
ਅਧਿਕਾਰੀ ਨੇ ਦਸਿਆ ਕਿ ਜਿਵੇਂ ਹੀ ਪ੍ਰਮੋਦ ਨੇ ਖਿੜਕੀ ਖੋਲ੍ਹੀ ਤਾਂ ਇਕ ਬਦਮਾਸ਼ ਨੇ ਪਿਸਤੌਲ ਕੱਢ ਕੇ ਉਸ 'ਤੇ ਚਾਰ ਵਾਰ ਗੋਲੀ ਚਲਾ ਦਿਤੀ ਅਤੇ ਦੋਵੇਂ ਉਥੋਂ ਫਰਾਰ ਹੋ ਗਏ
BJP leader Murder: ਉੱਤਰ ਪ੍ਰਦੇਸ਼ ਵਿਚ ਜੌਨਪੁਰ ਦੇ ਸਿਕਰਾ ਥਾਣਾ ਖੇਤਰ 'ਚ ਸਥਿਤ ਬੋਧਾਪੁਰ ਪਿੰਡ 'ਚ ਬਦਮਾਸ਼ਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਮੰਤਰੀ ਪ੍ਰਮੋਦ ਕੁਮਾਰ ਯਾਦਵ ਦੀ ਗੋਲੀ ਮਾਰ ਕੇ ਹੱਤਆ ਕਰ ਦਿਤੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪੁਲਿਸ ਸੁਪਰਡੈਂਟ (ਸਿਟੀ) ਬ੍ਰਿਜੇਸ਼ ਕੁਮਾਰ ਨੇ ਦਸਿਆ ਕਿ ਭਾਜਪਾ ਜ਼ਿਲ੍ਹਾ ਮੰਤਰੀ ਪ੍ਰਮੋਦ ਕੁਮਾਰ ਯਾਦਵ ਵਾਸੀ ਬੋਧਾਪੁਰ ਅਪਣੇ ਕੰਮ ਦੇ ਸਿਲਸਿਲੇ 'ਚ ਰੋਜ਼ਾਨਾ ਸਵੇਰੇ ਜ਼ਿਲਾ ਹੈੱਡਕੁਆਰਟਰ 'ਤੇ ਆਉਂਦਾ ਸੀ। ਉਨ੍ਹਾਂ ਦਸਿਆ ਕਿ ਯਾਦਵ ਅੱਜ ਸਵੇਰੇ 10 ਵਜੇ ਦੇ ਕਰੀਬ ਸਕਾਰਪੀਓ ਕਾਰ ਵਿਚ ਪਿੰਡ ਬੋਧਾਪੁਰ ਤੋਂ ਨਿਕਲਿਆ ਸੀ ਅਤੇ ਪਿੰਡ ਦੇ ਮੋੜ ’ਤੇ ਪੁੱਜਾ ਹੀ ਸੀ ਕਿ ਉਸ ਨੂੰ ਵਿਆਹ ਦਾ ਕਾਰਡ ਦੇਣ ਦੇ ਬਹਾਨੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਇਸ਼ਾਰਾ ਕਰਕੇ ਕਾਰ ਨੂੰ ਰੋਕ ਲਿਆ।
ਅਧਿਕਾਰੀ ਨੇ ਦਸਿਆ ਕਿ ਜਿਵੇਂ ਹੀ ਪ੍ਰਮੋਦ ਨੇ ਖਿੜਕੀ ਖੋਲ੍ਹੀ ਤਾਂ ਇਕ ਬਦਮਾਸ਼ ਨੇ ਪਿਸਤੌਲ ਕੱਢ ਕੇ ਉਸ 'ਤੇ ਚਾਰ ਵਾਰ ਗੋਲੀ ਚਲਾ ਦਿਤੀ ਅਤੇ ਦੋਵੇਂ ਉਥੋਂ ਫਰਾਰ ਹੋ ਗਏ। ਪਿੰਡ ਵਾਸੀ ਤੁਰੰਤ ਜ਼ਖ਼ਮੀ ਪ੍ਰਮੋਦ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਐਸਪੀ ਅਜੈ ਪਾਲ ਸ਼ਰਮਾ ਨੇ ਕਿਹਾ ਕਿ ਕਤਲ ਕਾਂਡ ਦਾ ਪਰਦਾਫਾਸ਼ ਕਰ ਕੇ ਬਦਮਾਸ਼ਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਘਟਨਾ ਦੀ ਸੂਚਨਾ ਮਿਲਦੇ ਹੀ ਜੌਨਪੁਰ ਲੋਕ ਸਭਾ ਉਮੀਦਵਾਰ ਕ੍ਰਿਪਾ ਸ਼ੰਕਰ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਰਾਜ ਸਿੰਘ ਸਮੇਤ ਕਈ ਭਾਜਪਾ ਆਗੂ ਜ਼ਿਲ੍ਹਾ ਹਸਪਤਾਲ ਪੁੱਜੇ।
(For more Punjabi news apart from BJP leader Pramod Yadav shot dead in UP, stay tuned to Rozana Spokesman)