
ਮਾਂਡਾ ਵਿਚ ਪਰਵਾਰਕ ਵਿਵਾਦ ਤੋਂ ਬਾਅਦ ਇਕ ਔਰਤ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਨੂੰ ਜਿੰਦਾ ਸਾੜ ਦਿਤਾ ਗਿਆ ਹੈ। ਮਾਮਲਾ ਵੀਰਵਾਰ ਅੱਧੀ ਰਾਤ ਦਾ ਦੱਸਿਆ ਜਾ ਰਿਹਾ ਹੈ।
ਇਲਾਹਾਬਾਦ : ਮਾਂਡਾ ਵਿਚ ਪਰਵਾਰਕ ਵਿਵਾਦ ਤੋਂ ਬਾਅਦ ਇਕ ਔਰਤ ਅਤੇ ਉਸ ਦੇ ਦੋ ਮਾਸੂਮ ਬੱਚਿਆਂ ਨੂੰ ਜਿੰਦਾ ਸਾੜ ਦਿਤਾ ਗਿਆ ਹੈ। ਮਾਮਲਾ ਵੀਰਵਾਰ ਅੱਧੀ ਰਾਤ ਦਾ ਦੱਸਿਆ ਜਾ ਰਿਹਾ ਹੈ। ਜਦੋਂ ਗੁਆਂਢੀਆਂ ਨੇ ਮਾਸੂਮ ਬੱਚਿਆਂ ਦੀਆਂ ਚੀਕਾਂ ਸੁਣੀਆਂ ਤਾਂ ਉਨ੍ਹਾਂ ਦਾ ਦਿਲ ਦਹਿਲ ਗਿਆ। ਪੁਲਿਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ 'ਤੇ ਪਤੀ ਸਮੇਤ ਪੰਜ ਦੇ ਵਿਰੁਧ ਹੱਤਿਆ ਅਤੇ ਦਾਜ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸੱਸ-ਸਹੁਰਾ, ਜੇਠ-ਜੇਠਾਣੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਜਿਨ੍ਹਾਂ ਕੋਲੋਂ ਮਾਮਲੇ ਸਬੰਧੀ ਪੁਛਗਿਛ ਕੀਤੀ ਜਾ ਰਹੀ ਹੈ।
fire
ਮਾਂਡਾ ਦੇ ਕੋਈਲਾਰੀ ਪਿੰਡ ਦਾ ਰਹਿਣ ਵਾਲਾ ਸ਼ਿਵ ਬਹਾਦਰ ਮੁੰਬਈ ਵਿਚ ਨੌਕਰੀ ਕਰਦਾ ਹੈ। ਵੀਰਵਾਰ ਰਾਤ ਉਸ ਦੇ ਪਿਤਾ ਰਾਜ ਕੁਮਾਰ ਅਤੇ ਮਾਂ ਰਾਮਰੱਤੀ ਦੇਵੀ ਦੇ ਬਾਹਰ ਸੌਂ ਰਹੀਆਂ ਸਨ। ਪਤਨੀ ਗੀਤਾ ਦੇਵੀ ਤਿੰਨ ਸਾਲ ਦੇ ਬੇਟੇ ਕਾਹਨਾ ਅਤੇ 15 ਦਿਨ ਦੇ ਨਵਜੰਮੇ ਬੱਚੇ ਨੂੰ ਲੈ ਕੇ ਕਮਰੇ ਵਿਚ ਸੌਂ ਰਹੀ ਸੀ। ਸ਼ਿਵ ਬਹਾਦਰ ਦੇ ਵੱਡੇ ਭਰਾ ਰਾਮ ਬਹਾਦਰ ਅਤੇ ਭਾਬੀ ਮੀਨਾ ਦੂਜੇ ਕਮਰੇ ਵਿਚ ਸਨ। ਰਾਤ ਨੂੰ ਕਰੀਬ ਦੋ ਵਜੇ ਗੁਆਂਢੀ ਰਾਮ ਖੇਲਾਵਨ ਨੇ ਸ਼ਿਵ ਬਹਾਦਰ ਦੇ ਘਰ ਤੋਂ ਬੱਚਿਆਂ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਹੈਰਾਨ ਰਹਿ ਗਿਆ। ਉਸ ਨੇ ਗੁਆਂਢੀ ਸ਼ੰਕਰ ਲਾਲ ਨੂੰ ਵੀ ਬੁਲਾ ਲਿਆ। ਗੁਆਂਢੀ ਭੱਜ ਕੇ ਸ਼ਿਵ ਬਹਾਦਰ ਦੇ ਘਰ ਪਹੁੰਚੇ। ਉਸ ਸਮੇਂ ਕਮਰੇ ਵਿਚੋਂ ਧੂੰਆਂ ਨਿਕਲ ਰਿਹਾ ਸੀ।
fire
ਕਮਰੇ ਵਿਚ ਮੰਜੇ ਦੇ ਹੇਠਾਂ ਗੀਤਾ ਅਤੇ ਉਸ ਦੇ ਦੋਹੇ ਬੱਚਿਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਪਈਆਂ ਸਨ। ਇਸ ਘਟਨਾ ਨਾਲ ਉਥੇ ਹੜਕੰਪ ਮਚ ਗਿਆ। ਜਾਣਕਾਰੀ ਮਿਲਣ 'ਤੇ ਪਿੰਡ ਦੇ ਸਰਪੰਚ ਵੀ ਥੋੜ੍ਹੀ ਦੇਰ ਵਿਚ ਉਥੇ ਪਹੁੰਚ ਗਏ। ਵਾਰਦਾਤ ਦੀ ਜਾਣਕਾਰੀ ਗੀਤਾ ਦੀ ਮਾਂ ਲਾਲਤੀ ਦੇਵੀ ਨਿਵਾਸੀ ਮਿਰਜ਼ਾਪੁਰ ਨੂੰ ਦਿਤੀ ਗਈ। ਸ਼ੁਕਰਵਾਰ ਸਵੇਰੇ ਲਾਲਤੀ ਦੇਵੀ ਮਾਂਡਾ ਪੁਲਿਸ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਸਹੁਰੇ ਵਾਲਿਆਂ 'ਤੇ ਦਾਜ ਹੱਤਿਆ ਦਾ ਦੋਸ਼ ਲਗਾਇਆ। ਤੀਹਰੇ ਹੱਤਿਆ ਕਾਂਡ ਦੀ ਸੂਚਨਾ ਮਿਲਦੇ ਹੀ ਆਈਜੀ ਰਮਿਤ ਸ਼ਰਮਾ ਵੀ ਮੌਕੇ 'ਤੇ ਪਹੁੰਚੇ ਅਤੇ ਫੋਰੈਂਸਿਕ ਟੀਮ ਦੀ ਮਦਦ ਨਾਲ ਪੜਤਾਲ ਕੀਤੀ।
hand
ਕਮਰੇ ਵਿਚ ਕੋਈ ਦੂਜਾ ਸਮਾਨ ਨਹੀਂ ਸੜਿਆ ਸੀ। ਉਥੇ ਮਿੱਟੀ ਦਾ ਤੇਲ ਵੀ ਰਖਿਆ ਹੋਇਆ ਸੀ। ਗੀਤਾ ਦੇ ਸਹੁਰੇ ਵਾਲਿਆਂ ਦਾ ਕਹਿਣਾ ਸੀ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ। ਪੁਲਿਸ ਨੇ ਗੀਤਾ ਦੀ ਮਾਂ ਦੇ ਬਿਆਨ 'ਤੇ ਪਤੀ, ਸੱਸ-ਸਹੁਰਾ, ਜੇਠ ਅਤੇ ਜੇਠਾਣੀ ਦੇ ਵਿਰੁਧ ਦਾਜ ਹੱਤਿਆ ਅਤੇ ਹੱਤਿਆ ਦੀਆਂ ਧਾਰਾਵਾਂ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਪਤੀ ਤੋਂ ਇਲਾਵਾ ਹੋਰ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਿਆ ਕਿ ਤਿੰਨਾਂ ਦੀ ਮੌਤ ਅੱਗ ਨਾਲ ਸੜਨ ਕਰਕੇ ਹੀ ਹੋਈ ਹੈ।