ਦਿੱਤੀ ਸੀ। ਕੋਰੋਨਾ ਵਾਇਰਸ ਕੀਟਾਣੂਆਂ ਦਾ ਇੱਕ ਵੱਡਾ ਸਮੂਹ ਹੈ ਪਰ ਇਨ੍ਹਾਂ ਵਿੱਚੋਂ ਸਿਰਫ਼ ਛੇ ਕੀਟਾਣੂ ਹੀ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਨਾਲ ਰੋਗ ਦੀ ਸ਼ੁਰੂਆਤ ਸਰਦੀ–ਜ਼ੁਕਾਮ ਤੋਂ ਹੁੰਦੀ ਹੈ, ਗਲ਼ੇ ਵਿਚ ਖ਼ਰਾਸ਼ ਹੁੰਦੀ ਹੈ ਤੇ ਫਿਰ ਹੌਲੀ–ਹੌਲੀ ਮਰੀਜ਼ ਨੂੰ ਸਾਹ ਲੈਣ ਵਿੱਚ ਔਖ ਆਉਣ ਲੱਗਦੀ ਹੈ।
Photo
ਇਸੇ ਵਾਇਰਸ ਨੇ 2002–03 ਦੌਰਾਨ ਚੀਨ ਤੇ ਹਾਂਗਕਾਂਗ ਵਿਚ 650 ਜਾਨਾਂ ਲੈ ਲਈਆਂ ਸਨ। ਸੋ ਏਬੀ ਟੀਸੀ ਵੈਬਸਾਈਟ ਨੇ ਅਪਣੀ ਖ਼ਬਰ ਵਿਚ 20 ਹਜ਼ਾਰ ਕੋਰੋਨਾ ਵਾਇਰਸ ਪੀੜਤ ਲੋਕਾਂ ਨੂੰ ਮਾਰੇ ਜਾਣ ਦਾ ਜੋ ਦਾਅਵਾ ਕੀਤਾ ਹੈ, ਉਹ ਪੂਰੀ ਤਰ੍ਹਾਂ ਝੂਠ ਹੈ।
Photo
ਫੇਕ ਖ਼ਬਰਾਂ ਲਈ ਬਦਨਾਮ ਇਹ ਵੈਬਸਾਈਟ ਨਕਲੀ ਟਵੀਟ ਤਕ ਦਿਖਾ ਚੁੱਕੀ ਹੈ, ਜਿਸ ਕਰਕੇ ਇਸ ਨੂੰ ਅਮਰੀਕੀ ਅਧਿਕਾਰੀਆਂ ਦੀ ਝਾੜ ਦਾ ਵੀ ਸਾਹਮਣਾ ਕਰਨਾ ਪਿਆ ਸੀ। ਸੋ ਏਬੀ ਟੀਸੀ ਵੈਬਸਾਈਟ ਦੀ ਇਹ ਖ਼ਬਰ ਪੂਰੀ ਤਰ੍ਹਾਂ ਫੇਕ ਹੈ, ਜਿਸ ਜ਼ਰੀਏ ਜਾਣਬੁੱਝ ਖ਼ੌਫ਼ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।