
ਪਹਿਲਾਂ ਨਗਰ ਕੌਂਸਲ ਚੋਣਾਂ ਦੌਰਾਨ ਕਈ ਭਾਜਪਾ ਆਗੂਆਂ ਨੇ ਵੀ ਕੀਤਾ ਸੀ ਅਜਿਹਾ ਐਲਾਨ
ਚੰਡੀਗੜ੍ਹ: ਦਿੱਲੀ ਦੇ ਬਾਰਡਰਾਂ 'ਤੇ ਚੱਲ ਰਿਹਾ ਕਿਸਾਨੀ ਅੰਦੋਲਨ ਹੁਣ ਦੇਸ਼ ਦੇ ਦੂਰ-ਦੁਰਾਂਡੇ ਇਲਾਕਿਆਂ ਤਕ ਫੈਲ ਗਿਆ ਹੈ। ਮਹਾਂ ਪੰਚਾਇਤਾਂ ਦੇ ਚੱਲ ਰਹੇ ਦੌਰ ਨੇ ਅੰਦੋਲਨ ਨੂੰ ਲੋਕਾਂ ਦੇ ਦਰਾਂ ਤਕ ਪਹੁੰਚਣ 'ਚ ਮੱਦਦ ਕੀਤੀ ਹੈ। ਕਿਸਾਨਾਂ ਤੋਂ ਬਾਅਦ ਹੁਣ ਹੋਰ ਕਈ ਵਰਗ ਵੀ ਅੰਦੋਲਨ ਦੇ ਰਾਹ ਚੱਲ ਪਏ ਹਨ। ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਪ੍ਰਧਾਨ ਮੰਤਰੀ ਨੂੰ ਵਾਅਦੇ ਯਾਦ ਕਰਵਾਉਣ ਲਈ ਲਹਿਰ ਖੜੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕੇਂਦਰ ਦੇ ਨਵੇਂ ਨਵੇਂ ਫੁਰਮਾਨਾਂ ਦੁਖੀ ਪੰਜਾਬ ਦੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਵੀ ਕੇਂਦਰ ਖਿਲਾਫ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ।
farmer protest
ਕਿਸਾਨੀ ਅੰਦੋਲਨ ਵਾਂਗ ਪੰਜਾਬ ਤੋਂ ਇਨ੍ਹਾਂ ਵਰਗਾਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਆਉਂਦੇ ਸਮੇਂ ਦੇਸ਼-ਵਿਆਪੀ ਰੂਪ ਧਾਰਨ ਕਰ ਸਕਦਾ ਹੈ। ਲੋਕ-ਮੰਗਾਂ ਨੂੰ ਲੈ ਕੇ ਸ਼ੁਰੂ ਹੋ ਰਹੀ ਵਿਉਂਤਬੰਦੀ ਨੇ ਸਿਆਸਤਦਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਚੋਣ ਮੈਨੀਫੈਸਟੋ ਵਿਚ ਝੂਠੇ ਵਾਅਦਿਆਂ ਸਹਾਰੇ ਚੋਣਾਂ ਜਿੱਤਣ ਦੇ ਦਿਨ ਲੰਘ ਗਏ ਹਨ। ਕਿਸਾਨੀ ਅੰਦੋਲਨ ਦੀ ਛਾਂ ਹੇਠ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋ ਰਹੇ ਹਨ। ਇਹੀ ਵਜ੍ਹਾ ਹੈ ਕਿ ਕੁੱਝ ਦੂਰ-ਅੰਦੇਸ਼ੀ ਸੋਚ ਵਾਲੇ ਆਗੂਆਂ ਨੇ ਹੁਣ ਰਵਾਇਤੀ ਪਾਰਟੀਆਂ ਦੀ ਟਿਕਟ 'ਤੇ ਚੋਣ ਲੜਨ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।
Farmers Protest
ਇਸ ਦੀ ਮਿਸਾਲ ਪਿਛਲੇ ਦਿਨੀਂ ਪੰਜਾਬ ਅੰਦਰ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਸਾਹਮਣੇ ਆਈ, ਜਦੋਂ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਉਮੀਦਵਾਰ ਲੱਭਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਭਾਜਪਾ ਦੀ ਟਿਕਟ 'ਤੇ ਚੋਣ ਵਾਲੇ ਕਈ ਆਗੂਆਂ ਨੇ ਚੋਣ ਲੜਣ ਤੋਂ ਨਾਂਹ ਕਰ ਦਿੱਤੀ ਜਾਂ ਆਜ਼ਾਦ ਤੌਰ 'ਤੇ ਚੋਣ ਮੈਦਾਨ ਵਿਚ ਡਟ ਗਏ। ਹੁਣ ਅਜਿਹਾ ਹੀ ਵਰਤਾਰਾ ਦੂਸਰੀਆਂ ਪਾਰਟੀਆਂ ਅੰਦਰ ਵੀ ਵੇਖਣ ਨੂੰ ਮਿਲਣ ਲੱਗਾ ਹੈ।
protest
ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਤੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਨੇ ਵੀ ਅਗਾਮੀ ਵਿਧਾਨ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਬੀਬੀ ਲੂੰਬਾ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ (ਰਿਜ਼ਰਵ) ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਰਹੇ ਹਨ। ਉਹ ਪਾਰਟੀ ਦੀ ਹਲਕਾ ਇੰਚਾਰਜ ਵੀ ਹਨ। ਹੁਣ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਚੋਣ ਨਹੀਂ ਲੜਨਗੇ। ਉਨ੍ਹਾਂ ਦੱਸਿਆ ਕਿ ਸ਼ੁਤਰਾਣਾ ਤੋਂ ਅਗਲੀ ਚੋਣ ਨਾ ਲੜਣ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਜਾਣੂ ਕਰਵਾ ਦਿੱਤਾ ਹੈ।
Farmers Protest
ਬੀਬੀ ਲੂੰਬਾ ਮੁਤਾਬਕ ਅਜੋਕੀ ਰਾਜਨੀਤੀ ਦਾ ਮਿਆਰ ਇੰਨਾ ਡਿੱਗ ਗਿਆ ਹੈ ਕਿ ਉਨ੍ਹਾਂ ਦਾ ਹੁਣ ਸਿਆਸਤ ’ਚ ਦਮ ਘੁੱਟ ਰਿਹਾ ਸੀ। ਉਨ੍ਹਾਂ ਕਿਹਾ ਕਿ ਕਿਸਾਨ ਸੜਕਾਂ ’ਤੇ ਹਨ, ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤਕ ਸਿਆਸੀ ਲੋਕਾਂ ਨੂੰ 1992 ਦੀ ਤਰਜ਼ ’ਤੇ ਚੋਣਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਰਿਵਾਰ ਸਮੇਤ ਅਕਾਲੀ ਦਲ ਦਾ ਡਟ ਕੇ ਸਾਥ ਦੇਣ ਦਾ ਐਲਾਨ ਵੀ ਕੀਤਾ ਹੈ। ਬੀਬੀ ਲੂੰਬਾ ਦੇ ਕਦਮ ਨੂੰ ਕਿਸਾਨੀ ਅੰਦੋਲਨ ਦੇ ਦਬਾਅ ਵਜੋਂ ਵੀ ਵੇਖਿਆ ਜਾ ਰਿਹਾ ਹੈ।